ਕੀ, ਕਦੇ ਇੱਕ ਹੋ ਕੇ ਬੈਠ ਪਾਏਗਾ ਸਿੱਖ਼ ਸਮਾਜ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Dec 02 2019 12:22
Reading time: 2 mins, 28 secs

ਸ਼ਾਇਦ ਕੋਈ ਵਿਰਲਾ ਹੀ ਹੋਵੇਗਾ ਜਿਹੜਾ, ਸਿੱਖ਼ਾਂ ਦੇ ਸਿਆਸੀ ਅਤੇ ਧਾਰਮਿਕ ਆਗੂਆਂ ਦੀ ਕੁੱਕੜ ਜੰਗ ਤੋਂ ਨਾ-ਵਾਕਿਫ਼ ਹੋਵੇਗਾ। ਕੋਈ ਵੇਲਾ ਸੀ ਜਦੋਂ ਸੂਬਾ ਪੰਜਾਬ ਦਿੱਲੀ ਤੋਂ ਕਾਬੁਲ ਕੰਧਾਰ ਤੱਕ ਫ਼ੈਲਿਆ ਹੋਇਆ ਸੀ। ਸਿੱਖ਼ਾਂ ਦੀ ਆਪਸੀ ਲੜਾਈਆਂ ਤੇ ਖ਼ਹਿਬਾਜ਼ੀਆਂ ਦੇ ਚੱਲਦਿਆਂ ਇਹ ਵਿਸ਼ਾਲ ਸੂਬਾ ਅੱਜ ਮਹਿਜ਼ ਇੱਕ ਨਿੱਕੀ ਜਿਹੀ ਸੂਬੀ ਬਣ ਕੇ ਰਹਿ ਗਿਆ ਹੈ। ਹੁਣ ਤਾਂ ਸਿੱਖ਼ ਪੰਜਾਬ ਵਿੱਚ ਹੀ ਤੇਜ਼ੀ ਨਾਲ ਘੱਟ ਗਿਣਤੀ ਵੱਲ ਵੱਧ ਰਹੇ ਹਨ। ਲੋਕ ਗੱਲਾਂ ਕਰਦੇ ਹਨ ਕਿ, ਪੰਜਾਬ ਨੂੰ ਤਾਂ ਲੀਡਰਾਂ ਦੀਆਂ ਲੀਡਰੀਆਂ ਤੇ ਉਹਨਾਂ ਦੀਆਂ ਖ਼ਾਨਾਜੰਗੀਆਂ ਨੇ ਹੀ ਖ਼ਾ ਲਿਆ।

ਵੈਸੇ ਤਾਂ ਸਿੱਖ਼ਾਂ ਦੀਆਂ ਆਪਸੀ ਲੜਾਈਆਂ ਮੁਗਲਾਂ ਦੇ ਵੇਲਿਆਂ ਤੋਂ ਹੀ ਚੱਲੀਆਂ ਆ ਰਹੀਆਂ ਹਨ, ਪਰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਤਾਂ ਜਾਪਦਾ ਨਹੀਂ ਇਹ ਕਦੇ ਵੀ ਕਿਸੇ ਮੰਚ ਤੇ ਇੱਕ ਹੋ ਕੇ ਬੈਠੇ ਹੋਣਗੇ। ਅਲੋਚਕਾਂ ਅਨੁਸਾਰ, ਜਿੰਨਾ ਨੁਕਸਾਨ ਖ਼ੁਦ ਸਿੱਖ਼ਾਂ ਨੇ ਹੀ ਸਿੱਖ਼ਾਂ ਦਾ ਕੀਤਾ ਹੈ, ਸਾਇਦ ਓਨਾ ਕਿਸੇ ਹੋਰ ਕੌਮ ਨੇ ਨਹੀਂ, ਯਾਨੀ ਕਿ ਦੁਸ਼ਮਣਾਂ ਦੀ ਲੋੜ ਹੀ ਨਹੀਂ ਹੈ, ਇਸ ਕੌਮ ਨੂੰ, ਆਪਣੇ ਹੀ ਬਥੇਰੇ ਹਨ।

ਦੋਸਤੋ, ਜੇਕਰ ਕਿਸੇ ਨੂੰ ਯਕੀਨ ਨਹੀਂ ਆਉਂਦਾ ਤਾਂ ਉਹ ਕਾਲੇ ਦੌਰ ਦੇ ਕਿੱਸੇ ਕਹਾਣੀਆਂ ਨੂੰ ਚੇਤੇ ਕਰ ਲਵੇ, ਸੁਣਿਐ ਕਿ, ਸ਼ਮਸ਼ਾਨਘਾਟਾਂ ਵਿੱਚ ਵੀ ਥਾਂ ਨਹੀਂ ਸੀ ਮਿਲਦੀ ਉਹਨਾਂ ਦਿਨਾਂ ਵਿੱਚ, ਤੇ ਇਸ ਸਭ ਦੀ ਵਜ੍ਹਾ ਕੀ ਅਤੇ ਕੌਣ ਸਨ, ਇਸ ਸਵਾਲ ਦਾ ਜਵਾਬ ਉਹ ਲੋਕ ਭਲੀਭਾਂਤੀ ਜਾਣਦੇ ਹਨ, ਜਿਹਨਾਂ ਨੇ ਕਾਲੇ ਦੌਰ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਸੀ। ਦੋਸਤੋ, ਇੱਕ-ਦੂਜੇ ਦੀਆਂ ਲੱਤਾਂ ਖਿੱਚਣ ਦੀ ਆਦਤ ਨੇ ਹੀ ਸਿੱਖ਼ ਸਮਾਜ ਨੂੰ ਅੱਜ ਕੱਖ਼ਾਂ ਨਾਲੋਂ ਵੀ ਹੌਲਾ ਕਰਕੇ ਰੱਖ਼ ਦਿੱਤਾ ਹੈ। ਲੋਕ ਹੱਸਦੇ ਹਨ, ਸਿਖ਼ਾਂ ਦੀ ਹੋ ਚੁੱਕੀ ਤਰਸਯੋਗ ਹਾਲਤ ਤੇ ਅਤੇ ਕੋਸਦੇ ਹਨ, ਤਰਸਯੋਗ ਹਾਲਤ ਦੀ ਵਜ੍ਹਾ ਬਣ ਰਹੇ ਸਿੱਖ਼ਾਂ ਦੀ ਲੀਡਰਸ਼ਿਪ ਤੇ ਵੀ।

ਦੋਸਤੋ, ਗੱਲ ਜੇਕਰ ਅੱਜ ਦੀ ਹੀ ਕਰੀਏ ਤਾਂ, ਪਿਛਲੇ ਲੰਬੇ ਸਮੇਂ ਤੋਂ ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆਂ ਦਾ ਕੁਝ ਹੋਰਨਾਂ ਸਿੱਖ਼ ਜੱਥੇਬੰਦੀਆਂ ਅਤੇ ਨਾਲ ਪੇਚਾ ਪਿਆ ਹੋਇਆ ਹੈ। ਢਡਰੀਆਂ ਵਾਲੇ ਖ਼ੁਦ ਨੂੰ ਜਦਕਿ ਉਹਨਾਂ ਦੀਆਂ ਵਿਰੋਧੀਆਂ ਧਿਰਾਂ ਖ਼ੁਦ ਨੂੰ ਸਹੀ ਸਾਬਤ ਕਰਨ ਦੀ ਦੌੜ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਇਸ ਦੌੜ ਨੂੰ ਜਿੱਤਣ ਲਈ ਦੋਵੇਂ ਆਪੋ ਆਪਣੇ ਸਾਧਨਾਂ ਤੇ ਮਾਧਿਅਮਾਂ ਰਾਹੀਂ ਇੱਕ-ਦੂਜੇ ਤੇ ਦੱਬ ਕੇ ਚਿੱਕੜ ਉਛਾਲ ਰਹੀਆਂ ਹਨ।

ਮੁੱਕਦੀ ਗੱਲ ਦੋਹਾਂ ਧਿਰਾਂ ਦਰਮਿਆਨ ਕਲਾਹ ਕਲੇਸ਼ ਇੰਨਾ ਕੁ ਵੱਧ ਗਿਆ ਹੈ ਕਿ, ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਪੁੱਜਾ ਹੈ। ਖ਼ਬਰਾਂ ਆ ਰਹੀਆਂ ਹਨ ਕਿ, ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕਰਕੇ ਰਿਪੋਰਟ ਮੰਗ ਲਈ ਹੈ। ਖ਼ਬਰਾਂ ਹਨ ਕਿ, ਜੇਕਰ ਰਿਪੋਰਟ ਮਾੜੀ ਆਈ ਤਾਂ ਇਹ ਢਡਰੀਆਂ ਵਾਲਿਆਂ ਦੀਆਂ ਮੁਸੀਬਤਾਂ ਵਿੱਚ ਵਾਧਾ ਕਰ ਸਕਦੀ ਹੈ।

ਦੋਸਤੋ, ਢਡਰੀਆਂ ਵਾਲਿਆਂ ਤੇ ਕੀ ਇਲਜ਼ਾਮ ਹਨ? ਕਿਸਨੇ ਲਗਾਏ ਹਨ? ਇਹਨਾਂ ਸਵਾਲਾਂ ਦੇ ਜਵਾਬ ਤਾਂ ਤੁਹਾਨੂੰ ਹੁਣ ਤੱਕ ਤਾਂ ਲੱਭ ਹੀ ਗਏ ਹੋਣਗੇ, ਪਰ ਵੱਡਾ ਸਵਾਲ ਤਾਂ ਇਹ ਹੈ ਕਿ, ਆਖ਼ਰ ਢਡਰੀਆਂ ਵਾਲਿਆਂ ਦੇ ਖ਼ਿਲਾਫ਼ ਕੀ ਕਾਰਵਾਈ ਹੋਵੇਗੀ, ਜੇਕਰ, ਹੋਈ ਤਾਂ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਕੀ ਹੋਵੇਗਾ, ਇਹ ਵੀ ਆਉਣ ਵਾਲੇ ਚੰਦ ਦਿਨਾਂ ਵਿੱਚ ਸਾਫ਼ ਹੋ ਹੀ ਜਾਣਾ ਹੈ। ਪਰ ਵੱਡਾ ਸਵਾਲ ਤਾਂ ਇਹ ਹੈ ਕਿ, ਕੀ, ਕਦੇ ਇੱਕ ਹੋ ਕੇ ਬੈਠ ਪਾਏਗਾ ਸਿੱਖ਼ ਸਮਾਜ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।