ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਧਾਨ ਸਭਾ ਦੇ ਮਤੇ ਨੂੰ ਲਾਗੂ ਕਰਕੇ ਪੂਰੀ ਦੁਨੀਆ 'ਚ ਗੁਰਬਾਣੀ ਦਾ ਪ੍ਰਸਾਰ ਤੇ ਪ੍ਰਚਾਰ ਕਰੇ- ਸਿੱਖ ਸੰਗਤ

Last Updated: Nov 08 2019 17:14
Reading time: 1 min, 47 secs

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ, ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਮਤੇ ਕਿ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਨ ਕਰਨ ਦੇ ਹੱਕ ਹਰ ਚਾਹਵਾਨ ਚੈਨਲ ਨੂੰ ਹੋਣੇ ਚਾਹੀਦੇ ਹਨ ਦਾ ਸਮੂਹ ਨਾਨਕ ਨਾਮ ਲੇਵਾ ਸੰਗਤ ਅਤੇ ਸਿੱਖ ਵਿਦਵਾਨਾਂ ਨੇ ਭਰਵਾਂ ਸਵਾਗਤ ਕੀਤਾ ਹੈ। ਸਮੂਹ ਸਿੱਖ ਸੰਗਤ ਨੇ ਪੰਜਾਬ ਵਿਧਾਨ ਸਭਾ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਸ ਅਤਿ-ਮਹੱਤਵਪੂਰਨ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਹੈ।

ਸਿੱਖ ਵਿਚਾਰਕ ਰੁਪਿੰਦਰ ਸਿੰਘ ਸ਼ਾਮਪੁਰਾ ਨੇ ਇਸ ਸਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੁੱਲ ਆਲਮ ਲਈ ਹੈ ਅਤੇ ਇਸ ਇਲਾਹੀ ਬਾਣੀ ਦਾ ਪ੍ਰਚਾਰ ਤੇ ਪਸਾਰ ਪੂਰੀ ਦੁਨੀਆ ਵਿੱਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਪ੍ਰਸਾਰਨ ਕਰਨ ਦੇ ਅਧਿਕਾਰ ਕੇਵਲ ਪੀ.ਟੀ.ਸੀ. ਚੈਨਲ ਨੂੰ ਦੇ ਕੇ ਗੁਰੂ ਸਾਹਿਬ ਦੇ ਸੰਦੇਸ਼ ਨੂੰ ਸਿਰਫ ਕੁਝ ਲੋਕਾਂ ਤੱਕ ਸੀਮਤ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦਾ ਕੰਮ ਵੱਧ ਤੋਂ ਵੱਧ ਬਾਣੀ ਦਾ ਪ੍ਰਚਾਰ ਕਰਨਾ ਹੈ ਅਤੇ ਜੇਕਰ ਹੋਰ ਚੈਨਲ ਵੀ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਕੀਰਤਨ ਨੂੰ ਲਾਈਵ ਕਰਨਗੇ ਤਾਂ ਇਸ ਨਾਲ ਗੁਰੂ ਸਾਹਿਬ ਦਾ ਮਾਨਵਾਦੀ ਸੁਨੇਹਾ ਹੋਰ ਵੀ ਫੈਲੇਗਾ। ਸ. ਸ਼ਾਮਪੁਰਾ ਨੇ ਇਸ ਮਹੱਤਵਪੂਰਨ ਮਤੇ ਲਈ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਹੈ।

ਪਿੰਡ ਹਰਪੁਰਾ ਦੇ ਕਿਸਾਨ ਸੁਖਦੇਵ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਪੂਰੀ ਮਾਨਵਤਾ ਲਈ ਹੈ ਅਤੇ ਇਸ ਸੰਦੇਸ਼ ਨੂੰ ਇੱਕ ਦਾਇਰੇ ਵਿੱਚ ਸੀਮਤ ਰੱਖਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪੇਸ਼ ਕੀਤਾ ਗਿਆ ਇਹ ਮਤਾ ਸਵਾਗਤਯੋਗ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੌਰੀ ਤੌਰ 'ਤੇ ਇਸ ਨੂੰ ਮੰਨਦੇ ਹੋਏ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਹੱਕ ਪੀ.ਟੀ.ਸੀ. ਦੇ ਨਾਲ ਹੋਰ ਚੈਨਲਾਂ ਨੂੰ ਵੀ ਦੇਣੇ ਚਾਹੀਦੇ ਹਨ।

ਬਟਾਲਾ ਨਿਵਾਸੀ ਹਰਬਖਸ਼ ਸਿੰਘ ਨੇ ਵੀ ਕੈਬਨਿਟ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਪੇਸ਼ ਕੀਤੇ ਮਤੇ ਦਾ ਸਵਾਗਤ ਕੀਤਾ ਹੈ। ਹਰਬਖਸ਼ ਸਿੰਘ ਨੇ ਕਿਹਾ ਕਿ ਜੇਕਰ ਸ਼੍ਰੋਮਣੀ ਕਮੇਟੀ ਵਿਧਾਨ ਸਭਾ ਦੇ ਇਸ ਮਤੇ ਨੂੰ ਮੰਨਦੀ ਹੈ ਤਾਂ ਇਸ ਨਾਲ ਗੁਰੂ ਸਾਹਿਬ ਦੀ ਬਾਣੀ ਅਤੇ ਉਪਦੇਸ਼ ਹੋਰ ਵੀ ਫੈਲ ਸਕਣਗੇ। ਇਸ ਤੋਂ ਇਲਾਵਾ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਸੰਗਤ ਨੇ ਵੀ ਪੰਜਾਬ ਵਿਧਾਨ ਸਭਾ ਦੇ ਇਸ ਮਤੇ ਦੀ ਭਰਪੂਰ ਸਰਾਹਨਾ ਕੀਤੀ ਹੈ।