ਕੀ, ਲੈਪਟੋਪ ਚੋਰੀ ਅਤੇ ਮਿਲਣ ਦੇ ਰਾਜ਼ ਤੋਂ ਪੁਲਿਸ ਚੁੱਕ ਸਕੇਗੀ ਪਰਦਾ ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 19 2019 13:06
Reading time: 2 mins, 1 sec

ਕਰੀਬ ਸੱਤ ਦਿਨ ਪਹਿਲਾਂ ਫੂਡ ਸਪਲਾਈ ਮਹਿਕਮੇ ਦੇ ਇੱਕ ਅਫਸਰ ਦਾ ਚੋਰੀ ਹੋਇਆ ਲੈਪਟੋਪ ਰੇਲਵੇ ਪੁਲਿਸ ਦੇ ਥਾਣੇ ਦੇ ਪਿੱਛੇ ਹੀ ਝਾੜੀਆਂ ਵਿੱਚੋਂ ਮਿਲਿਆ ਹੈ। ਪੁਲਿਸ ਤੱਕ ਲੈਪਟੋਪ ਝਾੜੀਆਂ 'ਚ ਪਏ ਹੋਣ ਦੀ ਸੂਚਨਾ ਮਿਲਣ 'ਤੇ ਜਦੋਂ ਪੁਲਿਸ ਨੇ ਲੈਪਟੋਪ ਬਰਾਮਦ ਕੀਤਾ ਤਾਂ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਹੋਏ ਸਨ ਅਤੇ ਕੁਝ ਸਵਾਲ ਹੱਲੇ ਵੀ ਹਨ ਕਿ ਆਖ਼ਰ ਲੈਪਟੋਪ ਕਿਹੜੇ ਮਕਸਦ ਨੂੰ ਲੈ ਕੇ ਚੋਰੀ ਕੀਤਾ ਗਿਆ ਸੀ ? ਜਾਣਕਾਰੀ ਅਨੁਸਾਰ ਬੀਤੀ ਸ਼ਾਮ ਫੂਡ ਸਪਲਾਈ ਮਹਿਕਮੇ ਦੇ ਨੇੜੇ ਅਤੇ ਰੇਲਵੇ ਪੁਲਿਸ ਥਾਣੇ ਦੇ ਪਿੱਛੇ ਝਾੜੀਆਂ 'ਚ ਕਿਸੇ ਵਿਅਕਤੀ ਨੇ ਉੱਥੇ ਪਾਈਆਂ ਪਾਈਪਾਂ ਵਿਚਕਾਰ ਲੈਪਟੋਪ ਵੇਖਿਆ ਤਾਂ ਉਸ ਨੇ ਇਸਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਦੇ ਪ੍ਰਧਾਨ ਰਾਜੂ ਚਰਾਇਆ ਨੂੰ ਦਿੱਤੀ ਜਿਨ੍ਹਾਂ ਨੇ ਇਸ ਸਬੰਧੀ ਰੇਲਵੇ ਪੁਲਿਸ ਨੂੰ ਅਵਗਤ ਕਰਵਾਇਆ ਅਤੇ ਖ਼ੁਦ ਵੀ ਉੱਥੇ ਪਹੁੰਚੇ। ਰੇਲਵੇ ਪੁਲਿਸ ਨੇ ਦੱਸੀ ਗਈ ਥਾਂ ਤੋਂ ਲੈਪਟੋਪ ਅਤੇ ਉਸਦੇ ਨਾਲ ਚਾਰਜਰ ਅਤੇ ਮਾਊਸ ਵੀ ਬਰਾਮਦ ਕੀਤਾ। ਇਸ ਤੋਂ ਬਾਅਦ ਪੁਲਿਸ ਲੈਪਟੋਪ ਦੇ ਮਾਲਕ ਦੀ ਭਾਲ ਕਰ ਹੀ ਰਹੀ ਸੀ ਤਾਂ ਫੂਡ ਸਪਲਾਈ ਮਹਿਕਮੇ 'ਚ ਬਤੌਰ ਇੰਸਪੈਕਟਰ ਮਹਿੰਦਰ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਲੈਪਟੋਪ ਵੀ ਕੁਝ ਦਿਨ ਪਹਿਲਾਂ ਚੋਰੀ ਹੋਇਆ ਹੈ ਅਤੇ ਉਹ ਲੈਪਟੋਪ ਨੂੰ ਵੇਖ ਕੇ ਹੀ ਦੱਸ ਸਕਦਾ ਹੈ ਕਿ ਉਹ ਉਸਦਾ ਹੈ ਜਾਂ ਨਹੀਂ।

ਮਹਿੰਦਰ ਕੁਮਾਰ ਨੇ ਪੁਲਿਸ ਨੂੰ ਮਿਲੇ ਲੈਪਟੋਪ ਨੂੰ ਅਪਣਾ ਦੱਸਿਆ ਅਤੇ ਰੇਲਵੇ ਪੁਲਿਸ ਨੂੰ ਦੱਸਿਆ ਕਿ ਇਸ ਸਬੰਧੀ ਉਸ ਨੇ ਥਾਣਾ ਸਿਟੀ 1 'ਚ ਇਸ ਸਬੰਧੀ ਰਿਪੋਰਟ ਦਰਜ ਕਰਵਾਈ ਹੈ। ਪੁਲਿਸ ਨੇ ਇੰਸਪੈਕਟਰ ਨੂੰ ਦਰਜ ਕਰਵਾਈ ਗਈ ਰਿਪੋਰਟ ਦੀ ਕਾਪੀ ਲਿਆ ਕੇ ਅਤੇ ਕਾਗ਼ਜ਼ੀ ਕਾਰਵਾਈ ਪੂਰੀ ਕਰਕੇ ਅਪਣਾ ਲੈਪਟੋਪ ਲੈ ਜਾਣ ਲਈ ਕਿਹਾ ਹੈ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰ ਜਿਸ ਕਿਸੇ ਨੇ ਲੈਪਟੋਪ ਚੋਰੀ ਕੀਤਾ ਤਾਂ ਉਸਦਾ ਮਕਸਦ ਕੀ ਸੀ ? ਆਖ਼ਰ ਕੋਣ ਹੈ ਜਿਸ ਨੇ ਚੋਰੀ ਕੀਤੀ ? ਜੇਕਰ ਵੇਚਣ ਦੀ ਨੀਅਤ ਨਾਲ ਚੋਰੀ ਕੀਤਾ ਸੀ ਤਾਂ ਵੇਚਿਆ ਕਿਉਂ ਨਹੀਂ ? 7 ਨਵੰਬਰ ਨੂੰ ਚੋਰੀ ਹੋਇਆ ਲੈਪਟੋਪ ਕਿ ਇੰਨੇ ਦਿਨ ਤੱਕ ਇੱਥੇ ਹੀ ਪਿਆ ਰਿਹਾ ? ਕੀ, ਲੈਪਟੋਪ 'ਚ ਕੋਈ ਸਰਕਾਰੀ ਖ਼ਾਸ ਦਸਤਾਵੇਜ਼ ਸੀ ਜਾਂ ਫਿਰ ਕੁਝ ਨਿਜੀ, ਜਿਸਦੀ ਚੋਰੀ ਕਰਨ ਵਾਲੇ ਨੂੰ ਲੋੜ ਸੀ ? ਚੋਰੀ ਕੀਤੇ ਲੈਪਟੋਪ ਨੂੰ ਵਾਪਸ ਦਫ਼ਤਰ ਦੇ ਨੇੜੇ ਅਤੇ ਥਾਣੇ ਦੇ ਪਿੱਛੇ ਉਹ ਵੀ ਸੁਰੱਖਿਅਤ ਥਾਂ 'ਤੇ ਰੱਖਣਾ ਇੱਕ ਰਾਜ ਹੋ ਸਕਦਾ ਹੈ ਅਤੇ ਚੋਰੀ ਕਰਨ ਵਾਲਾ ਚਾਹੁੰਦਾ ਸੀ ਕਿ ਉਹ ਸੁਰੱਖਿਅਤ ਪੁਲਿਸ ਹੱਥ ਲੱਗੇ। ਅਜਿਹੇ ਕਈ ਸਵਾਲ ਹਨ ਜੋ ਇਸ ਲੈਪਟੋਪ ਦੀ ਚੋਰੀ ਅਤੇ ਮਿਲਣ ਨਾਲ ਜੁੜੇ ਹੋਏ ਹਨ ਇਸ ਲਈ ਪੁਲਿਸ ਨੂੰ ਇਸ ਮਾਮਲੇ 'ਚ ਬੇਹੱਦ ਗੰਭੀਰਤਾ ਨਾਲ ਸਾਰੇ ਪਹਿਲੂਆਂ ਨੂੰ ਸੋਚ ਕੇ ਹੀ ਤਫ਼ਤੀਸ਼ ਕਰਨ ਦੀ ਲੋੜ ਹੈ ਤਾਂ ਜੋ ਲੈਪਟੋਪ ਚੋਰੀ ਨਾਲ ਜੁੜੇ ਸਾਰੇ ਸਵਾਲਾਂ ਦਾ ਜਵਾਬ ਮਿਲ ਸਕੇ।