ਜਿੱਤ ਲੜਦੇ ਲੋਕਾਂ ਦੀ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 14 2019 14:14
Reading time: 2 mins, 38 secs

ਸੱਤਾ 'ਤੇ ਬਿਰਾਜਮਾਨ ਲੀਡਰਾਂ ਦੇ ਵੱਲੋਂ ਹਮੇਸ਼ਾ ਹੀ ਲੋਕਾਂ ਦੇ ਸੰਘਰਸ਼ ਨੂੰ ਦਬਾਇਆ ਜਾਂਦਾ ਰਿਹਾ ਹੈ। ਪਰ ਸਚਾਈ ਇਹ ਹੀ ਹੈ ਕਿ ਲੋਕਾਂ ਦਾ ਸੰਘਰਸ਼ ਹਮੇਸ਼ਾ ਹੀ ਰੰਗ ਲਿਆਉਂਦਾ ਹੈ। ਜਿੰਨਾ ਮਰਜ਼ੀ ਲੀਡਰ ਲੋਕਾਂ 'ਤੇ ਤਸ਼ੱਦਦ ਕਰ ਲੈਣ, ਪਰ ਆਖ਼ਰ ਜਿੱਤ ਸਚਾਈ ਦੀ ਹੀ ਹੁੰਦੀ ਹੈ। ਸੱਚ ਬੋਲਣ ਵਾਲੇ ਨੂੰ ਜਿੱਥੇ ਸਾਡੇ ਦੇਸ਼ ਦੇ ਅੰਦਰ ਜੇਲ੍ਹ ਦੀ ਹਵਾ ਖ਼ਾਣੀ ਪੈਂਦੀ ਹੈ, ਉੱਥੇ ਹੀ ਦੂਜੇ ਪਾਸੇ ਝੂਠ ਦਾ ਸਹਾਰਾ ਲੈਣ ਵਾਲਿਆਂ ਨੂੰ ਸਰਕਾਰਾਂ ਉੱਚ ਕੋਟੀ ਦੀ ਕੁਰਸੀ 'ਤੇ ਬਿਠਾ ਦਿੰਦੀਆਂ ਹਨ।

ਜਿਹੜਾ ਲੀਡਰ ਪਹਿਲੋਂ ਲੋਕਾਂ ਦੀ ਲੁੱਟ ਕਰਦਾ ਹੁੰਦਾ ਹੈ, ਉਸ ਨੂੰ ਹਕੂਮਤ ਹੋਰ ਥਾਪੜਾ ਦੇ ਦਿੰਦੀ ਹੈ। ਦੋਸਤੋ, ਅਕਸਰ ਹੀ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਦੇਸ਼ ਦੇ ਅੰਦਰ ਅੱਜਕੱਲ੍ਹ ਸੱਚ ਬੋਲਣ, ਲਿਖਣ ਵਾਲੇ ਦਾ ਕੋਈ ਵੀ ਨਹੀਂ ਹੈ। ਪਰ ਦੂਜੇ ਪਾਸੇ ਮਾਮਲੇ ਦੀ ਤਹਿ ਤੱਕ ਜਾਈਏ ਤਾਂ, ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਅੰਦਰ ਕਈ ਇਮਾਨਦਾਰ ਅਫ਼ਸਰ ਅਜਿਹੇ ਵੀ ਹਨ, ਜੋ ਲੋਕਾਂ ਦਾ ਦੁੱਖ ਦਰਦ ਸਮਝਦੇ ਹਨ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਹਨ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪਿੱਛੇ ਨਹੀਂ ਹੱਟਦੇ।

ਖ਼ੈਰ, ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ 'ਤੇ ਕੁਝ ਸਮਾਂ ਪਹਿਲੋਂ ਪੁਲਿਸ ਨੇ ਇੱਕ ਮਾਮਲਾ ਦਰਜ ਕੀਤਾ ਸੀ। ਧਨੇਰ ਭਾਵੇਂ ਹੀ ਖੱਬੇ ਪੱਖੀ ਲੀਡਰ ਸੀ, ਪਰ ਉਹ ਹਮੇਸ਼ਾ ਹੀ ਸੱਚ ਅਤੇ ਹੱਕ ਦੇ ਲਈ ਹੀ ਲੜਿਆ ਸੀ। ਇੱਕ ਪੁਲਿਸ ਕੇਸ ਦੇ ਵਿੱਚ ਧਨੇਰ ਨੂੰ ਉਮਰ ਕੈਦ ਹੋ ਗਈ ਸੀ, ਪਰ ਲੰਮੇ ਸਮੇਂ ਤੋਂ ਧਨੇਰ ਦੇ ਹੱਕਾਂ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਸੰਘਰਸ਼ ਨੂੰ ਉਸ ਵੇਲੇ ਬੀਤੇ ਕੱਲ੍ਹ ਬੂਰ ਪੈ ਗਿਆ, ਜਦੋਂ ਧਨੇਰ ਦੀ ਸਜਾ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਮੁਆਫ਼ ਕਰਨ ਦਾ ਫੈਸਲਾ ਕੀਤਾ।

ਦੋਸਤੋ, ਤੁਹਾਨੂੰ ਦੱਸ ਦਈਏ ਕਿ ਲੋਕ ਸੰਘਰਸ਼ਾਂ ਦੇ ਨਾਇਕ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੂੰ ਬਰਨਾਲਾ ਦੇ ਮਹਿਲ ਕਲਾਂ ਵਿੱਚ ਇੱਕ ਬਲਾਤਕਾਰ ਪੀੜਤ ਅਤੇ ਕਤਲ ਕੀਤੀ ਗਈ ਲੜਕੀ ਕਿਰਨਜੀਤ ਕੌਰ ਨੂੰ ਇਨਸਾਫ਼ ਦਿਵਾਉਣ ਸਮੇਂ ਬਦਲਾ ਲਊ ਭਾਵਨਾ ਦੇ ਤਹਿਤ ਪੁਲਿਸ ਵੱਲੋਂ ਇੱਕ ਝੂਠੇ ਕਤਲ ਦੇ ਮੁਕੱਦਮੇ ਵਿੱਚ ਫਸਾਇਆ ਗਿਆ। ਜਿਸ 'ਤੇ ਉਸ ਨੂੰ ਇੱਕ ਹੇਠਲੀ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਨੂੰ ਬਰਕਰਾਰ ਰੱਖਦਿਆਂ ਸੁਪਰੀਮ ਕੋਰਟ ਨੇ ਫ਼ੈਸਲਾ ਕਰਕੇ ਮਨਜੀਤ ਸਿੰਘ ਧਨੇਰ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਹੈ।

ਦੇਸ਼ ਦੀ ਸਰਬ ਉੱਚ ਅਦਾਲਤ ਵੱਲੋਂ ਇੱਕ ਝੂਠੇ ਮੁਕੱਦਮੇ ਵਿੱਚ ਇੱਕ ਆਗੂ ਨੂੰ ਸਜ਼ਾ ਦੇਣ ਦੀ ਇਨਸਾਫ਼ ਪਸੰਦ ਲੋਕਾਂ ਦੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਸੀ। ਦੱਸ ਦਈਏ ਕਿ ਜਨਤਕ ਜੱਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਸੰਘਰਸ਼ ਸਦਕਾ ਮੁੱਖ ਸਕੱਤਰ ਪੰਜਾਬ ਸਰਕਾਰ ਵੱਲੋਂ ਵੀ ਇੱਕ ਫਾਈਲ ਤਿਆਰ ਕੀਤੀ ਗਈ ਸੀ, ਜੋ ਸੁਪਰੀਮ ਕੋਰਟ ਵਿੱਚ ਪੇਸ਼ ਕੀਤੀ ਜਾਣੀ ਸੀ। ਜਿਸ ਨਾਲ ਮਨਜੀਤ ਸਿੰਘ ਧਨੇਰ ਦੀ ਸਜ਼ਾ ਰੱਦ ਕੀਤੀ ਜਾਣੀ ਸੀ। ਪਰ ਉਹ ਫਾਈਲ ਪੰਜਾਬ ਸਰਕਾਰ ਵੱਲੋਂ ਮਾਨਯੋਗ ਅਦਾਲਤ ਵਿੱਚ ਪੇਸ਼ ਹੀ ਨਹੀਂ ਕੀਤੀ ਗਈ।

ਭਾਵੇਂ ਹੀ ਇਹ ਇੱਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲੋਕਾਂ ਦੇ ਸੰਘਰਸ਼ਾਂ ਦੀ ਅਗਵਾਈ ਕਰ ਰਹੇ ਆਗੂਆਂ ਦੀ ਜ਼ੁਬਾਨ ਬੰਦ ਕਰਨ ਦੀ ਕੋਸ਼ਿਸ਼ ਸੀ, ਪਰ ਬੀਤੇ ਦਿਨੀਂ ਲੋਕਾਂ ਦੇ ਸੰਘਰਸ਼ ਨੂੰ ਉਸ ਵੇਲੇ ਵੱਡਾ ਬਲ ਮਿਲਿਆ, ਜਦੋਂ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਮਨਜੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਮੁਆਫ਼ ਕਰਨ ਦੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੱਸ ਦਈਏ ਕਿ ਰਾਜਪਾਲ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਸੁੱਖ਼ ਦਾ ਸਾਹ ਆਏਗਾ। ਦੋਸਤੋ, ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ, ਜੋ ਮਨਜੀਤ ਸਿੰਘ ਧਨੇਰ ਤੋਂ ਸਾਬਤ ਹੋ ਚੁੱਕਿਐ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।