ਸਰਹੱਦ 'ਤੇ ਫਿਰ ਹੋਇਆ ਡਰੋਨ ਦਾ ਡਰਾਮਾ !!! (ਵਿਅੰਗ)

Last Updated: Nov 21 2019 13:59
Reading time: 2 mins, 35 secs

ਪੰਜਾਬ ਦੀਆਂ ਸਰਹੱਦਾਂ 'ਤੇ ਡਰੋਨਾਂ ਦਾ ਜਦੋਂ ਤੋਂ ਰੌਲਾ ਪਿਆ ਹੈ, ਕਈ ਲੋਕਾਂ ਦੇ ਤਾਂ ਸਾਹ ਹੀ ਸੁੱਕ ਗਏ ਹਨ। ਕਹਿੰਦੇ ਹਨ ਕਿ ਡਰੋਨ ਆਪਣੇ ਨਾਲ ਹਥਿਆਰ ਬੰਨ੍ਹ ਕੇ ਸਰਹੱਦਾਂ 'ਤੇ ਘੁੰਮਦਾ ਹੈ। ਪਰ ਕਹਿਣ ਵਾਲਿਆਂ ਨੂੰ ਕੌਣ ਸਮਝਾਵੇ ਕਿ ਡਰੋਨਾਂ ਤਾਂ ਖ਼ੁਦ ਹੀ ਹੌਲਾ ਰਿਹਾ ਹੁੰਦਾ ਹੈ, ਉਹ ਕਿਵੇਂ ਇੰਨਾ ਭਾਰ ਚੁੱਕ ਸਕਦੈ? ਸਰਹੱਦਾਂ 'ਤੇ ਡਰੋਨਾਂ ਦੀ ਹਵਾ ਇਸ ਕਦਰ ਸੁਰੱਖਿਆ ਏਜੰਸੀਆਂ ਦੇ ਸੀਨੇ ਲੱਗ ਰਹੀ ਹੈ ਕਿ ਹੁਣ ਏਜੰਸੀਆਂ ਵੀ ਬਿਨਾਂ ਜਾਂਚ ਕੀਤਿਆਂ ਹੀ ਅਫ਼ਵਾਹਾਂ ਫੈਲਾ ਰਹੀਆਂ ਹਨ।

ਦੱਸ ਦਈਏ ਕਿ ਕੁਝ ਸਮਾਂ ਪਹਿਲੋਂ ਤਰਨਤਾਰਨ ਵਿਖੇ ਇੱਕ ਬੰਬ ਧਮਾਕਾ ਹੋਇਆ ਸੀ, ਜਿਸ ਦੇ ਵਿੱਚ ਦੋ ਨੌਜਵਾਨ ਮਾਰੇ ਗਏ ਸਨ। ਉਨ੍ਹਾਂ ਨੌਜਵਾਨਾਂ ਦਾ ਸਬੰਧ ਕੁਝ ਅੱਤਵਾਦੀਆਂ ਦੇ ਨਾਲ ਦੱਸਿਆ ਜਾ ਰਿਹਾ ਸੀ, ਜਿਸ ਦੇ ਸਬੰਧ ਵਿੱਚ ਭਾਰਤ ਦੀ ਇੱਕ ਏਜੰਸੀ ਨੇ ਤਰਨਤਾਰਨ ਤੋਂ ਕੁਝ ਨੌਜਵਾਨ ਚੁੱਕ ਲਏ ਸਨ, ਜਿਨ੍ਹਾਂ ਦੇ ਕਬਜ਼ੇ ਵਿੱਚੋਂ ਏਜੰਸੀ ਨੇ ਹਥਿਆਰ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਸੀ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਫੜੇ ਗਏ ਨੌਜਵਾਨਾਂ ਨੇ ਇਹ ਹਥਿਆਰ ਪਾਕਿਸਤਾਨ ਤੋਂ ਡਰੋਨ ਦੇ ਜਰੀਏ ਮੰਗਵਾਏ ਹਨ।

ਦੋਸਤੋ, ਹੁਣ ਸਵਾਲ ਉੱਠਦਾ ਹੈ ਕਿ ਡਰੋਨ ਦੇ ਜਰੀਏ ਕੀ ਭਾਰਤੀ ਹੱਦ ਦੇ ਅੰਦਰ ਹਥਿਆਰ ਆ ਸਕਦੇ ਹਨ? ਜੇਕਰ ਡਰੋਨਾਂ ਦੇ ਜਰੀਏ ਹਥਿਆਰ ਸਰਹੱਦ ਪਾਰ ਕਰਕੇ ਆ ਸਕਦੇ ਹਨ ਤਾਂ ਸਰਹੱਦਾਂ 'ਤੇ ਤਾਇਨਾਤ ਸਾਡੀਆਂ ਸੁਰੱਖਿਆ ਫੋਰਸਾਂ ਕੀ ਕਰ ਰਹੀਆਂ ਹਨ? ਕੀ ਸਰਹੱਦਾਂ ਦੀ ਰਾਖੀ ਕਰਦੀਆਂ ਫੋਰਸਾਂ ਨੂੰ ਭਾਰਤ ਦੀ ਕੋਈ ਫ਼ਿਕਰ ਨਹੀਂ ਹੈ? ਕੀ ਸੁਰੱਖਿਆ ਫੋਰਸਾਂ ਦੇ ਕੋਲ ਅਜਿਹਾ ਕੋਈ ਵੀ ਪ੍ਰੋਜੈਕਟ ਨਹੀਂ ਹੈ, ਜਿਸ ਦੇ ਨਾਲ ਸਰਹੱਦਾਂ 'ਤੇ ਉੱਡਦੇ ਡਰੋਨਾਂ ਨੂੰ ਰੋਕਿਆ ਜਾ ਸਕੇ? ਕੀ ਭਾਰਤ ਦੇ ਨਾਲੋਂ ਪਾਕਿਸਤਾਨ ਜ਼ਿਆਦਾ ਹਾਈਟੈਕ ਹੋ ਗਿਆ ਹੈ?

ਅਜਿਹੇ ਕਈ ਸਾਰੇ ਸਵਾਲ ਹਨ, ਜਿਨ੍ਹਾਂ ਦਾ ਜਵਾਬ ਕੋਈ ਵੀ ਏਜੰਸੀ ਦਾ ਅਧਿਕਾਰੀ ਦੇਣ ਨੂੰ ਤਿਆਰ ਨਹੀਂ। ਜੇਕਰ ਕੋਈ ਵੀ ਪੱਤਰਕਾਰ ਜਾਂ ਫਿਰ ਬੁੱਧੀਜੀਵੀ ਅਧਿਕਾਰੀਆਂ ਦੇ ਨਾਲ ਸਰਹੱਦਾਂ 'ਤੇ ਉੱਡਦੇ ਡਰੋਨਾਂ ਦੇ ਬਾਰੇ ਵਿੱਚ ਪੁੱਛਦਾ ਹੈ ਤਾਂ ਅਧਿਕਾਰੀਆਂ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਇਹ ਡਰੋਨ ਪਾਕਿਸਤਾਨ ਤੋਂ ਆ ਰਹੇ ਹਨ ਅਤੇ ਪਾਕਿਸਤਾਨ ਡਰੋਨਾਂ ਜਰੀਏ ਭਾਰਤ ਦੇ ਅੰਦਰ ਹਥਿਆਰ ਭੇਜ ਰਿਹਾ ਹੈ। ਜਦੋਂਕਿ ਸਰਹੱਦਾਂ 'ਤੇ ਸੁਰੱਖਿਆ ਸਬੰਧੀ ਪੁੱਛੇ ਗਏ ਸਵਾਲਾਂ ਦਾ ਕੋਈ ਵੀ ਅਧਿਕਾਰੀ ਪੁਖ਼ਤਾ ਜਵਾਬ ਦੇਣ ਨੂੰ ਤਿਆਰ ਨਹੀਂ।

ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਸਰਹੱਦਾਂ 'ਤੇ ਜੇਕਰ ਪਾਕਿਸਤਾਨ ਡਰੋਨ ਭੇਜ ਰਿਹਾ ਹੈ ਤਾਂ, ਭਾਰਤ ਨੂੰ ਵੀ ਆਪਣੀ ਤਾਕਤ ਵਿਖਾਉਣੀ ਚਾਹੀਦੀ ਹੈ। ਭਾਰਤ ਕਿਉਂ ਚੁੱਪ ਹੈ? ਕੀ ਭਾਰਤ ਸਰਕਾਰ ਜਾਂ ਫਿਰ ਏਜੰਸੀਆਂ ਦੇ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦੀ ਕਿਤੇ ਕੋਈ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ? ਕੀ ਏਜੰਸੀਆਂ ਤਾਂ ਨਾ ਇਹ ਸਾਰੇ ਡਰੋਨ ਪੰਜਾਬ ਦੀਆਂ ਸਰਹੱਦਾਂ 'ਤੇ ਉਡਾ ਰਹੀਆਂ? ਇਨ੍ਹਾਂ ਮਾਮਲਿਆਂ ਦੀ ਜੇਕਰ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਵੇ ਤਾਂ, ਸੱਚ ਲੱਗਦੈ ਇਹ ਸਾਹਮਣੇ ਆਵੇਗਾ ਕਿ ਜੋ ਕੁਝ ਵੀ ਸਰਹੱਦਾਂ 'ਤੇ ਹੋ ਰਿਹਾ ਹੈ ਉਹ ਭਾਰਤੀ ਏਜੰਸੀਆਂ ਹੀ ਕਰ ਰਹੀਆਂ ਹਨ।

ਦੋਸਤੋ, ਜੇਕਰ ਆਪਾਂ ਵਿਅੰਗਕਾਰਾਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਉਹ ਤਾਂ 6 ਸੈਕਿੰਡ ਦੇ ਵਿੱਚ ਹੀ ਪਾਕਿਸਤਾਨ ਨੂੰ ਇਸ ਤਰ੍ਹਾਂ ਤਬਾਹ ਕਰ ਦੇਣਗੇ ਕਿ ਪਾਕਿਸਤਾਨ ਦਾ ਨਕਸ਼ਾਂ ਹੀ ਦੁਨੀਆ ਦੇ ਨਕਸ਼ੇ ਵਿੱਚੋਂ ਗ਼ਾਇਬ ਹੋ ਜਾਵੇਗਾ। ਪਰ ਮੋਦੀ ਸਾਹਿਬ ਦੇ ਫ਼ੌਜੀ 6 ਸੈਕਿੰਡ ਵਿੱਚ ਪਾਕਿਸਤਾਨ ਤਾਂ ਉਡਾ ਸਕਦੇ ਹਨ, ਪਰ ਸਰਹੱਦਾਂ 'ਤੇ ਉੱਡਦੇ ਡਰੋਨ ਨਹੀਂ ਫੜ ਸਕਦੇ। ਕਿਤੇ ਸਰਕਾਰ ਦੀ ਚਾਲ ਤਾਂ ਨਹੀਂ, ਕਿ ਪੰਜਾਬ ਨੂੰ ਅੱਤਵਾਦੀ ਘੋਸ਼ਿਤ ਕਰਕੇ ਹੀ ਸਾਹ ਲਿਆ ਜਾਵੇਗਾ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।