ਪਹਿਲੀ ਨਿਜੀ ਰੇਲ ਗੱਡੀ ਨੇ 23 ਦਿਨਾਂ 'ਚ ਕਮਾਇਆ 70 ਲੱਖ ਦਾ ਮੁਨਾਫ਼ਾ ਤਾਂ ਬਾਕੀ ਰੇਲਵੇ ਘਾਟੇ 'ਚ ਕਿਉਂ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 11 2019 17:08
Reading time: 1 min, 9 secs

ਭਾਰਤੀ ਰੇਲ ਦਾ ਜਦੋਂ ਨਾਂਅ ਸਾਹਮਣੇ ਆਉਂਦਾ ਹੈ ਤਾਂ ਇੱਕ ਸੁਖਦ ਅਤੇ ਸਸਤਾ ਸਫ਼ਰ ਸਭ ਦੇ ਮਨ ਵਿੱਚ ਆਉਂਦਾ ਹੈ। ਲੋਕਾਂ ਨੂੰ ਆਰਾਮਦਾਇਕ ਸਫ਼ਰ ਦੇਣ ਵਾਲੀ ਭਾਰਤੀ ਰੇਲ ਦੀ ਹਾਲਤ ਠੀਕ ਨਹੀਂ ਦੱਸੀ ਜਾਂਦੀ ਕਿਉਂਕਿ ਰੇਲਵੇ ਵਿਭਾਗ ਹਮੇਸ਼ਾ ਘਾਟਾ ਹੀ ਦਿਖਾਉਂਦਾ ਆ ਰਿਹਾ ਹੈ। ਇਸ ਘਾਟੇ ਦੇ ਦੌਰ ਵਿੱਚ ਭਾਰਤ ਦੀ ਪਹਿਲੀ ਨਿਜੀ ਰੇਲ ਗੱਡੀ ਤੇਜਸ ਐਕਸਪ੍ਰੈਸ ਪਿਛਲੇ ਮਹੀਨੇ ਦੀ 5 ਤਰੀਕ ਨੂੰ ਦਿੱਲੀ ਤੋਂ ਕਾਨਪੁਰ ਤੱਕ ਚਲਾਈ ਗਈ ਸੀ। ਇਸ ਰੇਲ ਗੱਡੀ ਵਿੱਚ ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਦਿੱਤੀਆਂ ਗਈਆਂ ਜਿਨ੍ਹਾਂ ਕਰਕੇ ਲੋਕਾਂ ਨੇ ਇਸ ਰੇਲ ਗੱਡੀ ਨੂੰ ਖੂਬ ਸਰਾਹਿਆ। ਪਿਛਲੇ ਮਹੀਨੇ ਦੀ 5 ਤਰੀਕ ਤੋਂ 28 ਤਰੀਕ ਤੱਕ ਦੇ ਇਸ ਰੇਲ ਦੀ ਕਮਾਈ ਦੇ ਅੰਕੜੇ ਨਸ਼ਰ ਕੀਤੇ ਗਏ ਹਨ ਜੋ ਕਿ ਭਾਰਤੀ ਰੇਲ ਤੇ ਸਵਾਲ ਖੜੇ ਕਰ ਰਹੇ ਹਨ ਕਿ ਰੇਲਵੇ ਵਿਭਾਗ ਵਿੱਚ ਸਭ ਕੁਝ ਸਹੀ ਨਹੀਂ ਹੈ। 

ਇਸ ਨਿਜੀ ਰੇਲ ਗੱਡੀ ਨੇ ਪਹਿਲੇ 23 ਦਿਨਾਂ ਵਿੱਚ ਟਿਕਟ ਵਿਕਰੀ ਦੇ ਜਰੀਏ 3.70 ਕਰੋੜ ਰੁਪਈਏ ਦੀ ਕਮਾਈ ਕੀਤੀ ਅਤੇ ਇਸਦਾ ਮੁਨਾਫ਼ਾ ਰਿਹਾ 70 ਲੱਖ ਰੁਪਈਏ। ਇਸ ਮੁਨਾਫ਼ੇ ਵਿੱਚ ਇਸ ਰੇਲ ਗੱਡੀ ਨੇ ਲੇਟ ਹੋਣ ਕਰਕੇ ਮੁਆਵਜ਼ੇ ਦੇ ਤੌਰ ਤੇ 1.62 ਲੱਖ ਰੁਪਈਏ ਵੀ ਦਿੱਤੇ ਹਨ। ਹੁਣ ਸਵਾਲ ਉੱਠਦਾ ਹੈ ਕਿ ਇੱਕ ਰੇਲ ਗੱਡੀ ਜਿਸ ਵਿੱਚ ਖਰਚੇ ਵੀ ਵੱਡੀ ਮਾਤਰਾ ਵਿੱਚ ਹਨ ਫਿਰ ਵੀ ਉਹ ਮੁਨਾਫ਼ਾ ਕਮਾ ਰਹੀ ਹੈ ਅਤੇ ਭਾਰਤੀ ਰੇਲ ਆਪਣੀਆਂ ਗੱਡੀਆਂ ਦੀ ਕਮਾਈ ਵਿੱਚ ਹਮੇਸ਼ਾ ਘਾਟਾ ਦਿਖਾਉਂਦੀ ਹੈ। ਜੇਕਰ ਇੱਕ ਨਿਜੀ ਕੰਪਨੀ ਮੁਨਾਫ਼ਾ ਕਮਾ ਰਹੀ ਹੈ ਤਾਂ ਫਿਰ ਸਰਕਾਰੀ ਤੰਤਰ ਵਿੱਚ ਕੋਈ ਕਮੀ ਹੈ ਜਿਸ ਨੂੰ ਲੱਭ ਕੇ ਠੀਕ ਕਰਨਾ ਚਾਹੀਦਾ ਹੈ।