ਫੁੱਟਬਾਲ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਨਵੀਂ ਜ਼ਿਲ੍ਹਾ ਕਮੇਟੀ ਗਠਿਤ, ਹਰਜੀਤ ਗਿੱਲ ਬਣੇ ਪ੍ਰਧਾਨ.!!

Last Updated: Dec 01 2019 17:39
Reading time: 0 mins, 58 secs

ਪੰਜਾਬ ਫੁੱਟਬਾਲ ਐਸੋਸੀਏਸ਼ਨ (ਪੀ.ਐਫ.ਏ.) ਵੱਲੋਂ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਫ਼ਿਰੋਜ਼ਪੁਰ ਦੀ ਨਵੀਂ ਜ਼ਿਲ੍ਹਾ ਪੱਧਰੀ ਕਮੇਟੀ ਚੁਣੀ ਗਈ ਹੈ ਅਤੇ ਸਾਬਕਾ ਫੁੱਟਬਾਲ ਖਿਡਾਰੀ ਹਰਜੀਤ ਸਿੰਘ ਗਿੱਲ ਨੂੰ ਸਰਬ ਸੰਮਤੀ ਨਾਲ ਜ਼ਿਲਾ ਪ੍ਰਧਾਨ ਚੁਣਿਆ ਗਿਆ। ਇਹ ਚੋਣ ਮੀਟਿੰਗ ਪੀ.ਐਫ.ਏ. ਦੇ ਅਬਜਰਵਰ ਅਤੇ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਬਰਨਾਲਾ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਸ਼ਰਮਾ, ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਵਿਜੇ ਕੁਮਾਰ ਬਾਲੀ, ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਮੋਗਾ ਦੇ ਜਨਰਲ ਸਕੱਤਰ ਪਲਵਿੰਦਰ ਸਿੰਘ, ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਦੇ ਵਿਕਾਸ ਅਫ਼ਸਰ ਪੰਜਾਬ ਹਰਦੀਪ ਸਿੰਘ ਸੈਣੀ ਦੀ ਦੇਖ-ਰੇਖ ਹੇਠ ਹੋਈ।

ਜ਼ਿਲ੍ਹਾ ਐਸੋਸੀਏਸ਼ਨ ਵਿੱਚ ਹਰਪ੍ਰੀਤ ਸਿੰਘ ਬੈਂਸ ਨੂੰ ਜ਼ਿਲ੍ਹਾ ਜਨਰਲ ਸਕੱਤਰ, ਜਸਵੰਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਭਾਗੋ ਕੇ ਨੂੰ ਖਜਾਨਚੀ, ਅਮਨਦੀਪ ਸਿੰਘ ਦਿਓਲ ਨੂੰ ਸੰਯੁਕਤ ਸਕੱਤਰ, ਲਵਦੀਪ ਸਿੰਘ ਫੁੱਟਬਾਲ ਕੋਚ ਨੂੰ ਮੈਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਪੀ.ਐਫ.ਏ. ਨੌਜਵਾਨਾਂ ਨੂੰ ਫੁੱਟਬਾਲ ਖੇਡ ਪ੍ਰਤੀ ਉਤਸ਼ਾਹਿਤ ਲਈ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨਾਲ ਸਬੰਧਿਤ ਖਿਡਾਰੀਆਂ ਨੂੰ ਮਾਲੀ ਸਹਾਇਤਾ ਵੀ  ਦਿੱਤੀ ਜਾਵੇਗੀ। ਇਸ ਮੌਕੇ 10 ਫੁੱਟਬਾਲ ਕਲੱਬਾਂ ਦੇ ਅਹੁਦੇਦਾਰ ਅਤੇ ਹੋਰ ਮੈਬਰ ਵੀ ਹਾਜਰ ਸਨ। ਚੋਣ ਉਪਰੰਤ ਪ੍ਰਧਾਨ ਹਰਜੀਤ ਸਿੰਘ ਗਿੱਲ ਨੇ ਇਸ ਚੋਣ ਲਈ ਸਭਨਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਫੁੱਟਬਾਲ ਨੂੰ ਉਤਸ਼ਾਹਿਤ ਕਰਨ ਲਈ ਪੂਰਾ ਤਾਣ ਲਾਉਣਗੇ।