ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੈਂਸਰ ਜਾਂਚ ਕੈਂਪ 16 ਨਵੰਬਰ ਨੂੰ

Last Updated: Nov 14 2019 18:23
Reading time: 1 min, 23 secs

ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਂਗਰਸ ਕਮੇਟੀ (ਸ਼ਹਿਰੀ) ਐਸ.ਏ.ਐਸ ਨਗਰ ਵੱਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਕੈਂਸਰ ਪੀੜਤ ਮਰੀਜ਼ਾਂ ਦੀ ਜਾਂਚ ਸਬੰਧੀ 16 ਨਵੰਬਰ ਦਿਨ ਸ਼ਨੀਵਾਰ ਨੂੰ ਕੈਂਸਰ ਜਾਂਚ ਕੈਂਪ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਅਗਵਾਈ 'ਚ ਫ਼ੇਜ਼ 8 ਐਸ.ਏ.ਐਸ ਨਗਰ ਸਥਿਤ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਦੇ ਸਾਹਮਣੇ ਗਰਾਊਂਡ ਵਿੱਚ ਕੈਂਸਰ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦੀ ਮੈਡੀਕਲ ਸਿਹਤ ਜਾਂਚ ਕੀਤੀ ਜਾਵੇਗੀ।

ਇਸ ਮੈਡੀਕਲ ਜਾਂਚ ਕੈਂਪ ਸਬੰਧੀ ਕਾਂਗਰਸ ਕਮੇਟੀ (ਸ਼ਹਿਰੀ) ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ 16 ਨਵੰਬਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਗਾਏ ਜਾ ਰਹੇ ਇਸ ਕੈਂਪ ਵਿੱਚ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਜਾਂਚ, ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ.ਐਸ.ਏ ਟੈਸਟ, ਔਰਤਾਂ ਤੇ ਮਰਦਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਔਰਤਾਂ ਤੇ ਮਰਦਾਂ ਦੇ ਬਲੱਡ ਕੈਂਸਰ ਦੀ ਜਾਂਚ, ਸ਼ੂਗਰ, ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ (ਮੈਮੋਗ੍ਰਾਫੀ) ਟੈਸਟ, ਔਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਲਈ (ਪੈਪ ਸਮੀਅਰ) ਤੋਂ ਇਲਾਵਾ ਬਲੱਡ ਪ੍ਰੈਸ਼ਰ, ਸ਼ੂਗਰ ਸਬੰਧੀ ਮੁਫ਼ਤ ਦਵਾਈਆਂ ਅਤੇ ਆਮ ਬਿਮਾਰੀਆਂ ਸਬੰਧੀ ਜ਼ਰੂਰਤਮੰਦ ਵਿਅਕਤੀਆਂ ਨੂੰ ਮੁਫ਼ਤ ਦਵਾਈ ਦਿੱਤੀ ਜਾਵੇਗੀ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਅ ਸਬੰਧੀ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਜਾਵੇਗਾ।

ਕਾਂਗਰਸ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਅੱਗੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ 16 ਨਵੰਬਰ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ। ਉਨ੍ਹਾਂ ਮੁਹਾਲੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਸਿਹਤ ਸਹੂਲਤਾਂ ਦਾ ਲਾਭ ਲੈਣ।