ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਸਿਹਤ ਮੰਤਰੀ ਨੇ ਨਵਾਂ ਟਿਊਬਵੈੱਲ ਲਗਾਉਣ ਦੀ ਕਰਵਾਈ ਸ਼ੁਰੂਆਤ

Last Updated: Nov 18 2019 19:40
Reading time: 1 min, 15 secs

ਪੇਂਡੂ ਖੇਤਰ ਦੇ ਲੋਕਾਂ ਨੂੰ ਸ਼ਹਿਰਾਂ ਦੇ ਵਾਂਗ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏ ਜਾਣ ਦੀ ਲੜੀ ਤਹਿਤ ਪਿੰਡ ਸੋਹਾਣਾ 'ਚ ਰਹਿੰਦੇ ਲੋਕਾਂ ਨੂੰ ਸਾਫ ਅਤੇ ਸ਼ੁੱਧ ਪੀਣ ਵਾਲੇ ਪਾਣੀ ਦੀ ਸਪਲਾਈ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਨਵਾਂ ਟਿਊਬਵੈੱਲ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਪਿੰਡ 'ਚ ਨਵਾਂ ਟਿਊਬਵੈੱਲ ਲੱਗਣ ਦੇ ਨਾਲ ਪਿੰਡ ਵਾਸੀਆਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋਣਾ ਸ਼ੁਰੂ ਹੋ ਜਾਵੇਗਾ।

ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਰੀਬ 23 ਲੱਖ ਰੁਪਏ ਦੀ ਲਾਗਤ ਨਾਲ ਲੱਗਣ ਵਾਲੇ ਟਿਊਬਵੈੱਲ ਨਾਲ ਪਿੰਡ ਸੋਹਾਣਾ ਦੀ 6 ਹਜ਼ਾਰ ਤੋਂ 8 ਹਜ਼ਾਰ ਤੱਕ ਦੀ ਆਬਾਦੀ ਨੂੰ ਲਾਭ ਮਿਲੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਕਿਉਂਕਿ ਧਰਤੀ ਹੇਠਲਾ ਪੀਣ ਵਾਲਾ ਪਾਣੀ ਲਗਾਤਾਰ ਘਟਦਾ ਜਾ ਰਿਹਾ ਹੈ। ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਮੁਤਾਬਕ ਪਾਣੀ ਤੇ ਵਾਤਾਵਰਣ ਨੂੰ ਬਚਾਉਣ ਦਾ ਯਤਨ ਕਰੀਏ। ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਡਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਕ ਹੋਵੇਗਾ ਕਿ ਜੇਕਰ ਅਸੀਂ ਪਰਾਲੀ ਨਾ ਫੂਕ ਕੇ ਵਾਤਾਵਰਣ ਨੂੰ ਬਚਾਉਣ ਵਿੱਚ ਵੀ ਯੋਗਦਾਨ ਪਾਈਏ।

ਇਸ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਬੂਟਾ ਸਿੰਘ ਸੋਹਾਣਾ, ਗੁਰਦੀਪ ਸਿੰਘ, ਜੀਤ ਸਿੰਘ, ਸੋਮਨਾਥ ਛਾਬੜਾ, ਐਡਵੋਕੇਟ ਸੁਸ਼ੀਲ ਕੁਮਾਰ ਅੱਤਰੀ, ਹਰਜੀਤ ਸਿੰਘ, ਤਰਸੇਮ ਲਾਲ, ਕ੍ਰਿਸ਼ਨ ਕੁਮਾਰ ਸੇਠੀ, ਜਸਵਿੰਦਰ ਸਿੰਘ ਜੱਸੀ, ਸੌਰਵ ਸ਼ਰਮਾ, ਹਰਜੀਤ ਸਿੰਘ ਘੋਲੂ ਅਤੇ ਮਾਸਟਰ ਸੁਖਦੇਵ ਸਿੰਘ ਆਦਿ ਤੋਂ ਇਲਾਵਾ ਹੋਰ ਮੋਹਤਬਰ ਵਿਅਕਤੀ ਅਤੇ ਇਲਾਕਾ ਵਾਸੀ ਵੀ ਮੌਜੂਦ ਸਨ।