ਪਰਾਲੀ ਸਾੜਨ ਤੇ ਕਾਰਵਾਈ ਕਰਨ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਧਕ

Last Updated: Nov 08 2019 17:42
Reading time: 0 mins, 44 secs

ਪਰਾਲੀ ਨੂੰ ਸਾੜਨ ਦਾ ਸੇਕ ਹੁਣ ਸਿਰਫ ਆਮ ਲੋਕਾਂ ਤੱਕ ਹੀ ਨਹੀਂ ਪਹੁੰਚ ਰਿਹਾ ਇਸ ਦਾ ਸੇਕ ਹੁਣ ਸਰਕਾਰੀ ਅਧਿਕਾਰੀਆਂ ਨੂੰ ਵੀ ਲੱਗਣ ਲੱਗਾ ਹੈ। ਕਿਸਾਨ ਆਪਣੀ ਮਜਬੂਰੀ ਦੱਸ ਕੇ ਪਰਾਲੀ ਨੂੰ ਅੱਗ ਲਗਾ ਰਹੇ ਹਨ ਅਤੇ ਸਰਕਾਰ ਵੱਲੋਂ ਮਜਬੂਰ ਕੀਤੇ ਗਏ ਸਰਕਾਰੀ ਅਧਿਕਾਰੀ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਕਾਰਵਾਈ ਕਰਨ ਪਹੁੰਚ ਰਹੇ ਹਨ। ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੱਜੋਆਣਾ ਅਤੇ ਕਲਿਆਣ ਦੇ ਖੇਤਾਂ ਵਿੱਚ ਕਿਸਾਨਾਂ ਦੁਆਰਾ ਪਰਾਲੀ ਨੂੰ ਅੱਗ ਲਗਾਈ ਗਈ ਸੀ ਅਤੇ ਜਦੋਂ ਸਰਕਾਰੀ ਅਧਿਕਾਰੀ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਨ ਪਹੁੰਚੇ ਤਾਂ ਕਿਸਾਨਾਂ ਨੇ ਇਕੱਠੇ ਹੋ ਕੇ ਉਨ੍ਹਾਂ ਨੂੰ ਬੰਧਕ ਬਣਾ ਲਿਆ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਸਰਕਾਰੀ ਨੁਮਾਇੰਦੇ ਆਸ਼ੂਤੋਸ਼ ਅਤੇ ਰਮਨਦੀਪ ਨੂੰ ਬੰਦੀ ਬਣਾ ਲਿਆ ਤੇ ਜਿੰਨਾ ਚਿਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਨਹੀਂ ਦਿੱਤਾ ਉਦੋਂ ਤੱਕ ਉਨ੍ਹਾਂ ਨੂੰ ਨਹੀਂ ਛੱਡਿਆ ਗਿਆ ਅਤੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਪਿੰਡ ਨਾ ਵੜਨ ਦੀ ਚੇਤਾਵਨੀ ਵੀ ਦਿੱਤੀ ਗਈ।