ਪਟਿਆਲਾ 'ਚ ਚੱਲ ਰਿਹਾ ਸੀ ਨਕਲੀ ਕਰੰਸੀ ਦਾ ਗੋਰਖਧੰਦਾ, ਚਾਰ ਗ੍ਰਿਫ਼ਤਾਰ !!!

Last Updated: Nov 13 2019 14:14
Reading time: 1 min, 15 secs

ਪਟਿਆਲਾ ਪੁਲਿਸ ਨੇ ਸ਼ਹਿਰ ਵਿੱਚ ਚੱਲ ਰਹੇ ਜਾਅਲੀ ਕਰੰਸੀ ਦੇ ਕਾਲੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆਂ ਇੱਕ ਅੰਤਰਰਾਜੀ ਗਿਰੋਹ ਨੂੰ ਬੇਪਰਦਾ ਕਰਕੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਉਨ੍ਹਾਂ ਦੇ ਸਰਗਨਾ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਗਿਰੋਹ ਮੈਂਬਰਾਂ ਦੀ ਪਹਿਚਾਣ ਰਾਜਨ ਰਾਮ, ਕਪਤਾਨ ਸਿੰਘ ਅਤੇ ਦਿਲਦਾਰ ਖ਼ਾਨ ਅਤੇ ਲਖਵਿੰਦਰ ਸਿੰਘ ਦੇ ਤੌਰ ਤੇ ਹੋਈ ਹੈ। 

ਐੱਸ. ਐੱਸ. ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਉਕਤ ਗਿਰੋਹ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ, ਗਿਰੋਹ ਕੋਲੋਂ ਪੁਲਿਸ ਨੇ ਹਾਲ ਦੀ ਘੜੀ ਪੰਜ ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ, ਹੁਣ ਤੱਕ ਦੀ ਜਾਂਚ ਦੇ ਦੌਰਾਨ ਇਹ ਗੱਲ ਖੁੱਲ ਕੇ ਸਾਹਮਣੇ ਆਈ ਹੈ ਕਿ, ਉਕਤ ਗਿਰੋਹ ਜ਼ਿਲ੍ਹਾ ਪਟਿਆਲਾ ਦੇ ਕਸਬਾ ਘੱਗਾ ਤੇ ਸਮਾਣਾ ਵਿੱਚ ਵੱਡੇ ਪੱਧਰ ਤੇ ਨਕਲੀ ਨੋਟਾਂ ਦਾ ਲੈਣ-ਦੇਣ ਕਰ ਚੁੱਕਾ ਹੈ। 

ਪੁਲਿਸ ਮੁਖੀ ਦਾ ਕਹਿਣਾ ਹੈ ਕਿ, ਜਾਂਚ ਟੀਮ ਉਨ੍ਹਾਂ ਲੋਕਾਂ ਦੀ ਤਲਾਸ਼ ਵਿੱਚ ਹੈ ਜਿਨ੍ਹਾਂ ਨੂੰ ਗਿਰੋਹ ਮੈਂਬਰ ਨਕਲੀ ਨੋਟਾਂ ਦੀ ਸਪਲਾਈ ਕਰ ਚੁੱਕੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ, ਪੁਲਿਸ ਮਾਰਕੀਟ ਵਿੱਚ ਚੱਲੀ ਕਰੰਸੀ ਵੀ ਬਰਾਮਦ ਕਰ ਰਹੀ ਹੈ, ਇਹ ਗੱਲ ਵੱਖਰੀ ਹੈ ਕਿ, ਇਹ ਕੰਮ ਤੂੜੀ ਦੇ ਕੁੱਪ ਵਿੱਚ ਗੁਆਚੀ ਸੂਈ ਲੱਭਣ ਨਾਲੋਂ ਵੀ ਔਖਾ ਹੈ। 

ਪੁਲਿਸ ਗਿਰੋਹ ਮੈਂਬਰਾਂ ਦੇ ਪੰਜਵੇਂ ਸਾਥੀ ਮਣੀ ਦੀ ਤਲਾਸ਼ ਵਿੱਚ ਹੈ, ਜਿਹੜਾ ਕਿ ਪੰਜ ਹਜ਼ਾਰ ਰੁਪਏ ਦੇ ਅਸਲੀ ਨੋਟ ਲੈ ਕੇ ਦਸ ਹਜ਼ਾਰ ਰੁਪਏ ਦੀ ਨਕਲੀ ਕਰੰਸੀ ਸਪਲਾਈ ਕਰਿਆ ਕਰਦਾ ਸੀ। ਕਾਬਿਲ-ਏ-ਗੌਰ ਹੈ ਕਿ, ਪਟਿਆਲਾ ਵਿੱਚ ਨਕਲੀ ਕਰੰਸੀ ਬਨਾਉਣ ਅਤੇ ਸਪਲਾਈ ਕਰਨ ਵਾਲਾ ਇਹ ਪੰਜਵਾਂ ਗਿਰੋਹ ਸਾਹਮਣੇ ਆਇਆ ਹੈ, ਜਿਸਤੋਂ ਇੱਕ ਗੱਲ ਤਾਂ ਸਾਫ਼ ਹੋ ਜਾਂਦੀ ਹੈ ਕਿ, ਪਟਿਆਲਾ ਵਿੱਚ ਇਹ ਗੋਰਖਧੰਦਾ ਵੱਡੇ ਪੱਧਰ ਤੇ ਚੱਲ ਰਿਹਾ ਹੈ।