ਬੱਚੇ ਕਰਨਗੇ ਮਾਪਿਆਂ ਨੂੰ ਪਰਾਲੀ ਨਾ ਸਾੜਣ ਸਬੰਧੀ ਜਾਗਰੂਕ!!

Last Updated: Nov 08 2019 17:53
Reading time: 1 min, 11 secs

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਦੇ ਸਾਇੰਸਦਾਨਾਂ ਵੱਲੋਂ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ ਡਾ. ਗੁਰਜੰਟ ਸਿੰਘ ਔਲਖ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਅੱਬੂ ਸ਼ਾਹ ਬੁੱਕਰ ਅਤੇ ਸਰਕਾਰੀ ਹਾਈ ਸਕੂਲ ਮੱਲੋਕੇ ਦੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਝੋਨੇ ਦੀ ਪਰਾਲੀ ਨਾ ਸਾੜਣ ਸਬੰਧੀ ਸਕੂਲਾਂ ਵਿੱਚ ਜਾ ਕੇ ਪ੍ਰੇਰਿਤ ਕੀਤਾ। ਵਾਤਾਵਰਨ ਦੀ ਸੰਭਾਲ ਸਬੰਧੀ ਬੱਚਿਆਂ ਦੇ ਲੇਖ ਅਤੇ ਪੋਸਟਰ ਬਨਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।

ਸਕੂਲਾਂ ਦੇ ਸਟਾਫ ਅਤੇ ਬੱਚਿਆਂ ਨੂੰ ਪਰਾਲੀ ਸਾੜਣ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਝੋਨੇ ਦੇ ਪਰਾਲ ਨੂੰ ਖੇਤਾਂ ਵਿੱਚ ਵਾਹਣ ਵਾਲੀ ਮਸ਼ੀਨਰੀ ਅਤੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਵਾਲੀ ਮਸ਼ੀਨਰੀ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਇਸ ਕੈਂਪ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਹ ਘਰ ਜਾ ਕੇ ਆਪਣੇ ਮਾਤਾ-ਪਿਤਾ, ਚਾਚੇ-ਤਾਇਆਂ ਅਤੇ ਭੈਣ-ਭਰਾਵਾਂ ਨੂੰ ਵੀ ਪਰਾਲੀ ਨੇ ਸਾੜਣ ਬਾਰੇ ਪ੍ਰੇਰਿਤ ਕਰਨਗੇ।

ਬੱਚਿਆਂ ਨੇ ਇਹ ਵੀ ਪ੍ਰਣ ਲਿਆ ਕਿ ਵਾਤਾਵਰਣ ਦੀ ਸੰਭਾਲ ਸਬੰਧੀ ਉਹ ਆਪਣੇ ਪਿੰਡ ਵਾਸੀਆਂ ਨੂੰ ਅਗਾਂਹ ਜਾਣਕਾਰੀ ਦੇਣਗੇ। ਦੱਸ ਦਈਏ ਕਿ ਇਨ੍ਹਾਂ ਕੈਂਪਾਂ ਵਿੱਚ ਹਰੇਕ ਸਕੂਲ ਦੇ 100-100 ਵਿਦਿਆਰਥੀ ਅਤੇ ਪੂਰੇ ਸਟਾਫ ਨੇ ਸ਼ਿਰਕਤ ਕੀਤੀ ਅਤੇ ਕੇਂਦਰ ਦੇ ਸਾਇੰਸਦਾਨਾਂ ਦਾ ਪੂਰਾ ਸਾਥ ਦਿੱਤਾ। ਸਕੂਲਾਂ ਦੇ ਮੁੱਖੀਆਂ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਦੇ ਸਾਇੰਸਦਾਨਾਂ ਦਾ ਇਹ ਵਡਮੁੱਲੀ ਜਾਣਕਾਰੀ ਦੇਣ ਲਈ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਅੱਗੇ ਤੋਂ ਅਜਿਹੇ ਹੋਰ ਕੈਂਪ ਲਗਾਉਣ ਬਾਰੇ ਵੀ ਸਾਇੰਸਦਾਨਾਂ ਨੂੰ ਬੇਨਤੀ ਕੀਤੀ ਗਈ।