ਮਨੀ ਪਲਾਂਟ ਵਾਲੇ ਬਰਤਨਾਂ ਵਿੱਚ ਖੜ੍ਹੇ ਪਾਣੀ ਵਿੱਚ ਪੈਦਾ ਹੋ ਸਕਦਾ ਹੈ ਡੇਂਗੂ ਦਾ ਮੱਛਰ

Last Updated: Nov 08 2019 17:13
Reading time: 2 mins, 9 secs

ਘਰਾਂ ਵਿੱਚ ਸਜਾਵਟ ਲਈ ਲਗਾਏ ਜਾਂਦੇ ਮਨੀ ਪਲਾਂਟ ਦੇ ਬਰਤਨਾਂ, ਗਮਲਿਆਂ ਵਿੱਚ ਪਾਣੀ ਖੜ੍ਹਾ ਰਹਿਣ ਕਾਰਨ ਇਹ ਡੇਂਗੂ ਦਾ ਮੱਛਰ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਫ਼ਰਿਜਾਂ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਦੇ ਪਾਣੀ ਵਿੱਚ ਵੀ ਡੇਂਗੂ ਦਾ ਲਾਰਵਾ ਪਨਪਦਾ ਹੈ ਜਿਸ ਤੋਂ ਬਚਣ ਦੀ ਲੋੜ ਹੈ।

ਲੋਕਾਂ ਨੂੰ ਡੇਂਗੂ ਦੇ ਮੱਛਰ ਪ੍ਰਤੀ ਜਾਗਰੂਕ ਕਰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਮਨੀ ਪਲਾਂਟ ਦੀ ਵੇਲ ਕੱਚ ਦੀ ਬੋਤਲ, ਪਲਾਸਟਿਕ ਦੇ ਬਰਤਨ, ਛੋਟੇ ਆਕਾਰ ਦੇ ਪਲਾਸਟਿਕ ਦੇ ਗਮਲੇ ਜਾਂ ਕੱਚ ਦੇ ਮਰਤਬਾਨ 'ਚ ਪਾਣੀ ਭਰ ਕੇ ਲਗਾ ਦਿੰਦੇ ਹਨ। ਮਨੀ ਪਲਾਂਟ ਵਾਲਾ ਬਰਤਨ ਸਜਾਵਟ ਵਜੋਂ ਡਰਾਇੰਗ ਰੂਮ ਵਿੱਚਲੇ ਮੇਜ਼, ਰੌਸ਼ਨਦਾਨ, ਖਿੜਕੀ ਵਗੈਰਾ 'ਚ ਰੱਖਿਆ ਜਾਂਦਾ ਹੈ। ਬਰਤਨ ਵਿੱਚਲੇ ਪਾਣੀ 'ਚ ਬੈਕਟੀਰੀਆ ਵਗੈਰਾ ਨਾ ਪਨਪਣ, ਇਸ ਵਾਸਤੇ ਪਾਣੀ ਰੋਜ਼ ਬਦਲਣਾ ਹੁੰਦਾ ਹੈ ਪਰ ਦੇਖਿਆ ਇਹ ਗਿਆ ਹੈ ਕਿ ਲੋਕ ਮਨੀ ਪਲਾਂਟ ਲਗਾ ਦੇਣ ਬਾਅਦ ਬਰਤਨ ਵਿੱਚਲਾ ਪਾਣੀ ਬਦਲਣਾ ਅਕਸਰ ਹੀ ਭੁੱਲ ਜਾਂਦੇ ਹਨ। ਜਿਸ ਕਾਰਨ 7 ਦਿਨਾਂ ਦੇ ਅੰਦਰ ਹੀ ਇਸ ਪਾਣੀ ਵਿੱਚ ਲਾਰਵਾ ਬਣ ਕੇ ਡੇਂਗੂ ਦਾ ਮੱਛਰ ਪੈਦਾ ਹੋ ਜਾਂਦਾ ਹੈ ਜੋ ਕਿ ਬਾਅਦ ਵਿੱਚ ਡੇਂਗੂ ਦੀ ਬਿਮਾਰੀ ਦਾ ਕਾਰਨ ਬਣਦਾ ਹੈ। 

ਐੱਸ.ਡੀ.ਐੱਮ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਨੀ ਪਲਾਂਟ ਵਾਲੇ ਬਰਤਨ ਵਿੱਚ ਪਾਣੀ ਨਾ ਬਦਲਣ ਕਰਕੇ 'ਏਡੀਜ਼' ਨਾਂਅ ਦਾ ਮਾਦਾ ਮੱਛਰ ਮਨੀ ਪਲਾਂਟ ਵਾਲੇ ਬਰਤਨ 'ਚ ਅੰਡੇ ਦਿੰਦਾ ਹੈ ਜਿਨ੍ਹਾਂ ਨਾਲ ਬਣਦੇ ਲਾਰਵੇ 'ਚੋਂ ਪੈਦਾ ਹੋਣ ਵਾਲੇ ਮੱਛਰ ਡੇਂਗੂ ਦੇ ਮੱਛਰ ਹੁੰਦੇ ਹਨ। ਡੇਂਗੂ ਦੇ ਮੱਛਰ ਕੱਟਣ ਨਾਲ ਜਾਨਲੇਵਾ ਡੇਂਗੂ ਦੀ ਬਿਮਾਰੀ ਹੋ ਸਕਦੀ ਹੈ। ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸਿਰਫ਼ ਮਨੀ ਪਲਾਂਟ ਹੀ ਨਹੀਂ, ਮਕਾਨਾਂ ਅੰਦਰ ਰੱਖੇ ਜਾਣ ਵਾਲੇ ਹੋਰ ਸਜਾਵਟੀ ਵੇਲ-ਬੂਟਿਆਂ ਵਾਲੇ ਗਮਲਿਆਂ ਵੱਲ ਵੀ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਹ ਮੱਛਰ ਕੋਠਿਆਂ 'ਤੇ ਸੁੱਟੇ ਕੰਡਮ ਟਾਇਰਾਂ, ਘਰਾਂ ਵਿੱਚਲੇ ਏ.ਸੀ ਅਤੇ ਫ਼ਰਿਜਾਂ ਦੀਆਂ ਟ੍ਰੇਆਂ, ਕੂਲਰਾਂ, ਫੁੱਲਦਾਨਾਂ, ਗਮਲਿਆਂ ਥੱਲੇ ਰੱਖੀਆਂ ਟ੍ਰੇਆਂ, ਪੰਛੀਆਂ ਲਈ ਰੱਖੇ ਪਾਣੀ ਵਾਲੇ ਕਟੋਰਿਆਂ ਜਾਂ ਘਰ ਦੇ ਕਿਸੇ ਖੱਲ-ਖੂੰਜੇ 'ਚ ਖੜਦੇ ਸਾਫ਼ ਪਾਣੀ 'ਚ ਵੀ ਆਪਣੀ ਜਗ੍ਹਾ ਬਣਾਉਂਦੇ ਹਨ। 

ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਇਸ ਲਈ ਜ਼ਰੂਰੀ ਹੈ ਕਿ ਡੇਂਗੂ ਫੈਲਾਉਣ ਵਾਲੇ ਇਨ੍ਹਾਂ ਮੱਛਰਾਂ ਦੀ ਉਤਪਤੀ ਵਾਲੇ ਸਥਾਨ ਘਰਾਂ 'ਚ ਬਣਨ ਹੀ ਨਾ ਦਿੱਤੇ ਜਾਣ। ਸਜਾਵਟੀ ਬੂਟਿਆਂ ਦੇ ਗਮਲੇ ਆਪਣੇ ਉੱਠਣ-ਬੈਠਣ ਜਾਂ ਸੌਣ ਵਾਲੇ ਸਥਾਨ ਤੋਂ ਦੂਰ ਰੱਖੇ ਜਾਣ ਅਤੇ ਇਨ੍ਹਾਂ 'ਚ ਪਾਣੀ ਨਾ ਖੜਨ ਦਿੱਤਾ ਜਾਵੇ। ਮਕਾਨਾਂ ਉੱਪਰ ਵਾਧਾ-ਘਾਟਾ ਅਜਿਹਾ ਸਾਮਾਨ ਨਾ ਰੱਖਿਆ ਜਾਵੇ ਜਿਸ 'ਚ ਪਾਣੀ ਖੜਦਾ ਹੋਵੇ। ਰਾਤ ਸਮੇਂ ਆਪਣੇ ਸਰੀਰ ਦੇ ਸਾਰੇ ਅੰਗਾਂ ਨੂੰ ਢੱਕ ਲੈਣ ਵਾਲੇ ਹਲਕੇ ਕੱਪੜੇ ਪਹਿਨੇ ਜਾਣ। ਪਰਹੇਜ਼ ਰੱਖ ਕੇ ਡੇਂਗੂ ਦੇ ਜਨਮਦਾਤਾ ਏਡੀਜ਼ ਨਾਮੀ ਮੱਛਰ ਦੇ ਕਹਿਰ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ਮੱਛਰ ਦੇ ਖ਼ਿਲਾਫ਼ ਥੋੜ੍ਹੀ ਜਿਹੀ ਜਾਗਰੂਕਤਾ ਨਾਲ ਤੁਸੀਂ ਆਪਣੀ ਸਿਹਤ ਨੂੰ ਡੇਂਗੂ ਦੇ ਕਹਿਰ ਤੋਂ ਬਚਾ ਕੇ ਰੱਖ ਸਕਦੇ ਹੋ।