ਕਿਤੇ ਮੈਰਿਜ ਪੈਲੇਸ ਬਣ ਕੇ ਨਾ ਰਹਿ ਜਾਵੇ ਨਾਭੇ ਦੀ ਜੇਲ੍ਹ !!! (ਵਿਅੰਗ)

Last Updated: Nov 19 2019 11:56
Reading time: 1 min, 36 secs

ਜਾਪਦੈ, ਨਾਭਾ ਜੇਲ੍ਹ ਨੂੰ ਕਿਸੇ ਸੰਤ ਮਹਾਤਮਾ ਦਾ ਵਰਦਾਨ ਹੀ ਹੋਵੇਗਾ, ਜਿਹੜਾ ਉੁਹ ਕਿਸੇ ਨਾ ਕਿਸੇ ਕਾਰਨ ਪਿਛਲੇ ਲੰਬੇ ਸਮੇਂ ਤੋਂ ਚਰਚਾ ਵਿੱਚ ਚੱਲ ਰਹੀ ਹੈ, ਵਰਨਾਂ ਜੇਲ੍ਹਾਂ ਤਾਂ ਸੂਬੇ ਵਿੱਚ ਹੋਰ ਵੀ ਬੜੀਆਂ ਹਨ। ਚਰਚੇ ਤਾਂ ਇਸ ਜੇਲ੍ਹ ਦੇ ਸ਼ੁਰੂ ਤੋਂ ਹੀ ਸਨ, ਪਰ ਇਸ ਜੇਲ੍ਹ ਤੇ ਹੋਏ ਗੈਂਗਸਟਰਾਂ ਦੇ ਹਮਲੇ ਨੇ ਤਾਂ ਇਸ ਜੇਲ੍ਹ ਨੂੰ ਦੁਨੀਆ ਭਰ ਵਿੱਚ ਮਸ਼ਹੂਰ ਕਰਕੇ ਰੱਖ਼ ਦਿੱਤਾ ਹੈ। ਜੇਕਰ ਗੱਲ ਕਰੀਏ ਅਜੋਕੇ ਸਮੇਂ ਦੀ ਤਾਂ, ਪਿਛਲੇ ਸਮੇਂ ਦੇ ਦੌਰਾਨ ਜੇਲ੍ਹ ਦੇ ਅੰਦਰ ਹੋਏ ਵਿਆਹਾਂ ਕਾਰਨ ਇਹ ਜੇਲ੍ਹ ਇੱਕ ਵਾਰ ਮੁੜ ਸੁਰਖ਼ੀਆਂ ਵਿੱਚ ਆ ਚੁੱਕੀ ਹੈ।

ਇੱਕ ਮਸ਼ਹੂਰ ਗੈਂਗਸਟਰ ਮਨਦੀਪ ਸਿੰਘ ਵੱਲੋਂ ਨਾਭਾ ਦੀ ਮੈਕਸੀਮਮ ਸਕਿਉਰਿਟੀ ਵਾਲੀ ਜੇਲ੍ਹ ਦੇ ਅੰਦਰ ਹੀ ਸਥਿਤ ਗੁਰਦੁਆਰਾ ਸਾਹਿਬ ਵਿੱਚ ਇੱਕ ਕੁੜੀ ਨਾਲ ਲਾਂਵਾਂ ਲੈਣ ਦੇ ਬਾਅਦ ਇਸੇ ਜੇਲ੍ਹ ਵਿੱਚ ਹੀ ਇੱਕ ਹੋਰ ਵਿਆਹ ਸੰਪੰਨ ਹੋਇਆ ਹੈ। ਜਿਸ ਕੈਦੀ ਦਾ ਵਿਆਹ ਹੋਇਆ ਉਸਦੀ ਪਹਿਚਾਣ ਮੁਹੰਮਦ ਵਸੀਮ ਦੇ ਤੌਰ ਤੇ ਹੋਈ ਹੈ। ਮੁਸਲਿਮ ਕੌਮ ਨਾਲ ਸੰਬੰਧਤ ਉਕਤ ਕੈਦੀ ਨੇ ਵੀ ਜੇਲ੍ਹ ਦੇ ਅੰਦਰ ਹੀ ਹੁਮਾ ਨਾਮਕ ਇੱਕ ਕੁੜੀ ਨਾਲ ਨਿਕਾਹ ਕੀਤਾ।

ਖ਼ਬਰਾਂ ਅਨੁਸਾਰ, ਵਸੀਮ ਨੇ ਵੀ ਬਕਾਇਦਾ ਤੌਰ ਤੇ ਆਪਣੇ ਅਤੇ ਹੁਮਾ ਦੇ ਨਿਕਾਹ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਪ੍ਰਵਾਨਗੀ ਲਈ ਸੀ। ਹਾਈਕੋਰਟ ਦੇ ਹੁਕਮਾਂ ਅਨੁਸਾਰ ਕੁੜੀ ਹੁਮਾ ਅਤੇ ਉਸਦੇ ਪਰਿਵਾਰ ਦੇ ਮੈਂਬਰ ਅਤੇ ਨਿਕਾਹ ਕਰਵਾਉਣ ਵਾਲੇ ਕਾਜ਼ੀ ਨੂੰ ਜੇਲ੍ਹ ਵਿੱਚ ਜਾਣ ਦੀ ਇਜਾਜ਼ਤ ਮਿਲੀ ਸੀ। ਦੱਸਿਆ ਜਾ ਰਿਹੈ ਕਿ ਮੁਹੰਮਦ ਵਸੀਮ 'ਤੇ ਇੱਕ ਦਰਜਨ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ ਹਨ। ਹਾਲ ਦੀ ਘੜੀ ਉਹ ਸਾਲ 2010 ਵਿੱਚ ਹੋਏ ਇੱਕ ਕਤਲ ਦੇ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ।

ਦੋਸਤੋ, ਜਿਸ ਤਰੀਕੇ ਨਾਲ ਪਹਿਲਾਂ ਗੈਂਗਸਟਰ ਮਨਦੀਪ ਸਿੰਘ ਅਤੇ ਹੁਣ ਮੁਹੰਮਦ ਵਸੀਮ ਨੇ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ ਹੀ ਨਿਕਾਹ ਕਰਵਾਇਆ ਹੈ ਉਸ ਤੋਂ ਇਹ ਗੱਲ ਪੂਰੇ ਯਕੀਨ ਨਾਲ ਨਹੀਂ ਆਖ਼ੀ ਜਾ ਸਕਦੀ ਕਿ, ਆਉਣ ਵਾਲੇ ਸਮੇਂ ਵਿੱਚ ਜੇਲ੍ਹਾਂ ਵਿੱਚ ਵਿਆਹ ਹੋਣ ਦੀ ਇੱਕ ਪਿਰਤ ਜਿਹੀ ਨਹੀਂ ਪੈ ਜਾਵੇਗੀ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ, ਆਉਣ ਵਾਲੇ ਸਮੇਂ ਵਿੱਚ ਨਾਭਾ ਜੇਲ੍ਹ ਇੱਕ ਮੈਰਿਜ ਪੈਲੇਸ ਬਣ ਕੇ ਨਹੀਂ ਰਹਿ ਜਾਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।