ਕੀ 35 ਹਜ਼ਾਰ ਸ਼ਹੀਦ ਫ਼ੌਜੀਆਂ ਨੂੰ ਸਰਕਾਰਾਂ ਨੇ ਦਿੱਤਾ ਪੂਰਾ ਮਾਨ ਸਨਮਾਨ? (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 10 2019 12:20
Reading time: 3 mins, 33 secs

ਜਦੋਂ ਵੀ ਗੱਲ ਆਜ਼ਾਦੀ ਦੀ ਚੱਲਦੀ ਹੈ ਤਾਂ, ਕੋਈ ਇੱਕ ਵਰਗ ਨਹੀਂ ਬਲਕਿ ਹਰ ਵਰਗ ਅੱਗੇ ਹੋ ਕੇ ਇਹ ਅਵਾਜ਼ ਦਿੰਦਾ ਹੈ ਕਿ ਉਨ੍ਹਾਂ ਦੀ ਕੌਮ ਨੇ ਆਜ਼ਾਦੀ ਘੋਲ ਦੇ ਵਿੱਚ ਆਪਣਾ ਅਜਿਹਾ ਯੋਗਦਾਨ ਪਾਇਆ। ਦੋਸਤੋ, ਵੇਖਿਆ ਜਾਵੇ ਤਾਂ ਅੱਜ ਦੇਸ਼ ਦੀਆਂ ਸਰਹੱਦਾਂ 'ਤੇ ਸਾਡੀ ਭਾਰਤ ਵਾਸੀਆਂ ਦੀ ਰਾਖ਼ੀ ਫ਼ੌਜੀ ਜਵਾਨ ਕਰਦੇ ਹਨ ਅਤੇ ਦੇਸ਼ ਦੀ ਰਾਖ਼ੀ ਲੀਡਰਾਂ ਦੇ ਹੱਥ ਸੌਂਪੀ ਹੋਈ ਹੈ, ਪਰ ਅੱਜ ਕੱਲ੍ਹ ਬਾਹਰੀ ਤਾਕਤ ਦਾ ਸਾਨੂੰ ਓਨਾ ਖ਼ਤਰਾ ਨਹੀਂ ਹੈ, ਜਿੰਨਾ ਖ਼ਤਰਾ ਸਾਨੂੰ ਸਾਡੇ ਗੁੰਡੇ ਲੀਡਰਾਂ ਦਾ ਹੈ।

ਇਹ ਉਹ ਹੀ ਲੀਡਰ ਹਨ, ਜੋ ਅੰਗਰੇਜ਼ਾਂ ਦੀ ਹਮੇਸ਼ਾ ਗੁਲਾਮੀ ਕਰਦੇ ਆਏ ਹਨ ਅਤੇ ਅੰਗਰੇਜ਼ਾਂ ਦੇ ਤਲਵੇਂ ਚੱਟ ਕੇ ਸੱਤਾ ਵਿੱਚ ਬਿਰਾਜਮਾਨ ਹੋਏ ਬੈਠੇ ਹਨ। ਦੋਸਤੋ, ਜੇਕਰ ਆਪਾਂ ਸਿਆਸੀ ਲੀਡਰਾਂ ਦੇ ਪਿਛੋਕੜ ਵੱਲ ਥੋੜੀ ਝਾਤ ਮਾਰੀਏ ਤਾਂ ਪਤਾ ਲੱਗ ਜਾਂਦਾ ਹੈ ਕਿ ਇਨ੍ਹਾਂ ਲੀਡਰਾਂ ਨੇ ਸਾਡੇ ਦੇਸ਼ ਨੂੰ ਅੰਗਰੇਜ਼ਾਂ ਅੱਗੇ ਕਿਵੇਂ ਵੇਚਿਆ ਅਤੇ ਕਿਵੇਂ ਸਾਡੇ ਨੌਜਵਾਨਾਂ ਤੋਂ ਇਲਾਵਾ ਕਿਸਾਨਾਂ, ਮਜ਼ਦੂਰਾਂ ਨੇ ਆਜ਼ਾਦੀ ਘੋਲ ਵਿੱਚ ਆਪਣੀਆਂ ਜਾਨਾਂ ਗੁਆ ਕੇ ਭਾਰਤ ਨੂੰ ਆਜ਼ਾਦ ਕਰਵਾਇਆ। ਪਰ ਇਹ ਲੀਡਰ ਜਾਨਣ, ਕਿਸੇ ਸ਼ਹੀਦ ਨੂੰ।

ਕਿਉਂਕਿ ਇਨ੍ਹਾਂ ਲੀਡਰਾਂ ਦੇ ਵਿੱਚੋਂ ਕੋਈ ਇੱਕ ਮਰਦਾ ਹੈ ਤਾਂ ਉਸ ਦੀਆਂ ਕਈ ਪੀੜੀਆਂ ਨੂੰ ਮੁਆਵਜ਼ੇ ਹੀ ਮਿਲੀ ਜਾਂਦੇ ਹਨ, ਜਦਕਿ ਸਰਹੱਦ 'ਤੇ ਦੁਸ਼ਮਣ ਦੀ ਗੋਲੀ ਨਾਲ ਸ਼ਹੀਦ ਹੋਏ ਜਵਾਨ ਨੂੰ ਪੂਰਾ ਮਾਨ ਸਨਮਾਨ ਵੀ ਮਿਲ ਨਹੀਂ ਪਾਉਂਦਾ। ਸਰਹੱਦਾਂ ਦੀ ਰਾਖੀ ਕਰਨ ਵਾਲਿਆਂ ਦੀ ਗਿਣਤੀ ਭਾਵੇਂ ਹੀ ਅੱਜ ਕਾਫ਼ੀ ਜ਼ਿਆਦਾ ਵੱਧ ਚੁੱਕੀ ਹੈ, ਪਰ ਸਰਹੱਦਾਂ 'ਤੇ ਆਏ ਦਿਨ ਹੀ ਵੱਡੀ ਗਿਣਤੀ ਵਿੱਚ ਫ਼ੌਜੀ ਜਵਾਨ ਸ਼ਹੀਦ ਹੋ ਰਹੇ ਹਨ। ਜਵਾਨਾਂ ਦਾ ਸਰਹੱਦਾਂ 'ਤੇ ਸ਼ਹੀਦ ਹੋਣਾ ਸਾਬਤ ਕਰਦਾ ਹੈ ਕਿ ਸਾਡੇ ਦੇਸ਼ ਦੇ ਲੀਡਰ ਭੜਕਾਓ ਭਾਸ਼ਣ ਦੇ ਰਹੇ ਹਨ।

ਦੋਸਤੋ, ਪਿਛਲੇ ਦਿਨੀਂ ਇੱਕ ਅਜਿਹੀ ਰਿਪੋਰਟ ਸਾਹਮਣੇ ਆਈ, ਜਿਸ ਨੇ ਸਭਨਾਂ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ। ਦਰਅਸਲ, 1947 ਤੋਂ ਲੈ ਕੇ 2019 ਤੱਕ 35 ਹਜ਼ਾਰ ਦੇ ਕਰੀਬ ਭਾਰਤੀ ਫੌਜ ਦੇ ਜਵਾਨ ਵੱਖ-ਵੱਖ ਹਮਲਿਆਂ ਦੇ ਵਿੱਚ ਸ਼ਹੀਦ ਹੋਏ। ਇਨ੍ਹਾਂ ਹਮਲਿਆਂ ਦੇ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਸੀਆਰਪੀਐਫ਼ ਦੇ ਜਵਾਨਾਂ ਦੀ ਹੈ, ਜਿਨ੍ਹਾਂ ਦੇ ਵੱਲੋਂ ਦੂਜੇ ਫੌਜੀਆਂ ਦੇ ਵਾਂਗ ਹੀ ਆਪਣੀ ਜਾਨ ਨੂੰ ਤਲੀ 'ਤੇ ਧਰ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ ਗਿਆ ਹੈ ਅਤੇ ਸ਼ਹੀਦੀ ਜਾਮ ਪੀਤਾ ਗਿਆ।

ਦੱਸ ਦਈਏ ਕਿ ਛਪੀ ਇੱਕ ਅਧਿਕਾਰਤ ਅੰਕੜਿਆਂ ਦੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਸਾਫ਼ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ '47 ਤੋਂ ਲੈ ਕੇ 2019 ਤੱਕ 35 ਹਜ਼ਾਰ ਫੌਜੀ ਜਵਾਨਾਂ ਨੇ ਸ਼ਹੀਦੀ ਜਾਮ ਪੀਤਾ ਹੈ। ਇਨ੍ਹਾਂ ਦੇ ਵਿੱਚ ਰਾਜ ਪੁਲਿਸ ਅਤੇ ਅਰਧ ਸੈਨਿਕ ਬਲ ਦੇ 292 ਜਵਾਨ ਸ਼ਹੀਦ ਹੋਏ ਹਨ। ਇੱਕ ਅਖ਼ਬਾਰ ਦੇ ਵਿੱਚ ਛਪੀ ਰਿਪੋਰਟ ਦੇ ਮੁਤਾਬਿਕ ਲੰਘੇ ਸਾਲ ਵਿੱਚ ਹੀ ਸੀਆਰਪੀਐਫ ਵਿੱਚ ਤਾਇਨਾਤ 67 ਜਵਾਨ ਸ਼ਹੀਦ ਹੋਏ ਹਨ, ਜੋ ਕਿ ਸਾਡੇ ਦੇਸ਼ ਦੇ ਸਿਸਟਮ ਅਤੇ ਦੇਸ਼ ਦੀਆਂ ਸਰਹੱਦਾਂ 'ਤੇ ਸਵਾਲ ਖੜਾ ਕਰਦੇ ਹਨ।

ਆਖ਼ਰ ਕਿਉਂ ਨਹੀਂ ਸਰਹੱਦਾਂ 'ਤੇ ਸ਼ਾਂਤੀ ਬਣੀ ਰਹਿੰਦੀ, ਇਹ ਇੱਕ ਆਪਣੇ ਆਪ ਵਿੱਚ ਹੀ ਲੀਡਰਾਂ ਨੂੰ ਵੱਡਾ ਸਵਾਲ ਹੈ? ਦੋਸਤੋ, ਜੇਕਰ ਆਪਾਂ ਲੋਕ ਸਭਾ ਚੋਣਾਂ 2019 ਤੋਂ ਪਹਿਲੋਂ ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਪੁਲਵਾਮਾ ਦੇ ਵਿੱਚ ਅੱਤਵਾਦੀ ਹਮਲੇ ਦੇ ਵਿੱਚ ਭਾਰਤੀ ਫੌਜ ਦੇ ਕਰੀਬ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ, ਜਦਕਿ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਹਨ। ਇਸੇ ਤਰ੍ਹਾਂ ਸਤੰਬਰ-2018 ਤੋਂ ਅਗਸਤ-2019 ਦੇ ਵਿਚਕਾਰ ਦੇਸ਼ ਦੇ ਅੰਦਰ ਹੋਏ ਵੱਖ-ਵੱਖ ਅੱਤਵਾਦੀ ਹਮਲਿਆਂ ਦੇ ਵਿੱਚ ਬੀਐਸਐਫ਼ ਅਤੇ ਸੀਆਰਪੀਐਫ ਦੇ 292 ਜਵਾਨ ਸ਼ਹੀਦ ਹੋਏ ਹਨ।

ਦੋਸਤੋ, ਛਪੀ ਰਿਪੋਰਟ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਪਿਛਲੇ ਇੱਕ ਸਾਲ ਵਿੱਚ ਆਈਟੀਬੀਪੀ ਦੇ 23, ਸਰਹੱਦੀ ਸੁਰੱਖਿਆ ਬਲ ਦੇ 41, ਜਦਕਿ ਜੰਮੂ-ਕਸ਼ਮੀਰ ਪੁਲਿਸ ਦੇ 24 ਜਵਾਨ ਸ਼ਹੀਦ ਹੋਏ ਹਨ। ਦੋਸਤੋ, ਇਸੇ ਤਰ੍ਹਾਂ ਹੀ ਜੇਕਰ ਪਿਛਲੇ ਕੁਝ ਸਾਲਾਂ 'ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਪੰਜਾਬ, ਮਹਾਰਾਸ਼ਟਰ ਪੁਲਿਸ, ਛੱਤੀਸਗੜ੍ਹ, ਕਰਨਾਟਕ ਪੁਲਿਸ, ਰੇਲਵੇ ਸੁਰੱਖਿਆ ਬਲ, ਦਿੱਲੀ ਤੇ ਰਾਜਸਥਾਨ ਪੁਲਿਸ, ਝਾਰਖੰਡ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਹਰਿਆਣਾ, ਮਣੀਪੁਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਸਿੱਕਮ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਜਵਾਨ ਵੱਖ-ਵੱਖ ਹਮਲਿਆਂ ਤੋਂ ਇਲਾਵਾ ਜੰਗਾਂ ਦੇ ਵਿੱਚ ਸ਼ਹੀਦ ਹੋਏ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 35 ਹਜ਼ਾਰ ਬਣਦੀ ਹੈ।

ਦੋਸਤੋ, ਛਪੀ ਰਿਪੋਰਟ ਤੋਂ ਬਾਅਦ ਸਵਾਲ ਸਮੇਂ ਦੀਆਂ ਸਰਕਾਰਾਂ ਨੂੰ ਇਹ ਹੈ ਕਿ ਕੀ ਭਾਰਤ ਸਰਕਾਰ ਜਾਂ ਫਿਰ ਰਾਜ ਸਰਕਾਰਾਂ ਦੇ ਵੱਲੋਂ ਸ਼ਹੀਦਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਗਿਆ ਹੈ? ਕੀ ਕਦੇ ਲੀਡਰਾਂ ਨੇ ਸ਼ਹੀਦ ਹੋਏ ਪਰਿਵਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ ਕੀਤੀ ਹੈ? ਕੀ ਲੀਡਰ ਸਿਰਫ਼ ਵੋਟਾਂ ਵੇਲੇ ਹੀ ਸ਼ਹੀਦਾਂ ਦੇ ਪਰਿਵਾਰ ਨਾਲ ਨੇੜਤਾ ਕਰਦੇ ਹਨ? ਕੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਮੇਂ ਦੀਆਂ ਸਰਕਾਰਾਂ ਤੋਂ ਕੋਈ ਆਸ ਹੈ? ਦੋਸਤੋ, ਜੇਕਰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਨਣੇ ਤਾਂ, ਵੇਹਲੇ ਵਿਦੇਸ਼ਾਂ ਵਿੱਚ ਗੇੜੀਆਂ ਮਾਰਦੇ ਭਾਰਤ ਦੇ ਪ੍ਰਧਾਨ ਮੰਤਰੀ ਕੋਲੋਂ ਕਿਸੇ ਵੇਲੇ ਵੀ ਝੂਠੇ ਜਵਾਬ ਲੈ ਸਕਦੇ ਹੋ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।