ਪਹੇਲੀ ਹੀ ਬਣ ਗਿਆ ਅਰਮਾਨ ਦਾ ਲਾਪਤਾ ਹੋਣਾ !! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 14 2019 12:00
Reading time: 2 mins, 51 secs

ਅਬੋਹਰ ਦੀ ਨਵੀਂ ਆਬਾਦੀ 'ਚੋਂ ਲਾਪਤਾ ਹੋਏ 12 ਸਾਲਾਂ ਅਰਮਾਨ ਦਾ ਕੋਈ ਸੁਰਾਗ ਨਹੀਂ ਲੱਗਿਆ ਹੈ ਉੱਥੇ ਹੀ 21 ਸਾਲਾਂ ਨੌਜਵਾਨ ਦੇ ਲਾਪਤਾ ਹੋਣ ਦੇ ਮਾਮਲੇ ਨੇ ਪੁਲਿਸ ਨੂੰ ਇੱਕ ਵੱਡੀ ਚਣੋਤੀ ਦਿੱਤੀ ਹੈ। ਅਰਮਾਨ 17 ਅਕਤੂਬਰ ਨੂੰ ਲਾਪਤਾ ਹੋਇਆ ਹੈ ਜਦ ਕਿ ਭਾਰਤ 5 ਨਵੰਬਰ ਨੂੰ। ਦੋਵਾਂ ਮਾਮਲਿਆਂ 'ਚ ਸੋਸ਼ਲ ਮੀਡਿਆ ਦਾ ਵੀ ਸਹਾਰਾ ਲਿਆ ਗਿਆ ਪ੍ਰੰਤੂ ਹਲੇ ਤੱਕ ਕੋਈ ਸੁਰਾਗ ਨਹੀਂ ਲੱਗਿਆ।

ਦੱਸ ਦਈਏ ਕਿ 12 ਸਾਲਾਂ ਲਾਪਤਾ ਅਰਮਾਨ ਦਾ ਪਿਤਾ ਬਲਜਿੰਦਰ ਸਿੰਘ ਫਾਈਨੈਂਸਰ ਹੈ ਅਤੇ ਉਸਦੇ ਉੱਪਰ ਇਲਜ਼ਾਮ ਹੈ ਕਿ ਉਸਦੇ ਵੱਲੋਂ ਪੈਸਿਆਂ ਲਈ ਇੱਕ ਵਿਅਕਤੀ ਨੂੰ ਤੰਗ ਪਰੇਸ਼ਾਨ ਕਰਨ ਦੇ ਚਲਦਿਆਂ ਵਿਅਕਤੀ ਵੱਲੋਂ ਖੁਦਕੁਸ਼ੀ ਕਰ ਲਈ ਗਈ। ਇਸ ਮਾਮਲੇ 'ਚ ਉਹ ਜਮਾਨਤ 'ਤੇ ਬਾਹਰ ਆਇਆ ਹੈ। ਅਰਮਾਨ ਦੇ ਲਾਪਤਾ ਹੋਣ ਪਿੱਛੇ ਬਲਜਿੰਦਰ ਸਿੰਘ ਨੇ ਮ੍ਰਿਤਕ ਵਿਅਕਤੀ ਦੇ ਪਰਿਵਾਰ 'ਤੇ ਉਸਦੇ ਬੇਟੇ ਨੂੰ ਅਗਵਾ ਕਰਨ ਦਾ ਇਲਜ਼ਾਮ ਲਾਇਆ, ਪਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਗੰਭੀਰਤਾ ਨਾਲ ਜਾਂਚ ਅਤੇ ਪੁੱਛ ਪੜਤਾਲ ਕੀਤੀ ਗਈ ਹੈ ਪ੍ਰੰਤੂ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ ਜਿਸ ਤੋਂ ਲਾਏ ਗਏ ਇਲਜ਼ਾਮ ਸਾਬਤ ਹੁੰਦੇ ਹਨ।

17 ਅਕਤੂਬਰ ਦੀ ਸ਼ਾਮ ਨੂੰ ਘਰ ਦੇ ਬਾਹਰ ਖੇਡ ਰਹੇ ਅਰਮਾਨ ਨੂੰ ਮੋਟਰਸਾਇਕਲ ਸਵਾਰ ਦੋ ਵਿਅਕਤੀ ਆਪਣੇ ਨਾਲ ਮੋਟਰਸਾਇਕਲ 'ਤੇ ਬੈਠਾ ਕੇ ਲੈ ਜਾਂਦੇ ਜ਼ਰੂਰ ਸੀ.ਸੀ.ਟੀ.ਵੀ ਦੀ ਫੁਟੇਜ 'ਚ ਨਜ਼ਰ ਆਉਂਦੇ ਹਨ ਪਰ ਉਨ੍ਹਾਂ ਦੀ ਪਹਿਚਾਨ, ਮੋਟਰਸਾਇਕਲ ਦੇ ਨੰਬਰ ਸਬੰਧੀ ਕੋਈ ਸੁਰਾਗ ਪੁਲਿਸ ਹੱਥ ਨਹੀਂ ਲੱਗਿਆ ਹੈ। ਪੁਲਿਸ ਵੱਲੋਂ ਨਵੀਂ ਆਬਾਦੀ ਦੇ ਘਰ ਘਰ 'ਚ ਜਾ ਕੇ ਜਾਂਚ ਕੀਤੀ ਗਈ ਪਰ ਪੁਲਿਸ ਨੂੰ ਕੋਈ ਅਜਿਹਾ ਸੁਰਾਗ ਨਹੀਂ ਮਿਲਿਆ ਜਿਸ ਤੋਂ ਇਸ ਜਾਂਚ ਨੂੰ ਅੱਗੇ ਵਧਾਇਆ ਜਾਵੇ।

ਬੀਤੇ ਦਿਨ ਇਸ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਇੱਕ ਬੱਚੇ ਦੀ ਹਸਪਤਾਲ 'ਚ ਜੇਰੇ ਇਲਾਜ ਹੋਣ ਦੀ ਤਸਵੀਰ ਸੋਸ਼ਲ ਮੀਡਿਆ 'ਤੇ ਵਾਇਰਲ ਹੋਈ ਅਤੇ ਹਸਪਤਾਲ ਜੈਪੁਰ ਦਾ ਦੱਸਿਆ ਗਿਆ। ਤਸਵੀਰ ਨੂੰ ਵੇਖ ਕੇ ਬਲਜਿੰਦਰ ਸਿੰਘ ਨੇ ਤਸਵੀਰ ਅਰਮਾਨ ਨਾਲ ਮੇਲ ਖਾਂਦੀ ਦੱਸਣ 'ਤੇ ਪੁਲਿਸ ਦੀ ਟੀਮ ਅਤੇ ਅਰਮਾਨ ਦਾ ਪਰਿਵਾਰ ਜੈਪੁਰ ਰਵਾਨਾ ਹੋਇਆ ਅਤੇ ਜੈਪੁਰ ਦੇ ਸਾਰੇ ਹਸਪਤਾਲਾਂ 'ਚ ਪੁੱਛਗਿੱਛ ਕਰਨ ਦੇ ਬਾਵਜੂਦ ਤਸਵੀਰ ਵਾਲੇ ਬੱਚੇ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋਈ ਤਾਂ ਪੁਲਿਸ ਟੀਮ ਅਤੇ ਪਰਿਵਾਰ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ।

ਇੱਥੇ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਆਖਰ ਉਹ ਬੱਚਾ ਕੋਣ ਹੈ ਜਿਸਦੀ ਤਸਵੀਰ ਸੋਸ਼ਲ ਮੀਡਿਆ 'ਤੇ ਵਾਇਰਲ ਹੋਈ? ਅਰਮਾਨ ਦੇ ਪਿਉ ਨੂੰ ਆਖਰ ਉਸ ਤਸਵੀਰ ਵਾਲੇ ਬੱਚੇ 'ਚ ਆਪਣੇ ਬੱਚੇ ਦਾ ਚਿਹਰਾ ਹੂਬਹੂ ਨਜ਼ਰ ਆਉਣ ਪਿੱਛੇ ਕਿ ਕਾਰਨ ਰਿਹਾ? ਜੇ ਉਹ ਅਰਮਾਨ ਹੀ ਹੈ ਤਾਂ ਪੁਲਿਸ ਕਿਉਂ ਨਹੀਂ ਲਭ ਸਕੀ? ਜੇ ਇਹ ਕਿਸੇ ਦੀ ਚਾਲ ਹੈ ਅਤੇ ਉਹ ਤਸਵੀਰ ਅਰਮਾਨ ਦੀ ਹੀ ਹੈ ਤਾਂ ਅਜਿਹਾ ਕਰਨ ਪਿੱਛੇ ਉਨ੍ਹਾਂ ਵਿਅਕਤੀਆਂ ਦੀ ਮੰਸ਼ਾ ਕਿ ਹੈ? ਆਖਰ ਉਸ ਨੂੰ ਪੈਸੇ ਲਈ ਅਗਵਾ ਕੀਤਾ ਗਿਆ ਹੈ ਤਾਂ ਅਗਵਾਕਾਰਾਂ ਨੇ ਕਿਉਂ ਪੈਸੇ ਦੀ ਮੰਗ ਨਹੀਂ ਕੀਤੀ? ਕੀਤੇ ਇਹ ਕੋਈ ਸੋਚੀ ਸਮਝੀ ਕਿਸੀ ਸਾਜਿਸ਼ ਦਾ ਹਿੱਸਾ ਤਾਂ ਨਹੀਂ? ਕੀ ਅਰਮਾਨ ਨੂੰ ਕਿਸੇ ਆਪਣੇ ਨੇ ਹੀ ਤਾਂ ਅਗਵਾ ਨਹੀਂ ਕੀਤਾ? ਕੀ ਪੁਲਿਸ ਨੂੰ ਆਪਣੀ ਜਾਂਚ ਅਰਮਾਨ ਦੀ ਭਾਲ ਲਈ ਬਾਹਰ ਦੀ ਥਾਂ ਅਰਮਾਨ ਦੇ ਨੇੜਲਿਆਂ ਵੱਲ ਨਹੀਂ ਮੋੜਨੀ ਚਾਹੀਦੀ? ਪੁਲਿਸ ਦੀ ਦਿਨ ਰਾਤ ਦੀ ਮਿਹਨਤ ਅਤੇ ਹਰ ਪਹਿਲੂ ਤੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੁਝ ਨਹੀਂ ਲੱਗਣਾ, ਕੀ ਅਰਮਾਨ ਨੂੰ ਗਾਇਬ ਕਰਨ, ਅਗਵਾ ਕਰਨ ਵਾਲੀਆਂ ਦੀ ਹੀ ਸਾਜਿਸ਼ ਦਾ ਹਿੱਸਾ ਹੈ ਜਿਨ੍ਹਾਂ ਵੱਲੋਂ ਕੋਈ ਸੁਰਾਗ ਨਹੀਂ ਛੱਡਿਆ ਗਿਆ? ਹੁਣ ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦੇ ਜਵਾਬ ਖੁਦ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਪੁਲਿਸ ਨੂੰ ਇਸ ਮਾਮਲੇ 'ਚ ਜਾਂਚ ਮੁੜ ਤੋਂ ਅਤੇ ਸਿਰੇ ਤੋਂ ਸ਼ੁਰੂ ਕਰਕੇ ਹਰ ਪਹਿਲੂ ਤੋਂ ਜਾਂਚਨ ਦੀ ਲੋੜ ਹੈ ਜਿਸ ਦੇ ਸਿੱਟੇ ਪੁਲਿਸ ਲਈ ਇਸ ਜਾਂਚ 'ਚ ਬੇਹੱਦ ਲਾਹੇਵੰਦ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਤਾਂ ਸਪਸ਼ਟ ਹੈ ਕਿ ਅਰਮਾਨ ਨੂੰ ਜੇਕਰ ਅਗਵਾ ਕੀਤਾ ਗਿਆ ਹੈ ਤਾਂ ਉਹ ਫਿਰੋਤੀ ਲਈ ਨਹੀਂ ਕੀਤਾ ਗਿਆ ਹੈ।