ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 50 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ 55 ਕਰੋੜ ਰੁਪਏ ਦਾ ਕੀਤਾ ਮੁਫ਼ਤ ਇਲਾਜ- ਸਿਹਤ ਮੰਤਰੀ ਸਿੱਧੂ

Last Updated: Nov 14 2019 19:10
Reading time: 4 mins, 1 sec

ਗੁਰੂ ਨਾਨਕ ਪਾਤਸ਼ਾਹ ਦੇ ਮਨੁੱਖਤਾ ਦੀ ਭਲਾਈ ਦੇ ਸੰਦੇਸ਼ ਨੂੰ ਮੁੱਖ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਸੂਬੇ ਦੇ 50 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਅਤੇ ਹੁਣ ਤੱਕ ਇਸ ਯੋਜਨਾ ਤਹਿਤ 50 ਹਜ਼ਾਰ ਤੋਂ ਵੱਧ ਮਰੀਜ਼ 55 ਕਰੋੜ ਰੁਪਏ ਦਾ ਇਲਾਜ ਮੁਫਤ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚਾਰਾਂ ਦਾ ਪ੍ਰਗਟਾਵਾ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਸ੍ਰੀ ਥੇਹ ਸਾਹਿਬ, ਪਿੰਡ ਈਸਰਹੇਲ ਵਿਖੇ ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਾਂਝਾ ਕੀਤਾ।

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਨਾਨਕ ਜੀ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਪਿੰਡ ਈਸਰਹੇਲ ਦੇ ਵਿਕਾਸ ਲਈ 3 ਕਰੋੜ 84 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਸਿਹਤ ਮੰਤਰੀ ਨੇ ਗੁਰਦੁਆਰਾ ਸ੍ਰੀ ਥੇਹ ਸਾਹਿਬ ਨੇੜੇ ਲਗਾਏ ਗਏ 'ਗੁਰੂ ਕਾ ਬਾਗ', ਇਤਿਹਾਸਕ ਕਰੀਰ ਅਤੇ ਥੇਹ ਨੂੰ ਸਾਂਭਣ ਦਾ ਪ੍ਰੋਜੈਕਟ ਸੰਗਤ ਨੂੰ ਸਮਰਪਿਤ ਕੀਤਾ ਅਤੇ ਇੱਕ ਡਿਸਪੈਂਸਰੀ ਬਣਾਉਣ ਦਾ ਐਲਾਨ ਕਰਨ ਦੇ ਨਾਲ ਚੱਲ ਰਹੀ ਡਿਸਪੈਂਸਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ।

ਸਿਹਤ ਮੰਤਰੀ ਸ੍ਰ. ਸਿੱਧੂ ਨੇ ਕਿਹਾ ਕਿ 'ਗੁਰੂ ਕਾ ਬਾਗ' ਵਿਖੇ 2.5 ਏਕੜ ਵਿੱਚ ਅੰਬਾਂ ਦੀਆਂ 35 ਕਿਸਮਾਂ ਦੇ 5-5 ਬੂਟੇ ਲਗਾਏ ਗਏ ਹਨ ਅਤੇ ਨਾਲ ਹੀ ਜਿਹੜੇ ਦਰੱਖਤਾਂ ਦਾ ਜ਼ਿਕਰ ਗੁਰਬਾਣੀ ਵਿੱਚ ਆਉਂਦਾ ਹੈ ਉਨ੍ਹਾਂ ਦੇ ਬੂਟੇ ਵੀ ਲਗਾਏ ਗਏ ਹਨ ਅਤੇ ਬੂਟਿਆਂ ਸਬੰਧੀ ਜਾਣਕਾਰੀ ਦਿੰਦੇ ਸਲੋਗਨ ਲਿਖੇ ਬੋਰਡ ਵੀ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸੇ ਵੀ ਸਿਹਤ ਸਬੰਧੀ ਅਦਾਰੇ ਵਿੱਚ ਦਵਾਈਆਂ ਦੀ ਕਮੀ ਨਾ ਆਵੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਕੇ ਸਮਾਜ ਵਿੱਚੋਂ ਕੁਰੀਤੀਆਂ ਦਾ ਖਾਤਮਾ ਕੀਤਾ ਜਾ ਸਕਦਾ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਤੇ ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਪੰਜਾਬ ਸਰਕਾਰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚ ਰਹੀ ਹੈ ਅਤੇ  ਗੁਰਦੁਆਰਾ ਸ੍ਰੀ ਥੇਹ ਸਾਹਿਬ ਵਿਖੇ ਬਣਾਏ 'ਗੁਰੂ ਕਾ ਬਾਗ' ਅਤੇ ਇਤਿਹਾਸਕ ਕਰੀਰ ਅਤੇ ਥੇਹ ਨੂੰ ਸੰਭਾਲਣ ਦਾ ਪ੍ਰੋਜੈਕਟ ਨਿਰੋਲ ਰੂਪ ਵਿੱਚ ਪੰਜਾਬ ਸਰਕਾਰ ਅਤੇ ਪਿੰਡ ਦੀ ਸੰਗਤ ਵੱਲੋਂ ਸਿਰੇ ਚੜ੍ਹਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਿੰਡ ਨੇ ਦੋ ਵੱਖ ਵੱਖ ਸ਼ਮਸ਼ਾਨਘਾਟਾਂ ਨੂੰ ਇੱਕ ਕੀਤਾ ਹੈ, ਜੋ ਕਿ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਥੇਹ ਸਾਹਿਬ ਨੂੰ ਫਤਹਿਗੜ ਸਾਹਿਬ-ਚੰਡੀਗੜ੍ਹ ਸੜਕ ਤੋਂ ਆਉਣ ਵਾਲੀ ਸੜਕ 'ਤੇ 2.50 ਲੱਖ ਰੁਪਏ ਦੀ ਲਾਗਤ ਨਾਲ ਸੈਂਸਰਾਂ ਨਾਲ ਲੈਸ 25 ਅਤਿ ਆਧੁਨਿਕ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤਹਿਤ ਪਾਰਕ ਤੇ 4.50 ਲੱਖ ਰੁਪਏ, ਜਿੰਮ ਤੇ 5.50 ਲੱਖ ਰੁਪਏ, ਖੇਡ ਮੈਦਾਨ 'ਤੇ 04 ਲੱਖ ਰੁਪਏ, ਸ਼ਮਸ਼ਾਨਘਾਟ 'ਤੇ ਕਰੀਬ 4 ਲੱਖ ਰੁਪਏ, ਬੱਸ ਸ਼ੈਲਟਰ 'ਤੇ 1.47 ਲੱਖ ਰੁਪਏ, ਸਕੂਲ ਦੀ ਅਪਗਰੇਡੇਸ਼ਨ 'ਤੇ 4.10 ਲੱਖ ਰੁਪਏ, ਧਰਮਸ਼ਾਲਾ ਦੀ ਕਾਇਆ ਕਲਪ ਤੇ 10.72 ਲੱਖ ਰੁਪਏ, ਸੱਥ ਦੇ ਵਿਕਾਸ ਲਈ 1.50 ਲੱਖ ਰੁਪਏ, ਪਿੰਡ ਦੇ ਸੀਵਰੇਜ ਸਿਸਟਮ 'ਤੇ 35.89 ਲੱਖ ਰੁਪਏ ਅਤੇ ਟੋਭੇ ਅਤੇ ਉਸ ਦੀ ਆਲੇ ਦੁਆਲੇ ਦੀ ਥਾਂ ਦੀ ਕਾਇਆ ਕਲਪ ਤੇ 30.66 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਤਹਿਤ ਸਾਰੇ ਪਿੰਡ ਵਿੱਚ ਸੀਵਰੇਜ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਈਸਰਹੇਲ ਦੇ ਵਾਸੀ ਭਾਗਸ਼ਾਲੀ ਹਨ ਕਿ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਰਹਿਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲਣਾ ਇੱਕ ਇਤਿਹਾਸਕ ਫੈਸਲਾ ਹੈ, ਜਿਸ ਨਾਲ ਕਰੋੜਾਂ ਨਾਨਕ ਨਾਮ ਲੇਵਾ ਸੰਗਤ ਦੀ ਚਿਰਾਂ ਦੀ ਮੰਗ ਪੂਰੀ ਹੋਈ ਹੈ।

ਇਸ ਮੌਕੇ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਬਰਾਬਰਤਾ ਦਾ ਸੰਦੇਸ਼ ਦਿੱਤਾ ਅਤੇ ਊਚ ਨੀਚ ਦੇ ਭੇਦਭਾਵ ਨੂੰ ਖਤਮ ਕੀਤਾ। ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਥੇਹ ਸਾਹਿਬ ਨੇੜੇ ਲਗਾਈ ਪ੍ਰਦਰਸ਼ਨੀ ਦੀ ਸ਼ੁਰੂਆਤ ਕਰਵਾਈ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਸਥਾਪਤ ਕੀਤਾ 'ੴ ' ਦਾ ਨਿਸ਼ਾਨ ਸੰਗਤ ਨੂੰ ਸਮਰਪਿਤ ਕੀਤਾ। ਇਸ ਮੌਕੇ ਉਨ੍ਹਾਂ ਵੱਖ ਵੱਖ ਸੰਸਥਾਵਾਂ ਵੱਲੋਂ ਲਗਾਏ ਖੂਨਦਾਨ ਕੈਂਪ, ਮੁਫਤ ਮੈਡੀਕਲ ਕੈਂਪ ਅਤੇ ਫਿਜ਼ੀਓਥੈਰੇਪੀ ਕੈਂਪ ਦਾ ਜਾਇਜ਼ਾ ਲਿਆ ਅਤੇ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਸਮਾਜ ਸੇਵਾ ਦੇ ਕਾਰਜਾਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਵਿਧਾਇਕ ਬਸੀ ਪਠਾਣਾਂ ਗੁਰਪ੍ਰੀਤ ਸਿੰਘ ਜੀ.ਪੀ., ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ, ਐਸਐਸਪੀ ਅਮਨੀਤ ਕੌਂਡਲ, ਅਸਿਸਟੈਂਟ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਸੰਧੂ, ਐਸ.ਡੀ.ਐਮ ਡਾ. ਸੰਜੀਵ ਕੁਮਾਰ, ਐਸ.ਪੀ. (ਜਾਂਚ) ਹਰਪਾਲ ਸਿੰਘ, ਡੀ.ਐਸ.ਪੀ ਹਰਦੀਪ ਸਿੰਘ ਬਡੂੰਗਰ, ਡੀ.ਐਸ.ਪੀ. ਧਰਮਪਾਲ ਸਿੰਘ, ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪਤਨੀ ਮਨਦੀਪ ਕੌਰ ਨਾਗਰਾ, ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਪੁੱਤਰ ਕਾਮਿਲ ਅਮਰ ਸਿੰਘ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਡੀ.ਡੀ.ਪੀ.ਓ. ਅਮਰੀਕ ਸਿੰਘ ਸਿੱਧੂ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਜਸਵੀਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ, ਸਿਵਲ ਸਰਜਨ ਡਾ. ਐਨ.ਕੇ ਅਗਰਵਾਲ, ਤਹਿਸੀਲਦਾਰ ਫ਼ਤਹਿਗੜ੍ਹ ਸਾਹਿਬ ਗੁਰਜਿੰਦਰ ਸਿੰਘ, ਪਿੰਡ ਈਸਰਹੇਲ ਦੀ ਸਰਪੰਚ ਪਰਮਜੀਤ ਕੌਰ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚਾਂ ਸਰਪੰਚਾਂ ਸਮੇਤ ਵੱਡੀ ਗਿਣਤੀ ਚ ਸੰਗਤ ਮੌਜੂਦ ਸੀ।