ਜੇ ਪਰਾਲੀ ਸਾੜਣ ਵਾਲੇ ਕਿਸਾਨਾਂ 'ਤੇ ਕਾਨੂੰਨੀ ਕਾਰਵਾਈ ਹੋ ਸਕਦੀ ਏ, ਫਿਰ ਸਰਕਾਰ 'ਤੇ ਕਿਉਂ ਨਹੀਂ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 14 2019 12:38
Reading time: 2 mins, 30 secs

ਪੰਜਾਬ ਦੇ ਅੰਦਰ ਕਿਸਾਨਾਂ ਦੇ ਵੱਲੋਂ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਹੀ ਕਿਸਾਨ ਆਪਣੇ ਮੰਗ ਪੱਤਰਾਂ ਦੇ ਵਿੱਚ ਸਪਸ਼ਟ ਕਰ ਚੁੱਕੇ ਹਨ ਕਿ ਪਰਾਲੀ ਨੂੰ ਅੱਗ ਲਗਾਉਣਾ ਉਨ੍ਹਾਂ ਦੀ ਮਜਬੂਰੀ ਹੈ। ਪਰਾਲੀ ਨੂੰ ਅੱਗ ਲਗਾਏ ਤੋਂ ਬਗੈਰ ਨਸ਼ਟ ਕਰਨ ਦਾ ਉਨ੍ਹਾਂ ਦੇ ਕੋਲ ਕੋਈ ਵੀ ਹੋਰ ਚਾਰਾ ਨਹੀਂ ਹੈ। ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੀ ਮੰਗ ਨੂੰ ਅਣਗੌਲਿਆ ਕਰਦਿਆਂ ਹੋਇਆ ਕਿਸਾਨਾਂ ਉੱਪਰ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਜਿਹੜੀ ਸਰਕਾਰ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ ਪਰਾਲੀ ਸਾੜਣ ਵਾਲੇ ਕਿਸਾਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਉਸੇ ਸਰਕਾਰ ਨੂੰ ਹੀ ਪੁੱਛ ਲਿਆ ਜਾਵੇ ਕਿ ਕੀ ਤੁਹਾਡੇ ਮੰਤਰੀ, ਵਿਧਾਇਕ ਜਾਂ ਫਿਰ ਫੀਲੇ ਕਾਨੂੰਨ ਦੀ ਪਾਲਣਾ ਕਰਦੇ ਹਨ? ਕੀ ਸਰਕਾਰ ਨੇ ਕਦੇ ਕਾਨੂੰਨ ਮੁਤਾਬਿਕ ਕੰਮ ਕਰਨਾ ਠੀਕ ਸਮਝਿਆ ਹੈ? ਕੀ ਸਰਕਾਰ ਨੇ ਕਦੇ ਉਨ੍ਹਾਂ ਲੋਕਾਂ ਦੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਹੈ, ਜਿਨ੍ਹਾਂ ਨਾਲ ਵੋਟਾਂ ਸਮੇਂ ਵੱਡੇ ਵੱਡੇ ਵਾਅਦੇ ਕੀਤੇ ਹੁੰਦੇ ਹਨ?

ਜੇਕਰ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਮੁਕਰਦੀ ਹੈ ਤਾਂ ਸਰਕਾਰ 'ਤੇ ਵੀ ਕਾਨੂੰਨੀ ਡੰਡਾ ਚੱਲਣਾ ਚਾਹੀਦਾ ਹੈ। ਸਰਕਾਰ ਦੇ ਵੱਲੋਂ ਹਰ ਸਮੇਂ ਹੀ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾ ਕੇ ਆਪਣਾ ਫ਼ਾਇਦਾ ਵੇਖਿਆ ਜਾਂਦਾ ਹੈ, ਪਰ ਕਦੇ ਵੀ ਆਪਣਾ ਫ਼ਾਇਦਾ ਕਰਨ ਵਾਲੀ ਸਰਕਾਰ ਉੱਪਰ ਕਾਨੂੰਨੀ ਕਾਰਵਾਈ ਨਹੀਂ ਹੋਈ। ਕੀ ਸਰਕਾਰ ਇਕੱਲੇ ਕਿਸਾਨਾਂ ਨੂੰ ਹੀ ਕੁਚਲਣ ਵਾਸਤੇ ਸੱਤਾ ਦੇ ਵਿੱਚ ਆਉਂਦੀ ਹੈ? ਅਜਿਹੇ ਬਹੁਤ ਸਾਰੇ ਸਵਾਲ ਹਨ, ਪਰ ਮੇਰਾ ਤਾਂ ਜਵਾਬ ਇਹੋ ਹੀ ਹੈ ਕਿ ਜਿਹੜੀ ਸਰਕਾਰ ਵਾਅਦੇ ਪੂਰੇ ਨਹੀਂ ਕਰਦੀ, ਉਸ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦੇਣਾ ਚਾਹੀਦੈ।

ਦੋਸਤੋਂ, ਤੁਹਾਨੂੰ ਦੱਸ ਦਈਏ ਕਿ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਅੰਦਰ ਦਰਜਨਾਂ ਹੀ ਕਿਸਾਨਾਂ ਦੇ ਵਿਰੁੱਧ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੇ ਵਿਰੁੱਧ ਪਰਚੇ ਦਰਜ ਹੋ ਚੁੱਕੇ ਹਨ। ਪਰ ਕੋਈ ਵੀ ਪਰਚਾ ਸਰਕਾਰੀ ਅਧਿਕਾਰੀ ਜਾਂ ਫਿਰ ਕਰਮਚਾਰੀ ਉੱਪਰ ਦਰਜ ਨਹੀਂ ਹੋਇਆ, ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਚੰਗੀਆਂ ਸਹੂਲਤਾਂ ਹੀ ਸਮੇਂ ਸਿਰ ਨਹੀਂ ਪਹੁੰਚਾਈਆਂ। ਦੱਸ ਦਈਏ ਕਿ ਗੁਰੂਹਰਸਹਾਏ ਪੁਲਿਸ ਦੇ ਵੱਲੋਂ ਤਿੰਨ ਕਿਸਾਨਾਂ ਦੇ ਵਿਰੁੱਧ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ਾਂ ਤਹਿਤ ਪਰਚੇ ਦਰਜ ਕੀਤੇ ਗਏ, ਜਿਨ੍ਹਾਂ ਦਾ ਕਿਸਾਨ ਜੱਥੇਬੰਦੀਆਂ ਵਿਰੋਧ ਕਰ ਰਹੀਆਂ ਹਨ।

ਦੱਸ ਦਈਏ ਕਿ ਤਹਿਸੀਲਦਾਰ ਗੁਰੂਹਰਸਹਾਏ ਨੇ ਪੁਲਿਸ ਥਾਣਾ ਗੁਰੂਹਰਸਹਾਏ ਨੂੰ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੇ ਵਿੱਚ ਦੋਸ਼ ਲਗਾਇਆ ਕਿ ਕਿਸਾਨ ਮਹਿੰਦਰ ਰਾਮ ਪੁੱਤਰ ਗੱਜਣ ਰਾਮ ਵਾਸੀ ਪਿੰਡ ਗੁਰੂਹਰਸਹਾਏ, ਰਮੇਸ਼ ਚੰਦ ਪੁੱਤਰ ਸਾਵਨ ਰਾਮ ਵਾਸੀ ਪਿੰਡ ਗੁਰੂਹਰਸਹਾਏ ਅਤੇ ਸ਼ੰਭੂ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਛਾਗਾਂ ਰਾਏ ਹਿਠਾੜ ਦੇ ਵੱਲੋਂ ਆਪਣੀਆਂ ਆਪਣੀਆਂ ਜ਼ਮੀਨਾਂ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੈ, ਜਿਸ ਦੀ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਗਾਈ ਗਈ ਹੈ। ਤਹਿਸੀਲਦਾਰ ਨੇ ਦੱਸਿਆ ਕਿ ਉਕਤ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਹੁਕਮਾਂ ਦੀ ਉਲੰਘਨਾ ਕੀਤੀ ਹੈ।

ਦੂਜੇ ਪਾਸੇ ਇਨ੍ਹਾਂ ਮਾਮਲਿਆਂ ਦੀ ਜਾਂਚ ਕਰ ਰਹੇ ਥਾਣਾ ਗੁਰੂਹਰਸਹਾਏ ਦੇ ਏਐਸਆਈ ਮੁਖਤਿਆਰ ਸਿੰਘ ਅਤੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਤਹਿਸੀਲਦਾਰ ਗੁਰੂਹਰਸਹਾਏ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ ਦੇ ਆਧਾਰ 'ਤੇ ਕਿਸਾਨ ਮਹਿੰਦਰ ਰਾਮ ਪੁੱਤਰ ਗੱਜਣ ਰਾਮ ਵਾਸੀ ਪਿੰਡ ਗੁਰੂਹਰਸਹਾਏ, ਰਮੇਸ਼ ਚੰਦ ਪੁੱਤਰ ਸਾਵਨ ਰਾਮ ਵਾਸੀ ਪਿੰਡ ਗੁਰੂਹਰਸਹਾਏ ਅਤੇ ਸ਼ੰਭੂ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਛਾਗਾਂ ਰਾਏ ਹਿਠਾੜ ਦੇ ਵਿਰੁੱਧ ਧਾਰਾ 188 ਆਈਪੀਸੀ ਐਕਟ ਤਹਿਤ ਪਰਚੇ ਦਰਜ ਕਰ ਲਏ ਗਏ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।