ਹੈਦਰਾਬਾਦ 'ਚ ਮਹਿਲਾ ਡਾਕਟਰ ਨਾਲ ਸਮੂਹਿਕ ਬਲਾਤਕਾਰ ਕਰਕੇ ਜਿੰਦਾ ਸਾੜਨ ਵਾਲਿਆਂ ਵਿਰੁੱਧ ਪੀਐਸਯੂ ਵੱਲੋਂ ਜੰਮ ਕੇ ਰੋਸ ਪ੍ਰਦਰਸ਼ਨ !!!

Last Updated: Dec 02 2019 14:50
Reading time: 1 min, 19 secs

ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਆਈਟੀਆਈ ਮੋਗਾ (ਲੜਕੇ) ਅਤੇ ਸਰਕਾਰੀ ਆਈਟੀਆਈ ਮੋਗਾ (ਲੜਕੀਆਂ) ਵਿਖੇ ਹੈਦਰਾਬਾਦ ਵਿਖੇ ਮਹਿਲਾ ਡਾਕਟਰ ਪ੍ਰਿਯੰਕਾ ਰੈੱਡੀ ਨਾਲ ਸਮੂਹਿਕ ਬਲਾਤਕਾਰ ਕਰਕੇ ਜਿੰਦਾ ਸਾੜਨ ਦੇ ਖ਼ਿਲਾਫ਼ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਫ਼ਰੀਦਕੋਟ ਮਹਿਲਾ ਡਾਕਟਰ ਦੇ ਇਨਸਾਫ਼ ਲਈ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਮੌਕੇ ਆਪਣੇ ਆਪਣੇ ਸੰਬੋਧਨ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਜਗਵੀਰ ਕੌਰ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੀਤੇ ਦਿਨੀਂ ਜੋ ਹੈਦਰਾਬਾਦ ਵਿਖੇ ਮਹਿਲਾ ਡਾਕਟਰ ਪ੍ਰਿਯੰਕਾ ਰੈੱਡੀ ਦਾ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਜਿੰਦਾ ਸਾੜ ਦਿੱਤਾ ਗਿਆ, ਉਸ ਘਟਨਾ ਤੋਂ ਬਾਅਦ ਪੂਰੇ ਭਾਰਤ ਦੇ ਅੰਦਰ ਔਰਤ ਵਰਗ ਸੜਕਾਂ 'ਤੇ ਉਤਰ ਆਇਆ ਹੈ।

ਔਰਤਾਂ ਦੇ ਨਾਲ-ਨਾਲ ਇਨਕਲਾਬੀ ਸੋਚ ਰੱਖਣ ਵਾਲੇ ਲੋਕ ਵੀ ਅੱਗੇ ਆਏ ਹਨ, ਜੋ ਕਿ ਬਲਾਤਕਾਰੀਆਂ ਨੂੰ ਸਖ਼ਤ ਸਜਾਵਾਂ ਦੇਣ ਦੀ ਮੰਗ ਕਰ ਰਹੇ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਜਗਵੀਰ ਕੌਰ ਨੇ ਦੋਸ਼ ਲਗਾਇਆ ਕਿ ਕੁਝ ਮਹੀਨੇ ਪਹਿਲੋਂ ਫ਼ਰੀਦਕੋਟ ਵਿੱਚ ਵੀ ਇੱਕ ਮਹਿਲਾ ਡਾਕਟਰ ਦੇ ਨਾਲ ਇੱਕ ਡਾਕਟਰ ਵੱਲੋਂ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਜਿਸ ਦੇ ਇਨਸਾਫ਼ ਖ਼ਾਤਰ ਵਿਦਿਆਰਥੀ ਵਰਗ ਦੇ ਵੱਲੋਂ ਆਰਐਸਐਸ ਦੇ ਆਗੂ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਵੀ ਫ਼ਰੀਦਕੋਟ ਪਹੁੰਚਣ 'ਤੇ ਵਿਰੋਧ ਕੀਤਾ ਗਿਆ ਸੀ, ਪਰ ਹੁਣ ਤੱਕ ਇਨਸਾਫ਼ ਨਹੀਂ ਮਿਲ ਸਕਿਆ।

ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਜਗਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਹੈਦਰਾਬਾਦ ਵਿਖੇ ਪ੍ਰਿਯੰਕਾ ਰੈੱਡੀ ਦੇ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਸਜ਼ਾਵਾਂ ਅਤੇ ਫ਼ਰੀਦਕੋਟ ਮਹਿਲਾ ਡਾਕਟਰ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਵਾਲੇ ਡਾਕਟਰ ਨੂੰ ਸਜ਼ਾ ਨਹੀਂ ਮਿਲ ਜਾਂਦੀ। ਇਸ ਮੌਕੇ 'ਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂਆਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਸੰਘਰਸ਼ ਵਿੱਚ ਵੱਧ ਚੜ ਕੇ ਹਿੱਸਾ ਲੈਣ ਤਾਂ, ਜੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾ ਸਕਣ।