ਹੰਸਰਾਜ ਹਸਪਤਾਲ ਦੇ ਨਸ਼ਾ ਛਡਾਓ ਕੇਂਦਰ ਦਾ ਲਾਇਸੈਂਸ ਰੱਦ, ਸਿਹਤ ਵਿਭਾਗ ਨੇ ਜਾਰੀ ਕੀਤਾ ਕਾਰਨ ਦੱਸੋ ਨੋਟਿਸ

Last Updated: Nov 19 2019 18:58
Reading time: 1 min, 27 secs

ਸਿਹਤ ਵਿਭਾਗ ਨੇ ਮੋਗਾ ਰੋਡ ਸਥਿਤ ਹੰਸਰਾਜ ਸੁਪਰਸਪੈਸ਼ਲਿਟੀ ਹਸਪਤਾਲ ਦੇ ਨਸ਼ਾ ਛਡਾਓ ਕੇਂਦਰ ਦਾ ਲਾਇਸੈਂਸ ਰੱਦ ਕਰ ਦਿੱਤਾ, ਨਾਲ ਹੀ ਹਸਪਤਾਲ ਨੂੰ ਇੱਕ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਹੈ। ਨੋਟਿਸ ਵਿੱਚ ਹਸਪਤਾਲ ਮੈਨੇਜਮੈਂਟ ਤੋਂ ਪੁੱਛਿਆ ਗਿਆ ਹੈ ਕਿ ਕਿਉਂ ਨਾ ਤੁਹਾਡਾ ਲਾਇਸੈਂਸ ਪੱਕੇ ਤੌਰ ਤੇ ਰੱਦ ਕੀਤਾ ਜਾਏ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਚੰਦਰ ਗੈਂਦ ਵੱਲੋਂ ਗਠਿਤ ਇੱਕ ਸਪੈਸ਼ਲ ਟੀਮ ਨੇ ਹਸਪਤਾਲ ਵਿੱਚ ਅਚਨਚੇਤ ਚੈਕਿੰਗ ਕਰਕੇ ਨਸ਼ਾ ਛਡਾਓ ਕੇਂਦਰ ਦੀ ਖ਼ਾਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਹਸਪਤਾਲ ਵਿੱਚ ਮਨੋਚਿਕਿਤਸਕ ਦੀ ਜਗ੍ਹਾ ਕੋਈ ਹੋਰ ਡਾਕਟਰ ਮਰੀਜ਼ਾਂ ਨੂੰ ਨਸ਼ਾ ਛੜਾਉਣ ਦੀ ਦਵਾਈਆਂ ਦੇ ਰਿਹਾ ਹੈ, ਜੋ ਕਿ ਇਸ ਕੰਮ ਲਈ ਠੀਕ ਨਹੀਂ ਹੈ। ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਡਾਕਟਰੀ ਕਾਰਡ ਤੇ ਕਿਸੇ ਵੀ ਡਾਕਟਰ ਦੇ ਹਸਤਾਖ਼ਰ ਨਹੀਂ ਸਨ, ਇਸ ਤੋਂ ਇਲਾਵਾ ਨਸ਼ਾਂ ਛਡਾਓ ਕੇਂਦਰ ਵਿੱਚ ਹੋਰ ਵੀ ਕਮੀਆਂ ਜਾਂਚ ਦੌਰਾਨ ਸਾਹਮਣੇ ਆਈਆਂ।

ਏ.ਡੀ.ਸੀ(ਜ) ਰਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਚਾਰ ਮੈਂਬਰ ਜਾਂਚ ਟੀਮ ਨੇ ਆਪਣੀ ਰਿਪੋਰਟ ਬਣਾ ਕੇ ਸਿਹਤ ਵਿਭਾਗ ਨੂੰ ਭੇਜੀ। ਡਾਇਰੈਕਟਰ ਸਿਹਤ ਵਿਭਾਗ ਨੇ ਕਮੇਟੀ ਰਿਪੋਰਟ ਦੀ ਜਾਂਚ ਕਰਨ ਉਪਰੰਤ ਹਸਪਤਾਲ ਦੇ ਨਸ਼ਾ ਛਡਾਓ ਕੇਂਦਰ ਦਾ ਲਾਇਸੈਂਸ ਰੱਦ ਕਰ ਦਿੱਤਾ ਅਤੇ ਹਸਪਤਾਲ ਮੈਨੇਜਮੈਂਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਲਾਇਸੈਂਸ ਪੱਕੇ ਤੌਰ ਤੇ ਰੱਦ ਨਾ ਕਰਨ ਦਾ ਕਾਰਨ ਦੱਸਣ ਲਈ ਕਿਹਾ ਗਿਆ ਹੈ। ਨੋਟਿਸ ਦੇ ਜਵਾਬ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਨਿਯਮਾਂ ਅਨੁਸਾਰ ਨਸ਼ਾ ਛਡਾਓ ਕੇਂਦਰ ਚਲਾਉਣ ਵਾਲਿਆਂ ਦੇ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਨਸ਼ਾ ਛਡਾਓ ਕੇਂਦਰਾਂ ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ, ਜਿੱਥੇ ਵੀ ਕਮੀ ਨਜ਼ਰ ਆਏਗੀ ਉੱਥੇ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮਾਫ਼ ਨਹੀਂ ਕੀਤਾ ਜਾਏਗਾ। ਉਨ੍ਹਾਂ ਨਸ਼ਾ ਛਡਾਓ ਕੇਂਦਰ ਚਲਾਉਣ ਵਾਲੀਆਂ ਨੂੰ ਕਿਹਾ ਕਿ ਉਹ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡ ਦੇ ਤਹਿਤ ਹੀ ਆਪਣੇ ਕੇਂਦਰਾਂ ਨੂੰ ਚਲਾਉਣ।