ਕਣਕ ਨੂੰ ਪਹਿਲਾ ਪਾਣੀ ਬਿਜਾਈ ਦੇ ਚਾਰ ਹਫ਼ਤੇ ਬਾਅਦ ਲਾ ਦਿੱਤਾ ਜਾਵੇ- ਖੇਤੀਬਾੜੀ ਮਹਿਕਮਾ

Last Updated: Dec 02 2019 17:14
Reading time: 1 min, 40 secs

ਮਹਿਕਮਾ ਜ਼ਰਾਇਤ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਣਕ ਨੂੰ ਪਹਿਲਾ ਪਾਣੀ ਬਿਜਾਈ ਦੇ ਚਾਰ ਹਫ਼ਤੇ ਬਾਅਦ ਲਾ ਦਿੱਤਾ ਜਾਵੇ। ਹਲਕੀਆਂ ਜ਼ਮੀਨਾਂ ਵਿੱਚ ਇਹ ਪਾਣੀ ਇੱਕ ਹਫ਼ਤਾ ਪਹਿਲਾਂ ਦੇਣਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦਿਆਂ ਬਲਾਕ ਫ਼ਤਿਹਗੜ੍ਹ ਚੂੜੀਆਂ ਦੇ ਖੇਤੀਬਾੜੀ ਅਧਿਕਾਰੀ ਸ. ਬਲਜਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਪਹਿਲੇ ਪਾਣੀ ਨਾਲ 45 ਕਿੱਲੋ ਯੂਰੀਆ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਲਕੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿੱਚ ਪਹਿਲੇ ਪਾਣੀ ਤੋਂ ਬਾਅਦ ਜ਼ਿੰਕ ਦੀ ਘਾਟ ਆ ਸਕਦੀ ਹੈ। ਜ਼ਿੰਕ ਦੀ ਘਾਟ ਬੂਟੇ ਦੇ ਉੱਪਰਲੇ ਹਿੱਸੇ 'ਤੇ ਤੀਸਰੇ ਜਾਂ ਚੌਥੇ ਪੱਤੇ ਤੇ ਆਉਂਦੀ ਹੈ। ਇਹ ਪੱਤੇ ਲੱਕ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਤੇ ਬਾਅਦ ਵਿੱਚ ਪੱਤੇ ਸੁੱਕ ਕੇ ਟੁੱਟ ਜਾਂਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਖੇਤ ਵਿੱਚ ਨਜ਼ਰ ਆਉਣ ਤਾਂ 25 ਕਿੱਲੋ ਜ਼ਿੰਕ ਸਲਫ਼ੇਟ (21%) ਪ੍ਰਤੀ ਏਕੜ ਨੂੰ ਏਨੀ ਹੀ ਮਿਕਦਾਰ ਵਿੱਚ ਮਿੱਟੀ ਲੈ ਕੇ ਮਿਲਾ ਲਓ ਅਤੇ ਛੱਟਾ ਦੇ ਦਿਓ। 

ਖੇਤੀਬਾੜੀ ਮਾਹਿਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਹਲਕੀਆਂ ਜ਼ਮੀਨਾਂ ਵਿੱਚ ਝੋਨੇ ਤੋਂ ਬਾਅਦ ਬੀਜੀ ਕਣਕ ਉੱਪਰ ਮੈਗਨੀਜ਼ ਦੀ ਘਾਟ ਆ ਸਕਦੀ ਹੈ। ਜੇਕਰ ਪੱਤੇ ਦਾ ਵਿਚਕਾਰਲਾ ਹਿੱਸਾ ਪੀਲਾ ਨਜ਼ਰ ਆਵੇ ਅਤੇ ਪੱਤੇ ਉੱਪਰ ਹਲਕੇ ਪੀਲੇ ਤੋਂ ਸਲੇਟੀ ਗੁਲਾਬੀ ਭੂਰੇ ਰੰਗ ਦੇ ਛੋਟੇ-ਛੋਟੇ ਧੱਬੇ ਪੈ ਜਾਣ ਜੋ ਬਾਅਦ ਵਿੱਚ ਸਲੇਟੀ ਗੁਲਾਬੀ ਧਾਰੀਆਂ ਵਿੱਚ ਬਦਲ ਜਾਂਦੇ ਹਨ ਤਾਂ ਇਹ ਮੈਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਹਨ। ਅਜਿਹਾ ਹੋਣ ਤੇ 0.5 ਪ੍ਰਤੀਸ਼ਤ ਮੈਗਨੀਜ਼ ਸਲਫ਼ੇਟ (1.0 ਕਿੱਲੋ ਮੈਗਨੀਜ਼ ਸਲਫ਼ੇਟ 100 ਲਿਟਰ ਪਾਣੀ ਪ੍ਰਤੀ ਏਕੜ) ਦੇ ਘੋਲ ਦਾ ਛਿੜਕਾਅ ਕਰੋ। ਜਿੱਥੇ ਪਿਛਲੇ ਸਾਲ ਮੈਗਨੀਜ਼ ਦੀ ਘਾਟ ਆਈ ਸੀ ਇੱਕ ਛਿੜਕਾਅ ਪਹਿਲੇ ਪਾਣੀ ਤੋਂ 2-4 ਦਿਨ ਪਹਿਲਾਂ ਅਤੇ ਦੋ-ਤਿੰਨ ਛਿੜਕਾਅ ਪਹਿਲੇ ਪਾਣੀ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਵਕਫ਼ੇ 'ਤੇ ਕਰੋ। ਰੇਤਲੀਆਂ ਜ਼ਮੀਨਾਂ ਵਿੱਚ ਗੰਧਕ ਦੀ ਘਾਟ ਕਾਰਨ ਉੱਪਰਲੇ ਨਵੇਂ ਪੱਤੇ ਹਲਕੇ ਹਰੇ ਅਤੇ ਫਿਰ ਪੀਲੇ ਹੋ ਜਾਂਦੇ ਹਨ ਜਦ ਕਿ ਹੇਠਲੇ ਪੱਤੇ ਹਰੇ ਹੀ ਰਹਿੰਦੇ ਹਨ। ਜੇਕਰ ਇਹੋ ਜਿਹੀਆਂ ਨਿਸ਼ਾਨੀਆਂ ਦਿਖਾਈ ਦੇਣ ਤਾਂ ਇੱਕ ਕੁਇੰਟਲ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਮਾਰੋ ਅਤੇ ਹਲਕਾ ਪਾਣੀ ਦੇ ਦਿਓ। ਜੇਕਰ ਪੀਲੀ ਕੁੰਗੀ ਕਣਕ ਤੇ ਦਿਖਾਈ ਦਿੰਦੀ ਹੈ ਉਸ ਨੂੰ 0.1 ਪ੍ਰਤੀਸ਼ਤ ਟਿਲਟ ਜਾਂ ਸ਼ਾਇਨ ਜਾਂ ਬੰਪਰ ਜਾਂ ਕੰਮਪਾਸ ਜਾਂ ਸਟਿਲਟ ਜਾਂ ਮਾਰਕਜ਼ੋਲ ਦੇ ਘੋਲ ਨਾਲ ਨਸ਼ਟ ਕਰ ਦਿਓ।