ਹੱਕੀ ਮੰਗਾਂ ਸਬੰਧੀ ਜਲਦ ਸੰਘਰਸ਼ ਵਿੱਢਣਗੇ ਕੰਪਿਊਟਰ ਅਧਿਆਪਕ !!!

Last Updated: Nov 08 2019 18:07
Reading time: 0 mins, 59 secs

ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਹਰਜੀਤ ਸਿੰਘ ਸੰਧੂ ਦੀ ਅਗਵਾਈ ਵਿੱਚ ਇੱਕ ਅਹਿਮ ਮੀਟਿੰਗ ਫ਼ਿਰੋਜ਼ਪੁਰ ਵਿਖੇ ਹੋਈ। ਮੀਟਿੰਗ ਤੋਂ ਮਗਰੋਂ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਵਿੱਚ ਮਜ਼ਬੂਤੀ ਨਾਲ ਸੰਘਰਸ਼ ਕਰਨ ਲਈ 9 ਨਵੰਬਰ 2019 ਨੂੰ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸਮੂਹ ਜ਼ਿਲ੍ਹੇ ਆਪਣੇ ਜੱਥੇਬੰਦੀ ਦੇ ਬੈਨਰ ਹੇਠ ਸ਼ਾਮਿਲ ਹੋਣਗੇ। ਆਗੂਆਂ ਨੇ ਦੱਸਿਆ ਕਿ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਕੋਈ ਸਾਰਥਿਕ ਹੱਲ ਨਹੀਂ ਕੀਤੇ ਜਾਣ ਤੇ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ।

ਪੰਜਾਬ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਬਾਵਜੂਦ ਅਤੇ 15-15 ਸਾਲ ਦੀ ਸੇਵਾ ਨਿਭਾਉਣ ਦੇ ਬਾਅਦ ਵੀ ਅਜੇ ਤੱਕ ਕਰਮਚਾਰੀਆਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਜੱਥੇਬੰਦੀ ਨੂੰ ਮਜਬੂਰਨ ਸੰਘਰਸ਼ ਦੇ ਰਾਹ ਤੇ ਤੁਰਨਾ ਪਵੇਗਾ। ਇਸ ਮੌਕੇ ਦਵਿੰਦਰ ਸਿੰਘ, ਰਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਸਰਵਜੋਤ ਸਿੰਘ ਮੁੱਤੀ, ਜਤਿੰਦਰ ਕੁਮਾਰ ਗੱਖੜ, ਗੁਰਵਿੰਦਰ ਸਿੰਘ, ਮਿਸਾਲ ਧਵਨ, ਅਰਵਿੰਦ, ਮਹੇਸ਼, ਮੁਕੇਸ਼ ਚੌਹਾਨ, ਦੀਪਕ, ਗੌਰਵ ਪੂਰੀ, ਪਵਨ ਕੁਮਾਰ, ਰਜਨੀਸ਼, ਮੈਡਮ ਨਵਜੋਤ ਕੌਰ, ਸੁਖਵੰਤ ਕੌਰ ਅਤੇ ਹੋਰ ਵੱਡੀ ਗਿਣਤੀ ਵਿੱਚ ਕੰਪਿਊਟਰ ਅਧਿਆਪਕ ਹਾਜ਼ਰ ਸਨ।