ਡਕੈਤਾਂ ਦੀ ਯੋਜਨਾ ਨੇ ਚੜ ਜਾਣਾ ਸੀ ਸਿਰੇ, ਜੇਕਰ !!!

Last Updated: Nov 19 2019 17:20
Reading time: 1 min, 2 secs

ਪਟਿਆਲਾ ਪੁਲਿਸ ਨੇ ਇੱਕ ਅਜਿਹੇ ਡਕੈਤ ਗਿਰੋਹ ਦਾ ਪਰਦਾਫ਼ਾਸ਼ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ, ਜਿਹੜਾ ਕਿ ਪਟਿਆਲਾ ਸ਼ਹਿਰ ਵਿੱਚ ਡਕੈਤੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰੀ ਬੈਠਾ ਸੀ। ਡਕੈਤਾਂ ਨੇ ਆਪਣੀ ਯੋਜਨਾ ਵਿੱਚ ਪੂਰੀ ਤਰ੍ਹਾਂ ਨਾਲ ਕਾਮਯਾਬ ਹੋ ਜਾਣਾ ਸੀ ਜੇਕਰ ਪਟਿਆਲਾ ਪੁਲਿਸ ਉਨ੍ਹਾਂ ਦੇ ਇਰਾਦਿਆਂ ਤੇ ਪਾਣੀ ਨਾ ਫ਼ੇਰ ਦਿੰਦੀ ਤਾਂ।

ਐੱਸ.ਐੱਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਉਕਤ ਡਕੈਤ ਗਿਰੋਹ ਦੇ ਬੇਪਰਦਾ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲਿਸ ਮੁਖ਼ੀ ਨੇ ਦੱਸਿਆ ਕਿ, ਥਾਣਾ ਅਰਬਨ ਐਸਟੇਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ, ਕੁਝ ਅਣਪਛਾਤੇ ਅਤੇ ਹਥਿਆਰਬੰਦ ਵਿਅਕਤੀ  ਚੌਰਾ ਰੋਡ ਨੇੜੇ ਸਥਿਤ ਸਟੇਡੀਅਮ ਵਿੱਚ ਬੈਠੇ ਸ਼ਹਿਰ ਵਿੱਚ ਡਕੈਤੀ ਮਾਰਨ ਦੀ ਯੋਜਨਾ ਤੇ ਕੰਮ ਕਰ ਰਹੇ ਹਨ। ਦੱਸਿਆ ਜਾਂਦੈ ਕਿ, ਸੂਚਨਾ ਮਿਲਦਿਆਂ ਹੀ ਪੁਲਿਸ ਨੇ ਦੱਸੀ ਥਾਂ ਨੂੰ ਘੇਰ ਲਿਆ ਅਤੇ ਆਪਸ ਵਿੱਚ ਸਲਾਹ ਮਸ਼ਵਰਾ ਕਰ ਰਹੇ ਚਾਰ ਵਿਅਕਤੀਆਂ ਨੂੰ ਮੌਕੇ ਤੋਂ ਹੀ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਮੁਖ਼ੀ ਨੇ ਦੱਸਿਆ ਕਿ, ਗ੍ਰਿਫ਼ਤਾਰ ਕੀਤੇ ਗਏ ਡਕੈਤਾਂ ਦੀ ਪਹਿਚਾਣ ਗੁਜਰਾਤ ਨਿਵਾਸੀ ਸਹਿਨਾਰ, ਪ੍ਰਕਾਸ਼, ਲੱਕੀ ਸਿੰਘ ਅਤੇ ਜਸਵੀਰ ਸਿੰਘ ਦੇ ਤੌਰ ਤੇ ਹੋਈ ਹੈ। ਪੁਲਿਸ ਨੇ ਡਕੈਤਾਂ ਦੀ ਤਲਾਸ਼ੀ ਦੇ ਦੌਰਨ ਵੱਖ਼-ਵੱਖ਼ ਤਰ੍ਹਾਂ ਦੇ ਤੇਜ਼ਧਾਰ ਹਥਿਆਰ ਅਤੇ ਲੋਹੇ ਦੀ ਰਾਡਾਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਖ਼ੀ ਨੇ ਦੱਸਿਆ ਕਿ, ਅਗਰ ਉਕਤ ਡਕੈਤ ਆਪਣੀ ਯੋਜਨਾ ਵਿੱਚ ਕਾਮਯਾਬ ਹੋ ਜਾਂਦੇ ਤਾਂ ਉਨ੍ਹਾਂ ਨੇ ਸ਼ਹਿਰ ਵਿੱਚ ਕਹਿਰ ਢਾਹ ਦੇਣਾ ਸੀ।