ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁੱਟ ਲਿਆ ਪੰਜ ਰਾਹਗੀਰਾਂ ਨੂੰ !!!

Last Updated: Nov 19 2019 12:07
Reading time: 1 min, 10 secs

ਹੋਰਨਾਂ ਸ਼ਹਿਰਾਂ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਪਟਿਆਲਾ ਵਿੱਚ ਲੰਘੀ ਦੇਰ ਰਾਤ ਅੱਧੇ ਦਰਜਨ ਤੋਂ ਵੱਧ ਹਥਿਆਰਬੰਦ ਲੁਟੇਰਿਆਂ ਨੇ ਪੰਜ ਰਾਹਗੀਰਾਂ ਨੂੰ ਲੁੱਟ ਲਿਆ। ਲੁੱਟਖ਼ੋਹ ਦੀ ਇਹ ਵਰਦਾਤ ਡੀ. ਸੀ. ਡਬਲਿਊ. ਪੁਲ ਦੇ ਥੱਲੇ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹੈ ਕਿ, ਲੁਟੇਰੇ ਰਾਹਗੀਰਾਂ ਦੇ ਮੋਬਾਈਲ ਫ਼ੋਨ ਤੇ ਕੈਸ਼ ਤਾਂ ਲੁੱਟ ਕੇ ਲੈ ਹੀ ਗਏ ਜਾਂਦੇ ਹੋਏ ਉਹਨਾਂ ਦਾ ਲੋਹੇ ਦੀ ਰਾਡਾਂ ਨਾਲ ਕੁਟਾਪਾ ਵੀ ਚਾੜ ਗਏ ਤਾਂ ਜੋ ਉਹ ਕਿਸੇ ਵੀ ਕਿਸਮ ਦਾ ਵਿਰੋਧ ਨਾ ਕਰ ਪਾਉਣ।

ਭਾਵੇਂ ਕਿ ਲੁੱਟ ਦੀ ਵਾਰਦਾਤ ਬਾਰੇ ਪਤਾ ਲੱਗਦਿਆਂ ਹੀ ਥਾਣਾ ਅਰਬਨ ਐਸਟੇਟ ਪੁਲਿਸ ਮੌਕੇ ਤੇ ਪੁੱਜ ਗਈ ਸੀ, ਪਰ ਲੁਟੇਰੇ ਪੁਲਿਸ ਦੇ ਪਹੁੰਚਣ ਤੋਂ ਬਹੁਤ ਪਹਿਲਾਂ ਹੀ ਉੱਥੋਂ ਖ਼ਿਸਕ ਚੁੱਕੇ ਸਨ। ਮੁੱਢਲੀ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ, ਜਿਹੜੇ ਰਾਹਗੀਰ ਲੁੱਟ ਦਾ ਸ਼ਿਕਾਰ ਹੋਏ ਹਨ, ਉਹ ਸਾਰੇ ਆਪਣੇ ਇੱਕ ਸਾਥੀ ਨੂੰ ਟ੍ਰੇਨ ਤੇ ਚੜਾਉਣ ਲਈ ਗਏ ਸਨ।

ਦੱਸਿਆ ਜਾ ਰਿਹੈ ਕਿ, ਜਿਵੇਂ ਉਹ ਆਪੋ ਆਪਣੇ ਸਕੂਟਰਾਂ ਤੇ ਪੁਲ ਦੇ ਥੱਲੇ ਪੁੱਜੇ ਤਾਂ ਉੱਥੇ ਪਹਿਲਾਂ ਤੋਂ ਖ਼ੜੇ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੇ ਉਹਨਾਂ ਦੀ ਸਕੂਟੀ ਵਿੱਚ ਆਪਣਾ ਮੋਟਰਸਾਈਕਲ ਮਾਰ ਕੇ ਉਹਨਾਂ ਨੂੰ ਥੱਲੇ ਸੁੱਟ ਦਿੱਤਾ, ਜਿਸਦੇ ਬਾਅਦ ਉਸਦੇ ਬਾਕੀ ਦੇ ਸਾਥੀ ਵੀ ਸਾਹਮਣੇ ਆ ਗਏ, ਜਿਹੜੇ ਕਿ ਕੋਲ ਹੀ ਲੁਕੇ ਹੋਏ ਸਨ।

ਦੱਸਿਆ ਜਾਂਦੈ ਕਿ, ਲੁਟੇਰਿਆਂ ਵਿੱਚ ਇੱਕ ਨੇ ਪਿਸਤੌਲ ਕੱਢ ਲਈ, ਜਦਕਿ ਬਾਕੀਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲਿਸ ਨੇ ਹਾਲ ਦੀ ਘੜੀ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਲੁੱਟ ਖ਼ੋਹ ਦਾ ਪਰਚਾ ਦਰਜ ਕਰਕੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।