ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ 335 ਪ੍ਰਾਇਮਰੀ ਸਕੂਲ ਬਣੇ ਸਮਾਰਟ!!

Last Updated: Nov 08 2019 18:01
Reading time: 1 min, 6 secs

ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿੱਥੇ ਸੂਬਾ ਭਰ ਦੇ ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਮਿਹਨਤੀ ਅਧਿਆਪਕਾਂ, ਪਿੰਡਾਂ ਦੇ ਪਤਵੰਤੇ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਜ਼ਿਲ੍ਹੇ ਦੇ 335 ਸਕੂਲਾਂ ਨੂੰ ਸੈਲਫ ਸਮਾਰਟ ਸਕੂਲ ਬਣਾਏ ਜਾ ਚੁੱਕੇ ਹਨ। ਇਹ ਸਕੂਲ ਆਧੁਨਿਕ ਸਹੂਲਤਾਂ ਨਾਲ ਜਿਵੇਂ ਅੰਗਰੇਜ਼ੀ ਮਾਧਿਅਮ, ਪ੍ਰੋਜੈਕਟਰ, ਐੱਲ.ਈ. ਡੀਜ਼, ਟੈਲੀਵਿਜ਼ਨ, ਲੈੱਪਟਾਪ ਆਦਿ ਨਾਲ ਭਰਪੂਰ ਹਨ।

ਇਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗੁਣਾਤਮਿਕ ਸਿੱਖਿਆ ਦੇਣ ਲਈ ਈ-ਕੰਟੈਂਟ ਰਾਹੀਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਉੱਪ ਜ਼ਿਲ੍ਹਾ ਅਫਸਰ (ਐ.ਸਿੱ) ਸੁਖਵਿੰਦਰ ਸਿੰਘ ਨੇ ਕਿਹਾ ਕਿ ਅਧਿਆਪਕਾਂ ਵੱਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 608 ਸਕੂਲਾਂ ਵਿੱਚੋਂ 335 ਸਕੂਲ ਸਮਾਰਟ ਬਣਾਏ ਗਏ ਹਨ ਅਤੇ ਬਹੁਤ ਜਲਦ ਸਮੁੱਚੇ ਜ਼ਿਲ੍ਹੇ ਦੇ ਸਾਰੇ ਸਕੂਲ ਸਮਾਰਟ ਸਕੂਲ ਬਣ ਜਾਣਗੇ।

ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਦਾ ਬਲਾਕ ਘੱਲ ਖੁਰਦ-2 ਬੀ.ਪੀ.ਈ.ਓ, ਸੀ.ਐੱਚ.ਟੀ ਅਤੇ ਅਧਿਆਪਕਾਂ ਦੀ ਮਿਹਨਤ ਨਾਲ ਪੂਰਾ ਸੈਲਫ ਸਮਾਰਟ ਬਣਾਇਆ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਲਾਕ ਘੱਲ ਖੁਰਦ-2 ਦਾ ਦਫਤਰ ਵੀ ਸਮਾਰਟ ਬਣਾਇਆ ਜਾ ਚੁੱਕਾ ਹੈ, ਇਸ ਕਾਰਜ ਲਈ ਸਾਰਾ ਬਲਾਕ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਸਮਾਰਟ ਸਕੂਲ ਬਣਾਉਣ ਵਿੱਚ ਸਮਾਜ ਸੇਵੀ ਸੰਸਥਾਵਾਂ, ਪਿੰਡ ਦੇ ਪਤਵੰਤੇ ਸੱਜਣਾਂ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੀ ਸੋਚ ਰੱਖਣ ਵਾਲੇ ਸੱਜਣਾਂ ਦਾ ਪੂਰਾ ਸਹਿਯੋਗ ਲਿਆ ਜਾਵੇਗਾ।