'ਚੌਕੀਦਾਰ ਚੋਰ' ਨਹੀਂ 'ਚੌਕੀਦਾਰ ਪਿਓਰ' ਹੈ! (ਵਿਅੰਗ)

Last Updated: Nov 14 2019 12:52
Reading time: 3 mins, 14 secs

ਲਓ ਜੀ ਅੱਜ ਮਾਣਯੋਗ ਅਦਾਲਤ ਨੇ ਰਾਫੇਲ ਡੀਲ ਤੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਰਾਫੇਲ ਡੀਲ ਤੇ ਕਲੀਨ ਚਿੱਟ ਦੇ ਦਿੱਤੀ ਹੈ ਤੇ ਇਸ ਡੀਲ ਲਈ ਪਾਈ ਗਈ ਰਿਵੀਊ ਪਟੀਸ਼ਨ ਨੂੰ ਖਾਰਿਜ਼ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਸਪੱਸ਼ਟ ਹੋ ਗਿਆ ਹੈ ਕਿ 'ਚੌਕੀਦਾਰ ਚੌਰ' ਨਹੀਂ ਹੈ। ਭਾਵੇਂ ਕਿ 2019 ਦੀਆਂ ਲੋਕਸਭਾ ਚੋਣਾਂ ਵਿੱਚ ਭਾਰੀ ਬਹੁਮਤ ਦੇ ਮੁੜ ਸੱਤਾ ਦੀ ਚਾਬੀ ਮੋਦੀ ਨੂੰ ਦੇ ਕੇ ਦੇਸ਼ ਦੀ ਜਨਤਾ ਨੇ ਪਹਿਲਾਂ ਹੀ ਦਰਸ਼ਾ ਦਿੱਤਾ ਸੀ ਕਿ 'ਚੌਕੀਦਾਰ ਚੌਰ' ਨਹੀਂ ਹੈ ਤੇ ਇਸ ਦੇ ਕਾਂਗਰਸੀਆਂ ਵੱਲੋਂ ਕੇਵਲ ਤੇ ਕੇਵਲ ਭੰਡੀ ਪ੍ਰਚਾਰ ਹੀ ਕੀਤਾ ਗਿਆ ਹੈ।

ਮਾਣਯੋਗ ਅਦਾਲਤ ਨੇ ਖਾਰਿਜ਼ ਕੀਤੀ ਪਟੀਸ਼ਨ: ਜ਼ਿਕਰਯੋਗ ਹੈ ਕਿ ਲੋਕਸਭਾ ਚੋਣਾਂ ਵਿੱਚ ਜਿੱਥੇ ਕਾਂਗਰਸੀਆ ਵੱਲੋਂ ਰਾਫੇਲ ਡੀਲ ਨੂੰ ਵੱਡਾ ਮੁੱਦਾ ਬਣਾਇਆ ਗਿਆ ਸੀ ਉੱਥੇ ਇਸ ਡੀਲ ਲਈ ਰਿਵੀਊ ਪਟੀਸ਼ਨ ਵੀ ਮਾਣਯੋਗ ਅਦਾਲਤ ਵਿੱਚ ਪਾਈ ਗਈ ਸੀ ਜਿਸ ਨੂੰ ਅੱਜ ਮਾਣਯੋਗ ਅਦਾਲਤ ਨੇ ਖਾਰਿਜ਼ ਕਰ ਦਿੱਤਾ ਹੈ ਤੇ ਮਾਮਲੇ ਤੇ ਆਏ ਫੈਸਲੇ ਨਾਲ ਕੇਂਦਰ ਸਰਕਾਰ ਦਾ ਪਾਕ ਸਾਫ ਹੋਣਾ ਤੈਅ ਹੋ ਗਿਆ ਹੈ।

ਚੌਕੀਦਾਰ ਚੌਰ ਨਹੀਂ ਪਿਓਰ ਹੈ: ਚੋਣਾਂ ਵਿੱਚ ਤਾਂ ਹਰੇਕ ਸਿਆਸੀ ਪਾਰਟੀ ਇੱਕ ਦੂਸਰੇ ਤੇ ਚਿੱਕੜ ਸੁੱਟਣ ਤੋਂ ਗੁਰੇਜ਼ ਨਹੀਂ ਕਰਦੀ ਜਿਸ ਤੇ ਮੱਦੇਨਜ਼ਰ ਹੀ ਸ਼ਾਇਦ ਕਾਂਗਰਸ ਨੇ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੋਦੀ ਸਰਕਾਰ ਦੇ 2014 ਤੋਂ 2019 ਤੱਕ ਦੇ ਕਾਰਜਕਾਲ ਦੌਰਾਨ ਕੋਈ ਵੱਡਾ ਘਪਲਾ ਨਾ ਸਾਹਮਣੇ ਆਉਣ ਕਰਕੇ ਕਾਂਗਰਸ ਲਈ ਇਹ ਬਹੁਤ ਵੱਡਾ ਮੁੱਦਾ ਸੀ ਕਿ ਚੋਣਾਂ ਵਿੱਚ ਭਾਜਪਾ ਨੂੰ ਅਤੇ ਮੋਦੀ ਨੂੰ ਕਿਸ ਆਧਾਰ ਤੇ ਘੇਰਿਆ ਜਾ ਸਕੇ ਜਿਸ ਲਈ ਹੋਰ ਕੁਝ ਨਾ ਸਾਹਮਣੇ ਆਉਂਦਾ ਵੇਖ ਕੇ ਰਾਫੇਲ ਡੀਲ ਦਾ ਮੁੱਦਾ ਉਠਾਇਆ ਸੀ ਪਰ ਦੇਸ਼ ਦੇ ਲੋਕਾਂ ਨੇ ਕਾਂਗਰਸ ਦੇ ਇਸ ਮੁੱਦੇ ਨੂੰ ਨਕਾਰ ਦਿੱਤਾ ਸੀ ਤੇ ਮੋਦੀ ਪਹਿਲਾ ਤੋਂ ਵੀ ਵੱਡੀ ਲੀਡ ਨਾਲ ਜਿੱਤ ਕੇ ਮੁੜ ਪ੍ਰਧਾਨ ਮੰਤਰੀ ਬਣ ਗਏ ਸਨ। ਲੋਕਾਂ ਨੇ ਤਾਂ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ 'ਚੌਕੀਦਾਰ ਚੋਰ ਨਹੀਂ ਚੌਕੀਦਾਰ ਤਾਂ ਪਿਓਰ' ਹੈ।

ਪੀ.ਐਮ.ਓ ਨੇ ਕੀਤਾ ਫੈਸਲੇ ਦਾ ਸਵਾਗਤ: ਓਧਰ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਮਾਣਯੋਗ ਅਦਾਲਤ ਦੇ ਫੈਸਲਾ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਕਾਨੂੰਨ ਤੋਂ ਉੱਪਰ ਕੁਝ ਵੀ ਨਹੀਂ ਹੈ ਤੇ ਮਾਣਯੋਗ ਅਦਾਲਤ ਨੇ ਜੋ ਫੈਸਲਾ ਦਿੱਤਾ ਹੈ ਉਹ ਇਸ ਨਾਲ ਸੰਤੁਸ਼ਟ ਹਨ। ਪੀ.ਅੇਮ.ਓ ਨੇ ਕਿਹਾ ਰਾਹੁਲ ਗਾਂਧੀ ਵੱਲੋਂ ਪਹਿਲੇ ਦਿਨ ਤੋਂ ਹੀ ਨਿਰਾਧਾਰ ਆਰੋਪ ਲਗਾਏ ਜਾ ਰਹੇ ਸਨ ਜੋ ਤੱਥਾਂ ਤੋਂ ਕੋਹਾਂ ਦੂਰ ਸਨ। ਕਾਂਗਰਸ ਨੇ ਕੇਂਦਰ ਸਰਕਾਰ ਦੇ ਖਿਲਾਫ ਰਾਫੇਲ ਡੀਲ ਨੂੰ ਲੈ ਕੇ ਰਿਵੀਊ ਪਟੀਸ਼ਨ ਦਰਜ਼ ਕਰਵਾਈ ਸੀ।

ਭਾਜਪਾਈਆਂ ਵਿੱਚ ਖੁਸ਼ੀ ਦੀ ਲਹਿਰ: ਅਦਾਲਤ ਦੇ ਫੈਸਲੇ ਤੋਂ ਬਾਅਦ ਭਾਜਪਾਈਆਂ ਅਤੇ ਮੋਦੀ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਭਾਜਪਾਈਆਂ ਦਾ ਕਹਿਣਾ ਹੈ ਕਿ ਮਾਣਯੋਗ ਅਦਾਲਤ ਦੇ ਫੈਸਲੇ ਨਾਲ ਹੁਣ ਰਾਫੇਲ ਡੀਲ ਦੀ ਜਾਂਚ ਨਹੀਂ ਹੋਵੇਗਾ ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਨੇ ਸਿਰਫ ਸਸਤੀ ਰਾਜਨੀਤੀ ਦੀ ਖਾਤਿਰ ਦੇਸ਼ ਦੇ ਰੱਖਿਅਕ ਸੌਦਿਆਂ ਦੇ ਵੀ ਸਵਾਲ ਖੜੇ ਕੀਤੇ ਸਨ ਜਿਸ ਦਾ ਅੱਜ ਕਾਂਗਰਸ ਨੂੰ ਕਰਾਰਾ ਜਵਾਬ ਮਿਲ ਗਿਆ ਹੈ।

ਮੋਦੀ ਦੀ ਸ਼ਖ਼ਸੀਅਤ ਹੋਰ ਨਿੱਖਰੀ: ਮੋਦੀ ਸਰਕਾਰ-1 ਦੇ ਕਾਰਜਕਾਲ ਦੌਰਾਨ ਕਾਂਗਰਸ ਦੀਆਂ ਸਰਕਾਰਾਂ ਦੇ ਮੁਕਾਬਲੇ ਕੋਈ ਵੱਡਾ ਘਪਲਾ ਨਹੀਂ ਸੀ ਸਾਹਮਣੇ ਆਇਆ ਪਰ ਹੌਛੀ ਸਿਆਸਤ ਜ਼ਰੂਰ ਹੋਈ ਸੀ ਪਰ ਦੇਸ਼ ਦੀ ਜਨਤਾ ਨੇ ਮੋਦੀ ਤੇ ਵਿਸ਼ਵਾਸ ਪ੍ਰਗਟਾਇਆ ਸੀ ਤੇ ਪਹਿਲਾਂ ਤੋਂ ਵੀ ਵੱਧ ਬਹੁਮਤ ਦਿੱਤਾ ਸੀ ਹੁਣ ਅਦਾਲਤ ਤੇ ਫੈਸਲੇ ਨੇ ਵੀ ਮੋਦੀ ਸਰਕਾਰ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਜਿਸ ਨਾਲ ਮੋਦੀ ਦੀ ਸ਼ਖ਼ਸੀਅਤ ਹੋਰ ਨਿੱਖਰ ਕੇ ਸਾਹਮਣੇ ਆਈ ਹੈ ਤੇ ਇਹ ਸੰਦੇਸ਼ ਪੂਰੀ ਦੁਨੀਆ ਵਿੱਚ ਪਹੁੰਚ ਗਿਆ ਹੈ ਕਿ ਮੋਦੀ ਵਰਗੀ ਸ਼ਖਸੀਅਤ ਵਾਲਾ ਨੇਤਾ ਇਸ ਦੇਸ਼ ਵਿੱਚ ਵਿਰੋਧੀਆਂ ਕੋਲ ਨਹੀਂ ਹੈ।

ਹੁਣ ਸਵਾਲ ਇਹ ਉਠਦਾ ਹੈ ਕਿ ਇਹ ਜ਼ਰੂਰੀ ਹੈ ਕਿ ਪੈਸਿਆਂ ਦੀ ਹੀ ਚੋਰੀ ਹੋਵੇ ਤਾਂ ਬੰਦਾ ਚੋਰ ਕਹਿਲਾਉਣਾ ਚਾਹੀਦਾ ਹੈ ਕਿਸੇ ਦੀਆਂ ਭਾਵਨਾਵਾਂ, ਵਿਸ਼ਵਾਸ ਦੀ ਚੋਰੀ ਨਹੀਂ ਹੁੰਦੀ। ਅੱਜ ਭਾਵੇਂ ਮੋਦੀ ਪਾਕ ਪਵਿੱਤਰ ਹੋ ਗਏ ਹਨ। ਪਰ ਲੀਡਰਾਂ ਵੱਲੋਂ ਜੋ ਵਾਅਦੇ ਚੋਣਾਂ ਦੌਰਾਨ ਨੌਜਵਾਨਾ, ਗਰੀਬਾਂ, ਔਰਤਾਂ ਨਾਲ ਕੀਤੇ ਜਾਂਦੇ ਹਨ ਅਤੇ ਜਿੰਨ੍ਹਾ ਭਾਵਨਾਵਾਂ ਅਤੇ ਵਿਸ਼ਵਾਸ ਤੇ ਡਾਕਾ ਲੀਡਰਾਂ ਵੱਲੋਂ ਮਾਰਿਆ ਜਾਂਦਾ ਰਿਹਾ ਹੈ ਤੇ ਨਿਰੰਤਰ ਜਾਰੀ ਵੀ ਹੈ, ਇਹ ਚੋਰੀ ਕਦੋਂ ਕਹਿਲਾਏਗਾ ਤੇ ਕਦੋਂ ਅਜਿਹੀ ਚੋਰੀ ਕਰਨ ਵਾਲੇ ਲੀਡਰਾਂ ਨੂੰ ਸਜਾਵਾਂ ਮਿਲਣਗੀਆਂ ਤੇ ਕਦੋਂ ਇਹ ਭਾਵਨਾਤਮਕ ਚੋਰੀਆਂ ਤੇ ਡਾਕੇ ਬੰਦ ਹੋਣਗੇ। ਅੱਜ ਇਹ ਸਵਾਲ ਸਭ ਦੇ ਸਾਹਮਣੇ ਮੂੰਹ ਅੱਡੀ ਖੜ੍ਹਾ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।