...ਤੇ ਡੇਅਰੀ ਫਾਰਮਿੰਗ ਦਾ ਧੰਦਾ ਅਪਣਾ ਕੇ ਚੰਗੀ ਕਮਾਈ ਕਰ ਰਿਹੈ ਸਫਲ ਡੇਅਰੀ ਫਾਰਮਰ ਹਰਿੰਦਰ ਕੰਗ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 12:31
Reading time: 2 mins, 25 secs

ਇੱਕ ਪਾਸੇ ਖੇਤੀਬਾੜੀ ਦੇ ਧੰਦੇ 'ਚ ਫਸਲਾਂ ਦੀ ਲਾਗਤ ਦਾ ਉਚਿੱਤ ਮੁੱਲ ਨਾ ਮਿਲਣ ਕਾਰਨ ਘਾਟੇ 'ਚ ਜਾ ਰਹੇ ਕਿਸਾਨ ਕਰਜ਼ਿਆਂ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰਨ ਨੂੰ ਮਜ਼ਬੂਰ ਹੋ ਰਹੇ ਹਨ। ਦੂਜੇ ਪਾਸੇ, ਸੂਬੇ 'ਚ ਅਜਿਹੇ ਵੀ ਕਿਸਾਨ ਹਨ ਜੋ ਕਿ ਸਫਲਤਾਪੂਰਵਕ ਖੇਤੀ ਕਰਕੇ ਚੰਗੀ ਕਮਾਈ ਕਰ ਰਹੇ ਹਨ, ਇਸਦੇ ਨਾਲ ਹੀ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਵਜੋਂ ਡੇਅਰੀ ਫਾਰਮਿੰਗ ਕਰਕੇ ਵਧੀਆ ਕਮਾਈ ਵੀ ਕਰ ਰਹੇ ਹਨ ਅਤੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਰਹੇ ਹਨ। ਇਸੇ ਲੜੀ ਤਹਿਤ ਰਵਾਇਤੀ ਖੇਤੀਬਾੜੀ ਦੇ ਧੰਦੇ ਤੋਂ ਹੱਟ ਕੇ ਡੇਅਰੀ ਫਾਰਮਿੰਗ ਨੂੰ ਖੇਤੀ ਦੇ ਸਹਾਇਕ ਧੰਦੇ ਵਜੋਂ ਅਪਣਾ ਕੇ ਨਜ਼ਦੀਕੀ ਪਿੰਡ ਮਰਵਾ ਦਾ ਅਗਾਂਹਵਧੂ ਕਿਸਾਨ ਹਰਿੰਦਰ ਸਿੰਘ ਕੰਗ ਵਧੇਰੇ ਮੁਨਾਫਾ ਕਮਾ ਕੇ ਇਲਾਕੇ ਦੇ ਕਿਸਾਨਾਂ ਲਈ ਇੱਕ ਮਿਸਾਲ ਪੇਸ਼ ਕਰ ਰਿਹਾ ਹੈ।

ਉਕਤ ਕਿਸਾਨ ਐਚ.ਐਫ ਨਸਲ ਦੀਆਂ ਗਊਆਂ ਪਾਲ ਕੇ ਦੁੱਧ ਦੀ ਖੁਦ ਮਾਰਕੀਟਿੰਗ ਕਰਕੇ ਆਰਥਿਕ ਤੌਰ ਤੇ ਜ਼ਿਆਦਾ ਮੁਨਾਫਾ ਲੈ ਰਿਹਾ ਹੈ। ਸਫਲ ਡੇਅਰੀ ਹਰਿੰਦਰ ਸਿੰਘ ਕੰਗ ਦੇ ਦੱਸਣ ਅਨੁਸਾਰ ਉਸਨੇ ਡੇਅਰੀ ਵਿਕਾਸ ਵਿਭਾਗ ਰਾਹੀਂ ਬੈਂਕ ਤੋਂ 20 ਗਾਵਾਂ ਦਾ ਕੈਟਲ ਸ਼ੈਡ ਬਣਾਉਣ ਲਈ 6 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜਿਸ ਤੇ ਉਸਨੂੰ ਵਿਭਾਗ ਵੱਲੋਂ 1 ਲੱਖ 50 ਹਜ਼ਾਰ ਦੀ ਸਬਸਿਡੀ ਦਿੱਤੀ ਗਈ ਸੀ। ਇਸ ਤੋਂ ਇਲਾਵਾ ਡੇਅਰੀ ਵਿਕਾਸ ਵਿਭਾਗ ਰਾਹੀਂ 20 ਗਊਆਂ ਲਈ 10 ਲੱਖ ਦਾ ਕਰਜ਼ਾ ਲੈ ਕੇ ਡੇਅਰੀ ਫਾਰਮ ਸ਼ੁਰੂ ਕੀਤਾ ਗਿਆ। ਜਦਕਿ ਪਸ਼ੂਆਂ ਦੇ ਬੀਮੇ ਵਜੋਂ 62 ਹਜ਼ਾਰ 250 ਰੁਪਏ ਦੀ ਸਬਸਿਡੀ ਦਿੱਤੀ ਗਈ।

ਜਾਣਕਾਰੀ ਮੁਤਾਬਕ 20 ਗਊਆਂ ਨਾਲ ਡੇਅਰੀ ਫਾਰਮ ਦਾ ਧੰਦਾ ਸ਼ੁਰੂ ਕਰਕੇ ਮੌਜੂਦਾ ਸਮੇਂ 'ਚ ਇਸ ਡੇਅਰੀ ਫਾਰਮਰ ਕੋਲ ਐਚ.ਐਫ ਨਸਲ ਦੀਆਂ 70 ਗਾਵਾਂ ਹਨ ਜੋ ਕਿ ਔਸਤਨ 28 ਕਿੱਲੋ ਤੋਂ 30 ਕਿੱਲੋ ਤੱਕ ਦੁੱਧ ਦਿੰਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਦੁੱਧ ਦੇਣ ਵਾਲੀ ਗਾਂ 45 ਕਿੱਲੋ ਤੱਕ ਦੁੱਧ ਵੀ ਦਿੰਦੀ ਹੈ। ਇਸ ਡੇਅਰੀ ਫਾਰਮਰ ਕੋਲ 8 ਲੱਖ ਦੀ ਲਾਗਤ ਵਾਲੀ ਮਿਲਕ ਵੈਂਡਿੰਗ ਮਸ਼ੀਨ ਅਤੇ ਬਲਕ ਮਿਲਕਿੰਗ ਕੂਲਰ ਵੀ ਹੈ। ਇਸ ਮਸ਼ੀਨ 'ਤੇ ਵੀ ਉਸਨੂੰ ਵਿਭਾਗ ਵੱਲੋਂ 3 ਲੱਖ 19 ਹਜ਼ਾਰ ਦੀ ਸਬਸਿਡੀ ਦਿੱਤੀ ਗਈ ਸੀ। ਉਕਤ ਡੇਅਰੀ ਫਾਰਮਰ ਪਸ਼ੂਆਂ ਲਈ ਸਾਈਲੇਜ ਵੀ ਆਪ ਤਿਆਰ ਕਰਦਾ ਹੈ।

ਡੇਅਰੀ ਫਾਰਮਰ ਹਰਿੰਦਰ ਸਿੰਘ ਕੰਗ ਐਚ.ਐਫ ਨਸਲ ਦੀਆਂ ਗਊਆਂ ਤੋਂ ਮਿਲਦਾ 60 ਫੀਸਦੀ ਦੁੱਧ ਵੇਰਕਾ ਮਿਲਕ ਪਲਾਂਟ ਨੂੰ ਪਾਉਂਦਾ ਹੈ, ਜਦਕਿ ਬਾਕੀ 40 ਫੀਸਦੀ ਦੁੱਧ ਦੀ ਮਾਰਕੀਟਿੰਗ ਆਪ ਖੁਦ ਮੋਹਾਲੀ ਵਿਖੇ ਕਰਦਾ ਹੈ। ਉਸਦਾ ਕਹਿਣਾ ਹੈ ਕਿ ਕਿਸਾਨ ਜੇਕਰ ਆਪਣੀ ਜਿਣਸ ਦੀ ਮਾਰਕੀਟਿੰਗ ਖੁਦ ਕਰਨ ਤਾਂ ਉਹ ਚੰਗਾ ਮੁਨਾਫਾ ਲੈ ਸਕਦੇ ਹਨ ਅਤੇ ਬਜ਼ਾਰ ਦੀ ਮੰਗ ਅਨੁਸਾਰ ਹੀ ਫਸਲਾਂ ਦੀ ਕਾਸ਼ਤ ਕਰਕੇ ਕਿਸਾਨੀ ਨੂੰ ਆਰਥਿਕ ਮੰਦਹਾਲੀ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਸਦਾ ਇਹ ਵੀ ਮੰਨਣਾ ਹੈ ਕਿ ਅੱਜ ਦੇ ਸਮੇਂ ਅੰਦਰ ਕਿਸਾਨਾਂ ਲਈ ਸਹਾਇਕ ਧੰਦੇ ਅਪਣਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਰਵਾਇਤੀ ਫਸਲਾਂ ਜ਼ਿਆਦਾ ਫ਼ਾਇਦੇਮੰਦ ਨਹੀਂ ਰਹੀਆਂ ਜਿਸ ਕਾਰਨ ਸਹਾਇਕ ਧੰਦੇ ਅਪਣਾ ਕੇ ਹੀ ਕਿਸਾਨ ਚੰਗੀ ਕਮਾਈ ਕਰ ਸਕਦੇ ਹਨ।

ਉਸਦਾ ਕਹਿਣਾ ਕਿ ਖੇਤੀ ਦੇ ਸਹਾਇਕ ਧੰਦੇ ਵਜੋਂ ਡੇਅਰੀ ਦਾ ਧੰਦਾ ਸਭ ਤੋਂ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ ਅਤੇ ਇਹ ਧੰਦਾ ਸ਼ੁਰੂ ਕਰਨ ਲਈ ਡੇਅਰੀ ਵਿਕਾਸ ਵਿਭਾਗ ਵੱਲੋਂ ਸਬਸਿਡੀ ਵੀ ਦਿੱਤੀ ਜਾਂਦੀ ਹੈ। ਡੇਅਰੀ ਉਦਯੋਗ ਅਜਿਹਾ ਧੰਦਾ ਹੈ ਜਿਸ ਤੇ ਘੱਟ ਮਿਹਨਤ ਨਾਲ ਵਧੇਰੇ ਮੁਨਾਫਾ ਕਮਾਇਆ ਜਾ ਸਕਦਾ ਹੈ ਅਤੇ ਆਉਣ ਵਾਲੇ ਸਮੇਂ ਅੰਦਰ ਇਸ ਧੰਦੇ ਦਾ ਹੋਰ ਵੀ ਵਿਸਤਾਰ ਹੋਵੇਗਾ।