ਆਬਕਾਰੀ ਵਿਭਾਗ ਨੇ ਮਾਰਿਆ ਗੁਲਾਮ ਹੁਸੈਨ ਵਾਲਾ ਵਿਖੇ ਛਾਪਾ !!!

Last Updated: Nov 14 2019 12:32
Reading time: 1 min, 8 secs

ਬੀਤੇ ਦਿਨ ਆਬਕਾਰੀ ਵਿਭਾਗ ਫਿਰੋਜ਼ਪੁਰ ਦੇ ਵੱਲੋਂ ਪਿੰਡ ਗੁਲਾਮ ਹੁਸੈਨ ਵਾਲਾ ਵਿਖੇ ਛਾਪੇਮਾਰੀ ਕਰਕੇ 100 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜਦਕਿ ਤਿੰਨ ਵਿਅਕਤੀ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧ ਵਿੱਚ ਪੁਲਿਸ ਥਾਣਾ ਸਦਰ ਫਿਰੋਜ਼ਪੁਰ ਦੇ ਵੱਲੋਂ ਤਿੰਨ ਵਿਅਕਤੀਆਂ ਦੇ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ ਦੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨ ਆਪਣੀ ਪੁਲਿਸ ਪਾਰਟੀ ਤੇ ਆਬਕਾਰੀ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਗਸ਼ਤ ਕਰ ਰਿਹਾ ਸੀ ਤਾਂ ਇਸੇ ਦੌਰਾਨ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਾਸ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਮਨਜੀਤ ਸਿੰਘ ਉਰਫ਼ ਪਿੱਪਲ, ਗੁਰਮੀਤ ਸਿੰਘ ਉਰਫ ਮੀਤਾ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨਜਾਇਜ਼ ਸ਼ਰਾਬ ਕੱਢ ਕੇ ਵੇਚਣ ਦੇ ਆਦੀ ਹਨ ਅਤੇ ਹੁਣ ਵੀ ਉਕਤ ਵਿਅਕਤੀ ਸ਼ਰਾਬ ਵੇਚ ਰਹੇ ਹਨ।

ਪੁਲਿਸ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਮੁਖ਼ਬਰ ਤੋਂ ਸੂਚਨਾ ਮਿਲਦਿਆਂ ਸਾਰ ਜਦੋਂ ਪਿੰਡ ਗੁਲਾਮ ਹੁਸੈਨ ਵਾਲਾ ਵਿਖੇ ਛਾਪੇਮਾਰੀ ਕੀਤੀ ਗਈ ਤਾਂ, ਉੱਥੋਂ 100 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ, ਜਦਕਿ ਉਕਤ ਵਿਅਕਤੀ ਭੱਜਣ ਵਿੱਚ ਸਫ਼ਲ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਫਰਾਰ ਹੋਣ ਵਾਲੇ ਮਨਜੀਤ ਸਿੰਘ ਉਰਫ਼ ਪਿੱਪਲ ਪੁੱਤਰ ਜੰਗੀਰ ਸਿੰਘ ਵਾਸੀ ਕਮਾਲੇ ਵਾਲਾ, ਗੁਰਮੀਤ ਸਿੰਘ ਉਰਫ਼ ਮੀਤਾ ਪੁੱਤਰ ਪ੍ਰੇਮ ਸਿੰਘ ਵਾਸੀ ਚਾਂਦੀ ਵਾਲਾ ਅਤੇ ਸੁਖਵਿੰਰਦ ਸਿੰਘ ਉਰਫ਼ ਸੁੱਖਾ ਪੁੱਤਰ ਭਗਵਾਨ ਸਿੰਘ ਵਾਸੀ ਪੁਰਾਣਾ ਬਾਰੇ ਕੇ ਦੇ ਵਿਰੁੱਧ ਆਬਕਾਰੀ ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।