ਢੱਠੇ ਵੀ ਖੋਲ੍ਹਣ ਲੱਗੇ ਮੂੰਹ, ਕੀ ਅਸੀਂ ਕਿਸੇ ਦੇ ਕੁਝ ਨਹੀਂ ਲੱਗਦੇ !!! (ਵਿਅੰਗ)

Last Updated: Nov 14 2019 12:15
Reading time: 2 mins, 13 secs

ਸਾਡਾ ਭਾਰਤ ਦੇਸ਼ ਹੀ ਇੱਕ ਅਜਿਹਾ ਦੇਸ਼ ਹੈ, ਜਿੱਥੇ ਗਾਂ ਨੂੰ ਮਾਂ ਦਾ ਦਰਜਾ ਸਮੇਂ ਦੀਆਂ ਸਰਕਾਰਾਂ ਅਤੇ ਹਿੰਦੂਤਵ ਦੇ ਵੱਲੋਂ ਦਿੱਤਾ ਗਿਆ ਹੈ। ਗਾਂ ਭਾਵੇਂ ਹੀ ਹਿੰਦੂਆਂ ਦੀ ਮਾਂ ਲੱਗਦੀ ਹੋਵੇ, ਪਰ ਹੋਰ ਸਮਾਜ ਗਾਂ ਨੂੰ ਸਿਰਫ਼ ਪਸ਼ੂ ਹੀ ਸਮਝਦੇ ਹਨ। ਗਾਂ ਦੇ ਦੁੱਧ ਤੋਂ ਇਲਾਵਾ ਗਾਂ ਦੇ ਗੋਬਰ 'ਤੇ ਕਈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵੱਲੋਂ ਵੰਨ ਸੁਵੰਨੇ ਬਿਆਨ ਵੀ ਦਿੱਤੇ ਜਾਂਦੇ ਰਹੇ ਹਨ ਅਤੇ ਕਈ ਜਗ੍ਹਾਵਾਂ ਤੋਂ ਤਾਂ ਗਾਂ ਦਾ ਮੂਤ ਪੀਣ ਵਾਲਿਆਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਹਨ।

ਗਾਂ ਜਿਸ ਨੂੰ ਹਿੰਦੂ ਸਮਾਜ ਮਾਂ ਮੰਨਦਾ ਹੈ, ਉਹ ਹੀ ਗਾਂ ਸੜਕਾਂ 'ਤੇ ਹਾਦਸੇ ਕਰਦੀ ਫਿਰਦੀ ਹੈ। ਇਹ ਅਸੀਂ ਨਹੀਂ ਕਹਿੰਦੇ, ਇਹ ਤਾਂ ਸਾਰਾ ਸਮਾਜ ਹੀ ਕਹਿੰਦਾ ਹੈ। ਦੋਸਤੋ, ਗਾਂ ਤੋਂ ਯਾਦ ਆਇਆ ਕਿ ਢੱਠਾ, ਜਿਸ ਨੂੰ ਕੋਈ ਵੀ ਨਹੀਂ ਪੁੱਛਦਾ। ਢੱਠਾ ਉਹ ਹੀ ਹੁੰਦਾ ਹੈ, ਜੋ ਕਿ ਇੱਕ ਗਾਂ ਦਾ ਘਰਵਾਲਾ ਹੁੰਦਾ ਹੈ। ਇਹ ਸਭ ਨੂੰ ਪਤਾ ਹੈ ਕਿ ਗਾਂ ਦੀ ਤਾਂ ਸਾਰੇ ਹੀ ਪੂਜਾ ਕਰਦੇ ਹਨ, ਪਰ ਢੱਠੇ ਵਿਚਾਰੇ ਨੂੰ ਕੋਈ ਨਹੀਂ ਪੁੱਛਦਾ। ਸੜਕਾਂ 'ਤੇ ਗਾਵਾਂ ਦੇ ਨਾਲ-ਨਾਲ ਲਗਾ ਫਿਰਦਾ ਢੱਠਾ ਕਈ ਸੜਕੀ ਹਾਦਸਿਆਂ ਨੂੰ ਸੱਦਾ ਦਿੰਦਾ ਹੈ।

ਦੋਸਤੋ, ਭਾਵੇਂ ਹੀ ਹੁਣ ਪੰਜਾਬ ਦੇ ਅੰਦਰ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਧੁੰਦ ਦੇ ਕਾਰਨ ਹਾਦਸੇ ਵੀ ਵਾਪਰਨੇ ਸ਼ੁਰੂ ਹੋ ਗਏ ਹਨ। ਧੁੰਦ ਦੇ ਕਾਰਨ ਵਾਪਰੇ ਹਾਦਸਿਆਂ ਦੇ ਵਿੱਚ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਪਰ ਕੋਈ ਵੀ ਨਹੀਂ ਸੋਚ ਰਿਹਾ ਕਿ ਧੁੰਦ ਦੇ ਮੌਸਮ ਵਿੱਚ ਵਹੀਕਲ ਨੂੰ ਹੌਲੀ ਚਲਾਇਆ ਜਾਵੇ। ਹਰ ਕਿਸੇ ਨੂੰ ਛੇਤੀ ਹੈ ਆਪਣੇ ਸਥਾਨ 'ਤੇ ਪਹੁੰਚਣ ਦੀ। ਪਰ ਕੋਈ ਇਹ ਨਹੀਂ ਸੋਚਦਾ ਕਿ ਇਹ ਭਿਆਨਕ ਧੁੰਦ ਉਨ੍ਹਾਂ ਦੀ ਜਾਨ ਵੀ ਲੈ ਸਕਦੀ ਹੈ। ਖ਼ੈਰ, ਧੁੰਦ ਦੇ ਵਿੱਚ ਹੀ ਲੁੱਕ ਛਿਪ ਕੇ ਢੱਠੇ ਵੀ ਲੱਗੇ ਫਿਰਦੇ ਹਨ।

ਢੱਠਿਆਂ ਦੀ ਟੱਕਰ ਦਾ ਸ਼ਿਕਾਰ ਹੋਏ ਲੋਕ ਸਿੱਧਾ "ਰੱਬ" ਦੇ ਚਰਨਾਂ ਵਿੱਚ ਹੀ ਬਿਰਾਜਮਾਨ ਹੁੰਦੇ ਹਨ। ਦੱਸ ਦਈਏ ਕਿ ਜਿਹੜੀ ਵੀ ਸਰਕਾਰ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਇਹ ਦਾਅਵਾ ਕਰਦਾ ਹੈ ਕਿ ਉਨ੍ਹਾਂ ਦੇ ਵੱਲੋਂ ਅਵਾਰਾ ਪਸ਼ੂਆਂ ਤੋਂ ਇਲਾਵਾ ਗਾਵਾਂ ਨੂੰ ਸਾਂਭਣ ਵਾਸਤੇ ਪੂਰੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਉਕਤ ਅਧਿਕਾਰੀਆਂ ਅਤੇ ਸਰਕਾਰ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਫ਼ਤਰਾਂ ਵਿੱਚ ਹੀ ਉਕਤ ਅਵਾਰਾ ਪਸ਼ੂ, ਢੱਠੇ ਅਤੇ ਗਾਵਾਂ ਸ਼ਰੇਆਮ ਹੀ ਖੁੱਲ੍ਹੇ ਲੱਗੇ ਫਿਰਦੇ ਹਨ ਅਤੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।

ਵਿਅੰਗਕਾਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸੜਕਾਂ 'ਤੇ ਖੁੱਲ੍ਹੇਆਮ ਲੱਗੇ ਫਿਰਦੇ ਢੱਠੇ ਵੀ ਸੋਚਦੇ ਹੋਣਗੇ ਕਿ ਉਹ ਭਲਾ ਕਿਸੇ ਦੇ ਕੁਝ ਨਹੀਂ ਲੱਗਦੇ? ਕੀ ਗਾਵਾਂ ਦੀ ਤਰ੍ਹਾਂ ਹਿੰਦੂ ਸਮਾਜ ਉਨ੍ਹਾਂ ਨੂੰ ਵੀ ਕਦੇ ਪੂਜੇਗਾ? ਦੋਸਤੋ, ਬੇਸ਼ੱਕ ਗਾਂ ਨੂੰ ਮਾਂ ਕਹਿਣਾ ਹਿੰਦੂ ਸਮਾਜ ਦੇ ਲਈ ਠੀਕ ਹੋਵੇਗਾ, ਪਰ ਢੱਠਿਆਂ ਨੂੰ ਵੀ ਕੋਈ ਨਾਮ ਹਿੰਦੂ ਸਮਾਜ ਦੇ ਦੇਵੇ ਤਾਂ, ਜੋ ਉਹ ਵੀ ਆਪਣੇ 'ਤੇ ਲੱਗੇ 'ਅਵਾਰਾ ਆਤੰਕ' ਦਾ ਟੈਗ ਹਟਾ ਸਕਣ। ਦੇਖਦੇ ਹਾਂ ਕਿ ਢੱਠਿਆਂ ਦੀ ਪੁਕਾਰ ਕਦੋਂ ਕੋਈ ਸਰਕਾਰ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀ ਸੁਣਦਾ ਹੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।