ਜੇਕਰ ਤੁਸੀਂ ਵੀ ਆਪਣੇ ਵਿਰੋਧੀਆਂ ਨੂੰ ਜਨਤਕ ਤੌਰ ਤੇ ਭੰਡਣਾ ਚਾਹੁੰਦੇ ਹੋ ਤਾਂ ਬਣ ਜਾਓ ਨੇਤਾ, ਨਹੀਂ ਹੋਵੇਗਾ ਕੁਝ ! (ਵਿਅੰਗ)

Last Updated: Nov 14 2019 12:30
Reading time: 3 mins, 21 secs

ਸਮਾਜ ਵਿੱਚ ਵਿੱਚਰਦਿਆਂ ਹਰ ਇਨਸਾਨ ਦਾ ਕੋਈ ਨਾ ਕੋਈ ਵਿਰੋਧੀ ਬਣ ਹੀ ਜਾਂਦਾ ਹੈ ਤੇ ਜੇਕਰ ਤੁਹਾਡਾ ਵੀ ਕੋਈ ਵਿਰੋਧੀ ਹੈ ਤੇ ਤੁਸੀਂ ਆਪਣੇ ਮਨ ਦੀ ਭੜਾਸ ਉਸ ਨੂੰ ਜਨਤਕ ਤੌਰ ਤੇ ਭੰਡ ਕੇ ਕੱਢਣਾ ਚਾਹੁੰਦੇ ਹੋ ਤਾਂ ਸਭ ਤੋਂ ਵਧੀਆ ਤਰੀਕਾ ਹੈ ਤੁਸੀਂ ਵੀ ਕਿਸੇ ਸਿਆਸੀ ਪਾਰਟੀ ਦੇ ਨੇਤਾ ਬਣਾ ਜਾਓ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਵਿਰੋਧੀਆਂ ਨੂੰ ਜਨਤਕ ਤੌਰ ਤੇ ਭੰਡਣ ਦਾ ਲਾਇਸੈਂਸ ਮਿਲ ਜਾਂਦਾ ਹੈ ਤੇ ਫੇਰ ਕੋਈ ਵੀ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕਦਾ, ਭਾਵੇਂ ਉਹ ਕਾਨੂੰਨ ਹੀ ਕਿਉਂ ਨਾ ਹੋਵੇ।

ਰਾਹੁਲ ਗਾਂਧੀ ਨੇ ਚੋਣਾਂ ਦੌਰਾਨ ਭੰਡਿਆ ਸੀ ਮੋਦੀ ਨੂੰ: ਲੋਕਸਭਾ ਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਤਤਕਾਲੀ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਭੰਡੀ ਪ੍ਰਚਾਰ ਕਰਦਿਆਂ ਰਾਫੇਲ ਨੂੰ ਮੁੱਖ ਮੁੱਦਾ ਬਣਾਇਆ ਸੀ ਤੇ ਮੋਦੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਸਨ। ਰਾਹੁਲ ਗਾਂਧੀ ਨੇ ਤਾਂ ਮੁੱਖ ਮੁੱਦਾ ਹੀ 'ਰਾਫੇਲ ਡੀਲ' ਨੂੰ ਹੀ ਬਣਾ ਲਿਆ ਸੀ ਤੇ ਨਾਅਰਾ ਦੇ ਦਿੱਤਾ ਸੀ ਕਿ 'ਚੌਕੀਦਾਰ ਹੀ ਚੋਰ ਹੈ'। ਰਾਹੁਲ ਨੇ ਇਹ ਨਾਅਰਾ ਆਪਣੀਆਂ ਹਰ ਚੋਣ ਸਭਾਵਾਂ ਵਿੱਚ ਦਿੱਤਾ ਸੀ ਜਿਸ ਨੂੰ ਲੈ ਕੇ ਲੋਕਾਂ ਨੇ ਕਈ ਥਾਂਈ ਇਸ ਨੂੰ ਪਸੰਦ ਵੀ ਕੀਤਾ ਸੀ ਪਰ ਜ਼ਿਆਦਾ ਵਾਰ ਇਸ ਦਾ ਵਿਰੋਧ ਹੀ ਹੋਇਆ ਸੀ।

ਭਾਜਪਾ ਨੇ ਕਾਨੂੰਨੀ ਤੌਰ ਤੇ ਘੇਰਿਆ ਸੀ ਰਾਹੁਲ ਨੂੰ: ਚੋਣਾਂ ਦੌਰਾਨ 'ਚੌਕੀਦਾਰ ਹੀ ਚੋਰ ਹੈ' ਦੇ ਨਾਅਰੇ ਨੂੰ ਲੈ ਕੇ ਭਾਜਪਾਈਆਂ ਨੇ ਰਾਹੁਲ ਗਾਂਧੀ ਦੇ ਖਿਲਾਫ ਮਾਣਯੋਗ ਅਦਾਲਤ ਵਿੱਚ ਮਾਨਹਾਨੀ ਦਾ ਕੇਸ ਕੀਤਾ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਪਹਿਲਾ ਤਾਂ ਆਪਣੇ ਬਿਆਨ ਵਿੱਚ ਇਸ ਦਾ ਸਪਸ਼ਟੀਕਰਨ ਦੇ ਦਿੱਤਾ ਸੀ ਪਰ ਬਾਅਦ ਵਿੱਚ ਲਿਖਤੀ ਮੁਆਫੀ ਵੀ ਮੰਗ ਲਈ ਸੀ। ਅਜਿਹਾ ਕਰਨ ਨਾਲ ਇਹ ਤਾਂ ਸਪਸ਼ਟ ਹੋ ਗਿਆ ਸੀ ਕਿ ਰਾਹੁਲ ਗਾਂਧੀ ਨੇ ਇਹ ਨਾਅਰਾ ਸਿਰਫ ਤੇ ਸਿਰਫ ਚੋਣਾਂ ਵਿੱਚ ਆਪਣੀ ਪਾਰਟੀ ਨੂੰ ਫਾਇਦਾ ਦਿਵਾਉਣ ਦੇ ਮੰਤਵ ਨਾਲ ਹੀ ਦਿੱਤਾ ਸੀ ਜਿਸ ਵਿੱਚ ਕੋਈ ਸੱਚਾਈ ਨਹੀਂ ਸੀ।

ਰਾਹੁਲ ਨੂੰ ਮਿਲੀ ਅੱਜ ਰਾਹਤ: ਮਾਣਯੋਗ ਕੋਰਟ ਨੇ ਮਾਨਹਾਨੀ ਕੇਸ ਵਿੱਚ ਅੱਜ ਫੈਸਲਾ ਸੁਣਾ ਦਿੱਤਾ ਹੈ ਤੇ ਰਾਹੁਲ ਗਾਂਧੀ ਨੂੰ ਚੇਤਾਵਨੀ ਦਿੰਦਿਆਂ ਭਵਿੱਖ ਵਿੱਚ ਰਾਜਨੀਤਕ ਲਾਭ ਲਈ ਅਜਿਹਾ ਨਾ ਕਰਨ ਦੀ ਹਦਾਇਤ ਦੇ ਦਿੱਤੀ ਹੈ ਤੇ ਨਾਲ ਹੀ ਮਾਨਹਾਨੀ ਦਾ ਕੇਸ ਰੱਦ ਕਰ ਦਿੱਤਾ ਹੈ।

ਕੇਜਰੀਵਾਲ ਵੀ ਮੰਗ ਚੁੱਕੇ ਹਨ ਅਜਿਹੀ ਮੁਆਫੀ: ਇਹ ਇੱਕਲਾ ਰਾਹੁਲ ਗਾਂਧੀ ਦੀ ਹੀ ਗੱਲ ਨਹੀਂ ਹੈ ਅਜਿਹੇ ਕਈ ਨੇਤਾ ਹਨ ਜਿੰਨ੍ਹਾਂ ਨੇ ਰਾਜਨੀਤਕ ਲਾਭ ਲਈ ਆਪਣੇ ਵਿਰੋਧੀਆਂ ਨੂੰ ਜਨਤਕ ਤੌਰ ਤੇ ਖੂਬ ਭੰਡਿਆ ਸੀ ਤੇ ਬਾਅਦ ਵਿੱਚ ਮੁਆਫੀ ਵੀ ਮੰਗੀ ਸੀ। ਇਸੇ ਤਰ੍ਹਾਂ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਖੂਬ ਭੰਡੀ ਪ੍ਰਚਾਰ ਕੀਤਾ ਸੀ ਤੇ ਜਦੋਂ ਅਦਾਲਤ ਦੀਆਂ ਤਾਰੀਖਾਂ ਪਈਆਂ ਸਨ ਤਾਂ ਕੇਜਰੀਵਾਲ ਨੇ ਵੀ ਮੁਆਫੀ ਮੰਗ ਕੇ ਹੀ ਖਹਿਰਾ ਛੁਡਵਾਇਆ ਸੀ।

ਨੇਤਾਵਾਂ ਵੱਲੋਂ ਪਹਿਲਾਂ ਇੱਕ ਦੂਸਰੇ ਦੇ ਖਿਲਾਫ ਜਨਤਕ ਤੌਰ ਤੇ ਭੰਡੀ ਪ੍ਰਚਾਰ ਕਰਨ ਤੋਂ ਬਾਅਦ ਮੁਆਫੀ ਮੰਗਣਾ ਤਾਂ ਆਮ ਜਿਹੀ ਗੱਲ ਹੀ ਹੋ ਗਈ ਹੈ ਪਰ ਸਿਆਸੀ ਪਾਰਟੀਆਂ ਦੇ ਵਰਕਰ ਅਤੇ ਆਮ ਜਨਤਾ ਜੋ ਅਜਿਹੇ ਲੀਡਰਾਂ ਨੂੰ ਸੱਤਾ ਦੀ ਕੁਰਸੀ ਤੇ ਪਹੁੰਚਾਉਂਦੀ ਹੈ ਅਜੇ ਤੱਕ ਨਹੀਂ ਸਮਝ ਸਕੀ ਹੈ ਕਿ ਸਿਆਸੀ ਲੋਕਾਂ ਦਾ ਵਿਰੋਧ ਸਿਰਫ ਗੱਲੀਂ ਬਾਤੀ ਕੜਾਹ ਬਣਾਉਣ ਦੇ ਵਰਗਾ ਹੀ ਹੁੰਦਾ ਹੈ ਸੱਚਾਈ ਕੁਝ ਹੋਰ ਹੀ ਹੁੰਦੀ ਹੈ।

ਆਮ ਜਨਤਾ ਅਤੇ ਸਿਆਸੀ ਲੋਕਾਂ ਦੇ ਵਰਕਰ ਐਵੇਂ ਹੀ ਅਜਿਹੇ ਪ੍ਰਚਾਰ ਦਾ ਹਿੱਸਾ ਬਣ ਕੇ ਆਪਸੀ ਭਾਈਚਾਰਕ ਸਾਂਝ ਖਤਮ ਕਰਕੇ ਦੁਸ਼ਮਣੀਆਂ ਵਧਾ ਲੈਂਦੇ ਹਨ ਜਦਕਿ ਵੱਡੇ ਪੱਧਰ ਤੇ ਸਿਆਸਤਦਾਨਾਂ ਦੀ ਨਾਨੀ ਇੱਕੋ ਹੀ ਹੁੰਦੀ ਹੈ ਤੇ ਕਦੇ ਵੀ ਅਜਿਹੀ ਭੰਡੀ ਬਿਆਨਬਾਜ਼ੀ ਦਾ ਕਿਸੇ ਵੀ ਲੀਡਰ ਨੇ ਕਦੇ ਵੀ ਬੁਰਾ ਨਹੀਂ ਮਨਾਇਆ ਹੈ ਤੇ ਨਾ ਹੀ ਕਿਸੇ ਨੂੰ ਇਸ ਨਾਲ ਕੋਈ ਸ਼ਰਮ ਜਾਂ ਬੇਇੱਜ਼ਤੀ ਮਹਿਸੂਸ ਹੋਈ ਹੈ ਤਾਂਹੀਓਂ ਤਾਂ ਵੇਖਣ ਵਿੱਚ ਆਉਂਦਾ ਰਹਿੰਦਾ ਹੈ ਕਿ ਇੱਕ ਦੂਸਰੇ ਦੇ ਖਿਲਾਫ ਹੇਠਲੇ ਪੱਧਰ ਦੀ ਬਿਆਨਬਾਜ਼ੀ ਕਰਨ ਤੋਂ ਬਾਅਦ ਵੀ ਇਹ ਸਿਆਸਤਦਾਨ ਇੱਕਠੇ ਕਈ ਵਾਰ ਕਈ ਸਮਾਗਮਾਂ ਵਿੱਚ ਦੇਖੇ ਜਾ ਸਕਦੇ ਹਨ। ਜਿਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਜੇਕਰ ਕਿਸੇ ਦਾ ਜਨਤਕ ਤੌਰ ਤੇ ਆਪਣੇ ਵਿਰੋਧੀ ਨੂੰ ਭੰਡਣ ਦਾ ਦਿਲ ਕਰ ਰਿਹਾ ਹੋਵੇ ਤਾਂ ਉਹ ਵੀ ਕਿਸੇ ਸਿਆਸੀ ਜਮਾਤ ਦਾ ਹਿੱਸਾ ਬਣ ਕੇ ਅਜਿਹਾ ਕਰ ਸਕਦਾ ਹੈ। ਇਸ ਗੱਲ ਦੀ ਗਰੰਟੀ ਹੈ ਕਿ ਨਾ ਤਾਂ ਕੋਈ ਕਾਨੂੰਨ ਤੇ ਨਾ ਹੀ ਕੋਈ ਹੋਰ ਅਜਿਹਾ ਕਰਨ ਨਾਲ ਤੁਹਾਨੂੰ ਕੋਈ ਸਜ਼ਾ ਦੇਵੇਗਾ ਤੇ ਨਾ ਹੀ ਤੁਹਾਡੇ ਖਿਲਾਫ ਕੋਈ ਕਾਰਵਾਈ ਹੀ ਹੋਵੇਗੀ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।