ਬਾਬੇ ਨਾਨਕ ਦੁਆਰਾ ਦਿੱਤੇ ਗਏ 'ਸੰਦੇਸ਼' ਨੂੰ ਗੁਆ ਦਿੱਤੈ ਲੀਡਰਾਂ ਨੇ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 12 2019 16:54
Reading time: 3 mins, 36 secs

ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਚੁੱਕਿਆ ਹੈ ਅਤੇ ਇਸ ਨੂੰ ਲੈ ਕੇ ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਵਿਚਕਾਰ ਵੱਡੇ-ਵੱਡੇ ਸਮਾਗਮ ਵੀ ਹੋਏ ਸਨ। ਵੇਖਿਆ ਜਾਵੇ ਤਾਂ ਬਾਬੇ ਨਾਨਕ ਦੇ ਜਨਮ ਦਿਹਾੜੇ ਤੋਂ ਪਹਿਲੋਂ ਹੀ ਕਰਤਾਰਪੁਰ ਲਾਂਘਾ ਖੋਲ੍ਹਣਾ ਭਾਵੇਂ ਹੀ ਬਹੁਤ ਚੰਗਾ ਅਤੇ ਇਤਿਹਾਸਿਕ ਫ਼ੈਸਲਾ ਸੀ, ਪਰ ਬਾਬੇ ਨਾਨਕ ਦੁਆਰਾ ਦਿੱਤੇ ਗਏ ਸੁਨੇਹਿਆਂ ਨਾਲੋਂ ਟੁੱਟੇ ਲੋਕਾਂ ਨੂੰ, ਫਿਰ ਤੋਂ ਸੁਨੇਹਿਆਂ ਦੇ ਨਾਲ ਜੋੜਣਾ ਵੀ ਇੱਕ ਇਤਿਹਾਸਿਕ ਫ਼ੈਸਲਾ ਹੋਣਾ ਸੀ, ਪਰ ਅਫ਼ਸੋਸ ਇਹ ਫ਼ੈਸਲਾ ਅੱਧ ਵਿਚਾਲੇ ਲਟਕਿਆ ਪਿਆ ਹੈ।

ਬਾਬੇ ਨਾਨਕ ਦਾ ਅੱਜ ਪ੍ਰਕਾਸ਼ ਪੂਰਬ ਪੂਰੀ ਦੁਨੀਆ ਦੇ ਵਿੱਚ ਹੀ ਵੱਖ-ਵੱਖ ਤਰੀਕਿਆਂ ਦੇ ਨਾਲ ਲੋਕਾਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੇ ਅੰਦਰ ਬੈਠੇ ਲੋਕ ਬਾਬੇ ਨਾਨਕ ਨੂੰ ਜ਼ਿਆਦਾ ਮੰਨਦੇ ਹਨ, ਪਰ ਇਹ ਦੋਵੇਂ ਮੁਲਕਾਂ ਦੇ ਜ਼ਿਆਦਾਤਰ ਲੋਕ ਅਤੇ ਸਿਆਸਤਦਾਨ ਬਾਬੇ ਨਾਨਕ ਦੁਆਰਾ ਦਿੱਤੇ ਗਏ ਸੁਨੇਹੇ ਨੂੰ ਕਦੇ ਵੀ ਯਾਦ ਨਹੀਂ ਕਰਦੇ। ਬੁੱਧੀਜੀਵੀ ਲੋਕ ਤਾਂ, ਕਹਿ-ਕਹਿ ਕੇ ਥੱਕ ਚੁੱਕੇ ਹਨ ਕਿ ਬਾਬੇ ਨਾਨਕ ਦੁਆਰਾ ਦੱਸੇ ਮਾਰਗ 'ਤੇ ਚੱਲ ਕੇ ਕੋਈ ਚੰਗੇ ਕਾਰਜ ਕਰ ਲਈਏ, ਪਰ ਅੱਜ ਕੱਲ੍ਹ ਬੁੱਧੀਜੀਵੀਆਂ ਦੀ ਕੌਣ ਸੁਣਦਾ ਹੈ?

ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ। ਬਾਬਾ ਨਾਨਕ ਦਾ ਅੱਜ ਜਿੱਥੇ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਤੇ ਸਿਆਸਤਦਾਨਾਂ ਤੋਂ ਇਲਾਵਾ ਆਮ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਜਾ ਰਹੇ ਹਨ, ਪਰ ਦੂਜੇ ਪਾਸੇ ਜੇਕਰ ਬਾਬੇ ਦੇ ਸੁਨੇਹਾ ਦੇ ਬਾਰੇ ਵਿੱਚ ਕਿਸੇ ਲੀਡਰ ਜਾਂ ਫਿਰ ਆਮ ਬੰਦੇ ਨੂੰ ਪੁੱਛ ਲਿਆ ਜਾਵੇ ਤਾਂ, ਬਹੁਤਿਆਂ ਦੇ ਕੋਲ ਇਸ ਦਾ ਜਵਾਬ ਹੀ ਨਹੀਂ ਹੋਣਾ। ਬਹੁਤ ਸਾਰੇ ਲੋਕ ਤਾਂ, ਅਜਿਹੇ ਵੀ ਹਨ, ਜੋ ਸਿਰਫ਼ ਖਾਨਾਪੂਰਤੀ ਦੇ ਲਈ ਹੀ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ ਅਤੇ ਉੱਥੋਂ ਮੱਥਾ ਟੇਕ ਕੇ, ਪ੍ਰਸ਼ਾਦ ਲੈ ਕੇ ਵਾਪਸ ਆ ਜਾਂਦੇ ਹਨ।

ਪਰ ਬਾਬੇ ਨਾਨਕ ਨੇ ਆਪਣੇ ਸਮੇਂ ਵਿੱਚ ਕੀ ਦੁਨੀਆ ਨੂੰ ਸੁਨੇਹਾ ਦਿੱਤਾ ਸੀ, ਉਸ ਦੇ ਬਾਰੇ ਵਿੱਚ ਕੋਈ ਵੀ ਨਹੀਂ ਸੋਚਦੇ। ਇੱਥੇ ਦੱਸ ਦਈਏ ਕਿ ਨਾਨਕ ਬਾਲ ਉਮਰੇ ਤੋਂ ਹੀ ਤੀਖਣ ਬੁੱਧੀ ਦੇ ਮਾਲਕ ਸਨ, ਜਿਨ੍ਹਾਂ ਦੇ ਵੱਲੋਂ ਆਪਣੇ ਸਮੇਂ ਵਿੱਚ ਜਿੱਥੇ ਛੂਤ-ਛਾਤ ਦਾ ਬੋਲ-ਬਾਲਾ ਸੀ, ਉੱਥੇ ਹੀ ਜਗਜਨਣੀ ਨੂੰ ਸਮਾਜ ਦੀ ਸਭ ਤੋਂ ਨੀਚ ਚੀਜ਼ ਸਮਝ ਕੇ ਤ੍ਰਿਸਕਾਰਿਆ ਜਾਂਦਾ ਸੀ ਅਤੇ ਉਸ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਸੀ। 'ਸੋ ਕਿਊ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'।

ਦੋਸਤੋ, ਤੁਹਾਨੂੰ ਦੱਸ ਦਈਏ ਕਿ ਅੱਜ ਸੁਲਤਾਨਪੁਰ ਲੋਧੀ ਵਿਖੇ ਵੱਖ-ਵੱਖ ਸਟੇਜਾਂ ਲੱਗੀਆਂ ਹੋਈਆਂ ਹਨ, ਜਿੱਥੇ ਕਿ ਵੱਖ-ਵੱਖ ਪਾਰਟੀਆਂ ਦੇ ਲੀਡਰ ਪਹੁੰਚ ਰਹੇ ਹਨ। ਐਸਜੀਪੀਸੀ, ਜਿਹੜੀ ਕਿ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਹੈ, ਉਸ ਦੇ ਵੱਲੋਂ ਵੀ ਸਿੱਖਾਂ ਨੂੰ ਇੱਕ ਕਰਨ ਦਾ ਯਤਨ ਨਹੀਂ ਕੀਤਾ ਜਾ ਰਿਹਾ, ਜਦੋਂਕਿ ਬਾਬੇ ਨਾਨਕ ਦਾ ਸੁਨੇਹਾ ਸੀ ਕਿ ਸਭਨਾਂ ਨੂੰ ਇਕੱਠੇ ਲੈ ਕੇ ਚੱਲੋ ਅਤੇ ਸਭਨਾਂ ਦਾ ਦੁੱਖ ਦਰਦ ਸਮਝੋ, ਕਦੇ ਵੀ ਕਿਸੇ ਨਾਲ ਗਲਤ ਨਾ ਹੋਣ ਦਿਓ, ਪਰ ਸਾਡੇ ਲੀਡਰਾਂ ਨੇ ਤਾਂ ਬਾਬੇ ਨਾਨਕ ਨੂੰ ਵੀ ਵੰਡ ਕੇ ਰੱਖ ਦਿੱਤਾ ਹੈ।

ਜਿਹੜਾ ਨਾਨਕ ਸਭਨਾਂ ਨੂੰ ਜੋੜਨ ਵਾਸਤੇ ਆਇਆ ਸੀ ਅਤੇ ਮਨੁੱਖਤਾ ਦੀ ਗੱਲ ਕਰਦਾ ਸੀ, ਉਸੇ ਨਾਨਕ ਨੂੰ ਲੀਡਰਾਂ ਨੇ ਸ਼ਕਤੀ ਵਾਲਾ ਬਾਬਾ ਬਣਾ ਕੇ ਰੱਖ ਦਿੱਤਾ ਹੈ। ਗੁਰੂ ਨਾਨਕ ਦਾ ਸੁਨੇਹਾ ਸੀ ਕਿ ਸਮੂਹ ਕਾਇਨਾਤ ਚੰਗੀ ਵਿੱਦਿਆ ਗ੍ਰਹਿਣ ਕਰੇ ਅਤੇ ਤਰਕ ਬੁੱਧੀ ਦੇ ਨਾਲ ਹੀ ਆਪਣਾ ਜੀਵਨ ਬਸਰ ਕਰੇ। ਇਸ ਤੋਂ ਇਲਾਵਾ ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦੇ ਵਿੱਚ ਵਿਗਿਆਨ ਦੀ ਗੱਲ ਹੀ ਕੀਤੀ, ਪਰ ਸਾਡੇ ਲੀਡਰਾਂ ਦੇ ਵੱਲੋਂ ਗੁਰੂ ਸਾਹਿਬ ਦੇ ਇਸ ਸੁਨੇਹੇ ਨੂੰ ਪਾਸੇ ਰੱਖ ਦਿੱਤਾ ਜਾ ਰਿਹਾ ਹੈ ਅਤੇ ਗੁਰੂ ਨਾਨਕ ਨੂੰ ਵੀ ਹੋਰਨਾਂ ਧਰਮਾਂ ਵਾਂਗੂ ਸ਼ਕਤੀ ਵਾਲਾ ਬਾਬਾ ਬਣਾ ਕੇ ਰੱਖ ਦਿੱਤਾ ਹੈ।

ਗੁਰੂ ਸਾਹਿਬ ਨੇ ਚਾਰ ਉਦਾਸੀਆਂ ਕਰਕੇ ਫੋਕਟ ਕਰਮ ਕਾਂਡਾਂ ਦਾ ਖੰਡਨ ਕੀਤਾ ਅਤੇ ਲੋਕਾਂ ਨੂੰ ਸੱਚ ਦੇ ਰਾਹ 'ਤੇ ਤੋਰਿਆ। ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢ ਕੇ ਲੋਕਾਂ ਨੂੰ ਅਸਲ ਜ਼ਿੰਦਗੀ ਤੋਂ ਜਾਣੂ ਕਰਵਾਇਆ। ਜੰਮੂ-ਕਸ਼ਮੀਰ ਗਏ ਅਤੇ ਅਮਰਨਾਥ ਵਿਖੇ ਬਾਬੇ ਨਾਨਕ ਦਾ ਮੇਲ 'ਸਿੰਧਾ' ਨਾਲ ਹੋਇਆ ਅਤੇ ਉਨ੍ਹਾਂ ਨੂੰ ਅਸਲ ਰੱਬ ਤੋਂ ਜਾਣੂ ਕਰਵਾਇਆ। ਇੱਕ ਜਾਣਕਾਰੀ ਦੇ ਮੁਤਾਬਿਕ ਭਾਈ ਗੁਰਦਾਸ ਜੀ ਦੇ ਕਥਨ ਕਰਦੇ ਹਨ ਕਿ ਬਾਬਾ ਫਿਰ ਮੱਕਾ ਗਿਆ, ਨੀਲ ਬਸਤਰ ਧਾਰੇ ਬਨਵਾਰੀ।

ਜਿੱਥੇ ਗੜ ਬਗਦਾਦ ਵਿਖੇ ਕਾਬੇ ਦੀ ਘਟਨਾ ਪ੍ਰਸਿੱਧ ਹੈ। ਬਾਬੇ ਨਾਨਕ ਨੇ ਕਾਬਲੁ, ਕੰਧਾਰ, ਇਰਾਨ, ਇਰਾਕ ਵਿੱਚ ਭਟਕੇ ਲੋਕਾਂ ਨੂੰ ਸਿੱਧੇ ਰਾਹੇ ਪਾਇਆ ਅਤੇ ਕਈ ਵਹਿਮਾਂ ਭਰਮਾਂ 'ਤੇ ਫੋਕੇ ਕਰਮ ਕਾਂਡਾਂ ਦਾ ਨਾਸ਼ ਕੀਤਾ। ਇਸ ਤੋਂ ਇਲਾਵਾ ਇਹ ਗੱਲ ਵੀ ਸੱਚ ਹੈ ਕਿ ਬਾਬੇ ਨਾਨਕ ਨੇ ਇੱਕ ਜਾਤ ਅਤੇ ਕੌਮ ਦੀ ਗੱਲ ਨਹੀਂ ਕੀਤੀ, ਸਗੋਂ ਪੂਰੀ ਲੁਕਾਈ ਦੀ ਗੱਲ ਕੀਤੀ ਸੀ। ਬਾਬੇ ਨਾਨਕ ਨੇ ਸਮੂਹ ਜਗਤ ਨੂੰ ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਸੁਨੇਹਾ ਦਿੱਤਾ ਸੀ, ਪਰ ਹੁਣ ਕੀ ਹੋ ਰਿਹਾ ਹੈ? ਵਹਿਮ ਭਰਮ, ਕਰਮ ਕਾਂਡ, ਜਾਤ ਪਾਤ, ਊਚ ਨੀਚ ਸਭ ਕੁਝ ਸਾਡੇ ਦੇਸ਼ ਦੇ ਅੰਦਰ ਹੋ ਰਿਹਾ ਹੈ ਅਤੇ ਇਹ ਸਭ ਕੁਝ ਸਾਡੇ ਲੀਡਰ ਹੀ ਕਰਵਾ ਰਹੇ ਹਨ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।