ਸਰਵਿਸ ਦੀ ਛੱਡੋ ਰੇਟ ਵਧਾਉਣਾ ਹੈ ਜ਼ਰੂਰੀ, ਹੁਣ ਮੋਬਾਈਲ ਕੰਪਨੀਆਂ ਨਿਚੋੜਣਗੀਆਂ ਆਮ ਲੋਕਾਂ ਦਾ ਤੇਲ !!!

Last Updated: Dec 02 2019 13:34
Reading time: 2 mins, 18 secs

ਮਹਿੰਗਾਈ ਦੀ ਮਾਰ ਝੱਲ ਰਹੀ ਦੇਸ਼ ਦੀ ਜਨਤਾ ਜੋ ਪਹਿਲਾਂ ਖਾਣ ਵਾਸਤੇ ਪਿਆਜ਼ ਖ਼ਰੀਦਣ ਲਈ ਤਰਲੋਮੱਛੀ ਹੋ ਰਹੀ ਹੈ ਤੇ ਇੱਕ ਵਾਰ ਫੇਰ ਮਹਿੰਗਾਈ ਦੀ ਮਾਰ ਪੈਣ ਜਾ ਰਹੀ ਹੈ। ਇਸ ਵਾਰ ਸਰਕਾਰ ਦੀ ਮਿਲੀਭੁਗਤ ਨਾਲ ਮੋਬਾਈਲ ਕੰਪਨੀਆਂ ਆਮ ਜਨਤਾ ਦੀ ਜੇਬ ਤੇ ਡਾਕਾ ਮਾਰਣਗੀਆਂ ਤੇ ਜਨਤਾ ਦਾ ਕਚੂਮਰ ਕੱਢਿਆ ਜਾਵੇਗਾ।

ਨਸ਼ੇ ਵਾਂਗ ਇੰਟਰਨੈਟ ਦਾ ਚਸਕਾ ਲਗਾ ਚੁੱਕੀਆਂ ਹਨ ਕੰਪਨੀਆਂ

ਜੇਕਰ ਵੇਖਿਆ ਜਾਵੇ ਤਾਂ ਪਹਿਲਾਂ ਮੋਬਾਈਲ ਕੰਪਨੀਆਂ ਨੇ ਆਪਣੇ ਗ੍ਰਾਹਕ ਬਣਾਉਣ ਲਈ ਲੋਕਾਂ ਨੂੰ ਇੰਟਰਨੈਟ ਸਸਤਾ ਮੁਹੱਈਆ ਕਰਵਾ ਕੇ ਅਜਿਹਾ ਚਸਕਾ ਲਗਾਇਆ ਹੈ ਕਿ ਇਹ ਲੱਤ ਹੁਣ ਨਸ਼ੇ ਤੋਂ ਵੀ ਮਾੜੀ ਬਣ ਗਈ ਹੈ। ਅੱਜ ਦੇ ਸਮੇਂ ਵਿੱਚ ਜਦੋਂ ਕਿ ਹਰ ਪਾਸੇ ਤਕਨੀਕੀ ਯੁੱਗ ਹੈ ਅਜਿਹੇ ਵਿੱਚ ਲੋਕਾਂ ਨੇ ਆਪਣੀ ਜੀਵਣਸੈਲੀ ਵੀ ਅਜਿਹੀ ਬਣਾ ਲਈ ਹੈ ਕਿ ਹਰੇਕ ਦੇ ਹੱਥ ਵਿੱਚ ਮੋਬਾਈਲ ਫ਼ੋਨ ਆ ਚੁੱਕਾ ਹੈ ਜਿਸ ਦਾ ਫ਼ਾਇਦਾ ਹੁਣ ਮੋਬਾਈਲ ਕੰਪਨੀਆਂ ਸਰਕਾਰ ਦੀ ਮਿਲੀਭੁਗਤ ਨਾਲ ਚੁੱਕਣਗੀਆਂ। 

ਏਅਰਟੈਲ, ਵੋਡਾਫੋਨ ਅਤੇ ਆਈਡੀਆ ਨੇ ਦਿਖਾਇਆ ਹੈ ਘਾਟਾ

ਜਿਨ੍ਹਾਂ ਕੰਪਨੀਆਂ ਵੱਲੋਂ ਆਪਣੇ-ਆਪਣੇ ਟੈਰਿਫ਼ ਪਲਾਨ ਵਧਾਏ ਜਾ ਰਹੇ ਹਨ ਉਨ੍ਹਾਂ ਵਿੱਚ ਏਅਰਟੈਲ, ਵੋਡਾਫੋਨ ਅਤੇ ਆਈਡੀਆ ਕੰਪਨੀਆਂ ਦਾ ਨਾਂਅ ਪਹਿਲਾਂ ਸਾਹਮਣੇ ਆਇਆ ਸੀ ਤੇ ਇਨ੍ਹਾਂ ਕੰਪਨੀਆਂ ਨੇ ਆਪਣੀ ਬੈਲੰਸਸ਼ੀਟ ਵਿੱਚ ਅਰਬਾਂ ਰੁਪਈਆਂ ਦਾ ਘਾਟਾ ਸ਼ੋਅ ਕੀਤਾ ਹੋਇਆ ਹੈ ਜਿਸ ਨੂੰ ਪੂਰਾ ਕਰਨ ਲਈ ਹੁਣ ਇਨ੍ਹਾਂ ਵੱਲੋਂ ਜਨਤਾ ਤੇ ਬੋਝ ਪਾਇਆ ਜਾਵੇਗਾ।

40 ਫ਼ੀਸਦੀ ਵਧਣ ਦੇ ਆਸਾਰ

ਨਵੇਂ ਟੈਰਿਫਾਂ ਮੁਤਾਬਿਕ ਹੁਣ ਇਹ ਕੰਪਨੀਆਂ ਆਪਣੇ ਨਵੇਂ ਇੰਟਰਨੈਟ ਕਾਲਿੰਗ ਪਲਾਨ ਨੂੰ 40 ਫ਼ੀਸਦੀ ਤੱਕ ਵਧਾਉਣ ਜਾ ਰਹੇ ਹਨ ਜਿਸ ਨਾਲ ਇਕਦਮ ਜਨਤਾ ਤੇ ਮੋਟਾ ਬੋਝ ਪਾਉਣ ਦੀ ਤਿਆਰੀ ਪੂਰੀ ਤਰ੍ਹਾਂ ਕਰ ਲਈ ਗਈ ਹੈ ਤੇ ਹੁਣ ਇਹ ਵੱਧ ਜਾਣਗੇ।

ਸਰਵਿਸ ਮਾੜੀ ਪਰ ਫੇਰ ਵੀ ਵੱਧਗੇ ਰੇਟ

ਲੋਕਾਂ ਦਾ ਕਹਿਣਾ ਹੈ ਕਿ ਆਈਡੀਆ, ਵੋਡਾਫੋਨ ਅਤੇ ਏਅਰਟੈਲ ਤਿੰਨਾਂ ਕੰਪਨੀਆਂ ਦੀ ਸਰਵਿਸ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਤੇ ਕਈ ਇਲਾਕਿਆਂ ਵਿੱਚ ਤਾਂ ਨੈਟਵਰਕ ਬਹੁਤ ਹੀ ਜ਼ਿਆਦਾ ਮਾੜਾ ਹੁੰਦਾ ਹੈ ਪਰ ਫੇਰ ਵੀ ਆਪਣੀ ਸਰਵਿਸ ਠੀਕ ਕਰਨ ਦੀ ਬਜਾਇ ਇਹ ਕੰਪਨੀਆਂ ਲੋਕਾਂ ਤੇ ਨਵੇਂ ਟੈਰਿਫਾਂ ਦਾ ਬੋਝ ਪਾਉਣਗੀਆਂ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਮੋਬਾਈਲ ਕੰਪਨੀਆਂ ਵੱਲੋਂ ਰੇਟ ਵਧਾਏ ਜਾ ਰਹੇ ਹਨ ਇਸ ਲਈ ਸਰਕਾਰ ਨੂੰ ਇਨ੍ਹਾਂ ਤੇ ਲਗਾਮ ਵੀ ਕੱਸਣੀ ਚਾਹੀਦੀ ਹੈ ਕਿਉਂਕਿ ਕੰਪਨੀਆਂ 4ਜੀ ਦੀ ਜਗ੍ਹਾ ਤੇ 3ਜੀ ਸਪੀਡ ਹੀ ਪ੍ਰੋਵਾਇਡ ਕਰਦੀਆਂ ਹਨ। ਇਸ ਤੋਂ ਇਲਾਵਾ ਕਾਲ ਡਰਾਪ ਹੋ ਜਾਂਦੀ ਹੈ, ਕਾਲ ਸਾਇਲੈਂਟ ਹੋ ਜਾਂਦੀ ਹੈ, ਕਾਲ ਮਿਲਦੀ ਹੀ ਨਹੀਂ ਹੈ ਅਜਿਹੀਆਂ ਸਮੱਸਿਆਵਾਂ ਲਈ ਕੋਣ ਜ਼ਿੰਮੇਵਾਰ ਹੈ ਤੇ ਨਾ ਹੀ ਅਜਿਹੀਆਂ ਸ਼ਿਕਾਇਤਾਂ ਦੀ ਕੰਪਨੀਆਂ ਵੱਲੋਂ ਸੁਣਵਾਈ ਹੀ ਕੀਤੀ ਜਾਂਦੀ ਹੈ ਤੇ ਗ੍ਰਾਹਕ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦਾ ਰਹਿੰਦਾ ਹੈ।

ਪ੍ਰਤਾਪ ਬਾਜਵਾ ਨੇ ਦੱਸਿਆ ਸ਼ਰੇਆਮ ਡਾਕਾ 

ਜ਼ਿਲ੍ਹਾ ਗੁਰਦਾਸਪੁਰ ਦੇ ਰਾਜਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੋਬਾਈਲ ਕੰਪਨੀਆਂ ਵੱਲੋਂ ਵਧਾਏ ਜਾਣ ਵਾਲੇ ਰੇਟ ਲਈ ਆਪਣੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਬਾਜਵਾ ਨੇ ਕਿਹਾ ਹੈ ਕਿ ਇਹ ਤਾਂ ਸ਼ਰੇਆਮ ਹੀ ਆਮ ਲੋਕਾਂ ਦੀ ਜੇਬ ਦੇ ਡਾਕਾ ਮਾਰਿਆ ਜਾ ਰਿਹਾ ਹੈ ਪਰ ਸਰਕਾਰ ਸੁੱਤੀ ਪਈ ਹੈ। ਬਾਜਵਾ ਨੇ ਕਿਹਾ ਕਿ ਸਰਵਿਸ ਤਾਂ ਕਿਸੇ ਵੀ ਮੋਬਾਈਲ ਕੰਪਨੀ ਦੀ ਪ੍ਰਾਪਰ ਨਹੀਂ ਮਿਲ ਰਹੀ ਹੈ ਇਸ ਲਈ ਇੰਨੇ ਜ਼ਿਆਦਾ ਰੇਟ ਵਧਾਉਣ ਤਰਕਸੰਗਤ ਨਹੀਂ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।