ਸਾਈਕਲ ਤਾਂ ਖ਼ਤਮ, ਪਰ ਸਾਈਕਲਾਂ ਦੇ ਟਾਇਰ ਟਪਾ ਰਹੇ ਨੇ ਕਰੋੜਾਂ ਦਾ ਮਾਲ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 15 2019 12:11
Reading time: 2 mins, 10 secs

ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਸਮਗਲਰ ਸਮੇਂ-ਸਮੇਂ 'ਤੇ ਭਾਰਤ ਦੇ ਅੰਦਰ ਹੈਰੋਇਨ ਭੇਜ ਰਹੇ ਹਨ। ਭਾਰਤ ਦੇ ਅੰਦਰ ਹੈਰੋਇਨ ਤਾਂ ਹੀ ਆ ਰਹੀ ਹੈ, ਕਿਉਂਕਿ ਭਾਰਤੀ ਸਮਗਲਰ ਪਾਕਿਸਤਾਨ ਦੇ ਸਮਗਲਰਾਂ ਦੇ ਨਾਲ ਰਾਬਤਾ ਕਾਇਮ ਕਰ ਰਹੇ ਹਨ। ਨਹੀਂ ਤਾਂ ਕਿਸ ਦੀ ਮੱਤ ਮਾਰੀ ਹੈ, ਉਹ ਕਰੋੜਾਂ ਦਾ ਮਾਲ ਲੁਕ ਛੁਪ ਕੇ ਭੇਜੇ। ਭਾਰਤੀ ਸਮਗਲਰਾਂ ਦੇ ਵੱਲੋਂ ਆਪਣੇ ਦੇਸ਼ ਦੇ ਨਾਲ ਗੱਦਾਰੀ ਕਰਕੇ ਦੇਸ਼ ਦੀ ਜਵਾਨੀ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣ ਵਿੱਚ ਪੁਲਿਸ ਤੇ ਸੁਰੱਖਿਆ ਬਲ ਅਫ਼ਸਲ ਸਾਬਤ ਹੋ ਰਹੇ ਹਨ।

ਦੱਸ ਦਈਏ ਕਿ ਪਹਿਲੋਂ ਜਿੱਥੇ ਪਾਕਿਸਤਾਨੀ ਸਮਗਲਰਾਂ ਦੇ ਵੱਲੋਂ ਸਰਹੱਦਾਂ 'ਤੇ ਹੈਰੋਇਨ ਰੱਖ ਕੇ ਆਪ ਫਰਾਰ ਹੋ ਜਾਂਦੇ ਸੀ ਅਤੇ ਸੁਭਾ ਜਾ ਕੇ ਭਾਰਤੀ ਸਮਗਲਰ ਉਕਤ ਹੈਰੋਇਨ ਨੂੰ ਭਾਰਤੀ ਖ਼ੇਤਰ ਦੇ ਅੰਦਰ ਲਿਆ ਕੇ ਬਾਰਡਰ ਪਾਰ ਕਰਾ ਦਿੰਦੇ ਸੀ, ਉੱਥੇ ਹੀ ਹੁਣ ਭਾਰਤੀ ਅਤੇ ਪਾਕਿਸਤਾਨੀ ਸਮਗਲਰਾਂ ਦੇ ਵੱਲੋਂ ਗੁਪਤ ਚਾਲ ਖੇਡਦਿਆਂ ਹੋਇਆਂ ਹੁਣ ਪਾਕਿਸਤਾਨ ਤੋਂ ਸਾਈਕਲਾਂ ਦੇ ਟਾਇਰਾਂ ਰਾਹੀਂ ਹੈਰੋਇਨ ਮੰਗਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਦਰਅਸਲ, ਸਤਲੁਜ ਦਰਿਆ ਦੇ ਵਿੱਚ ਟਾਇਰ ਸੁੱਟ ਕੇ ਉਸਦੇ ਨਾਲ ਹੈਰੋਇਨ ਬੰਨ੍ਹ ਕੇ ਪਾਕਿ. ਸਮਗਲਰਾਂ ਦੇ ਵੱਲੋਂ ਭਾਰਤ ਹੈਰੋਇਨ ਭੇਜੀ ਜਾ ਰਹੀ ਹੈ।

ਦੱਸ ਦਈਏ ਕਿ ਪਹਿਲੋਂ ਜਿੱਥੇ ਬੇੜੀਆਂ ਅਤੇ ਕਲਾਲੀ ਬੂਟੀ ਦੇ ਰਾਹੀਂ ਪਾਕਿਸਤਾਨੀ ਸਮਗਲਰਾਂ ਦੇ ਵੱਲੋਂ ਹੈਰੋਇਨ ਭਾਰਤੀ ਖੇਤਰਾਂ ਦੇ ਅੰਦਰ ਭੇਜੀ ਜਾਂਦੀ ਸੀ, ਉੱਥੇ ਹੀ ਹੁਣ ਪਾਣੀ ਦਾ ਵਹਾਅ ਜਿਵੇਂ ਹੀ ਘੱਟ ਰਿਹਾ ਹੈ, ਹੁਣ ਪਾਕਿਸਤਾਨੀ ਸਮਗਲਰ ਸਾਈਕਲਾਂ ਦੇ ਟਾਇਰਾਂ ਨਾਲ ਬੰਨ੍ਹ ਕੇ ਹੈਰੋਇਨ ਭਾਰਤੀ ਖੇਤਰ ਦੇ ਅੰਦਰ ਭੇਜ ਰਹੇ ਹਨ। ਦੱਸ ਦਈਏ ਕਿ ਪੰਜਾਬ ਦੇ ਵਿੱਚ ਜਦੋਂ ਹੜ੍ਹ ਆਏ ਸਨ ਤਾਂ ਭਾਰਤੀ ਹਿੱਸੇ ਵਾਲੇ ਪੰਜਾਬ ਵਿੱਚ ਵੱਡਾ ਨੁਕਸਾਨ ਹੋਇਆ ਸੀ। ਇੱਥੋਂ ਤੱਕ ਕਿ ਕਈ ਲਹਿੰਦੇ ਪੰਜਾਬ ਦੇ ਪਿੰਡ ਵੀ ਹੜ੍ਹ ਦੀ ਲਪੇਟ ਵਿੱਚ ਆ ਗਏ ਸਨ।

ਹੜ੍ਹਾਂ ਨਾਲ ਲੋਕਾਂ ਦਾ ਤਾਂ ਕਰੋੜਾਂ ਦਾ ਨੁਕਸਾਨ ਹੋ ਗਿਆ, ਉੱਥੇ ਹੀ ਪਾਕਿਸਤਾਨੀ ਅਤੇ ਭਾਰਤੀ ਸਮਗਲਰਾਂ ਦਾ ਕਰੋੜਾਂ ਰੁਪਏ ਦਾ ਫ਼ਾਇਦਾ ਹੋ ਗਿਆ। ਕਿਉਂਕਿ ਸਤਲੁਜ ਦਰਿਆ ਦੇ ਵਿੱਚ ਪਾਕਿਸਤਾਨੀ ਸਮਗਲਰਾਂ ਦੇ ਵੱਲੋਂ ਵੱਡੀ ਮਾਤਰਾ ਵਿੱਚ ਵਹਿ ਰਹੀ ਕਲਾਲੀ ਬੂਟੀ ਦੇ ਵਿੱਚ ਲੁਕਾ ਛੁਪਾ ਕੇ ਹੈਰੋਇਨ ਭੇਜਣੀ ਸ਼ੁਰੂ ਕਰ ਦਿੱਤੀ। ਇੱਕ-ਦੋ ਵਾਰ ਤਾਂ ਬੀਐਸਐਫ਼ ਨੂੰ ਪਤਾ ਨਾ ਲੱਗਿਆ, ਪਰ ਜਦੋਂ ਬੀਐਸਐਫ਼ ਨੇ ਗਸ਼ਤ ਨੂੰ ਤੇਜ਼ ਕੀਤਾ ਤਾਂ, ਸਤਲੁਜ ਦਰਿਆ ਦੇ ਵਿੱਚੋਂ ਕਈ ਪੈਕਟ ਹੈਰੋਇਨ ਦੇ ਬਰਾਮਦ ਹੋਏ।

ਦੱਸ ਦਈਏ ਕਿ ਸਤਲੁਜ ਦਰਿਆ ਦਾ ਅੱਧਾ ਹਿੱਸਾ ਭਾਰਤੀ ਖੇਤਰ ਵਾਲੇ ਪਾਸੇ ਹੈ ਅਤੇ ਅੱਧਾ ਹਿੱਸਾ ਪਾਕਿਸਤਾਨ ਪੰਜਾਬ ਦੇ ਵਿੱਚ ਹੈ। ਪਾਕਿਸਤਾਨ ਦੇ ਕਸੂਰ ਤੋਂ ਇਲਾਵਾ ਲਾਹੌਰ ਦੇ ਲਾਗੇ ਜਾ ਕਿਤੇ ਸਤਲੁਜ ਦਰਿਆ ਦੀ ਹੱਦ ਖ਼ਤਮ ਹੁੰਦੀ ਹੈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਕਸੂਰ ਸਮਗਲਰ ਬੜੇ ਹੀ ਸ਼ੈਤਾਨ ਹਨ, ਉਹ ਭਾਰਤੀ ਸਮਗਲਰਾਂ ਦੇ ਨਾਲ ਸੋਸ਼ਲ ਸਾਈਟਾਂ ਦੇ ਜਰੀਏ ਜੁੜ ਰਹੇ ਹਨ ਅਤੇ ਲੋਕੇਸ਼ਨਾਂ ਦੇ ਜਰੀਏ ਹੈਰੋਇਨ ਸਪਲਾਈ ਦਾ ਧੰਦਾ ਕਰ ਰਹੇ ਹਨ ਅਤੇ ਭਾਰਤੀ ਸਮਗਲਰ ਵੀ ਦੇਸ਼ ਨੂੰ ਬਰਬਾਦ ਕਰਨ 'ਤੇ ਤੁਲੇ ਹੋਏ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।