ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਪੱਧਰ ਦਾ ਧਰਨਾ ਅੱਜ ਜੈਤੋ ਦੇ ਐਸਡੀਐਮ ਦਫਤਰ ਮੂਹਰੇ ਜਾਰੀ (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 08 2019 16:57
Reading time: 0 mins, 58 secs

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਪੱਧਰ ਦਾ ਧਰਨਾ ਅੱਜ ਜੈਤੋ ਦੇ ਐਸਡੀਐਮ ਦਫਤਰ ਮੂਹਰੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਪ੍ਰਧਾਨਗੀ ਵਿੱਚ ਜਾਰੀ ਹੈ। ਬੀਤੇ ਦਿਨ ਜੈਤੋ ਬਲਾਕ ਦੇ ਕਿਸਾਨਾਂ ਦੇ ਵਿਰੁੱਧ ਕੇਸ ਦਰਜ ਕੀਤੇ ਗਏ ਸੀ।

ਇਨ੍ਹਾਂ ਪਰਚਿਆਂ ਨੂੰ ਰੱਦ ਕਰਵਾਉਣ ਲਈ ਜੈਤੋ ਬਲਾਕ ਦੇ ਪ੍ਰਧਾਨ ਨੈਬ ਸਿੰਘ ਤੇ ਇੰਦਰਜੀਤ ਸਿੰਘ ਘਣੀਆ ਜਰਨਲ ਸਕੱਤਰ ਜ਼ਿਲ੍ਹਾ ਫਰੀਦਕੋਟ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਤੇ ਕੀਤੇ ਪਰਚਿਆਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਧਰਨਾ ਜਾਰੀ ਰਹੇਗਾ। 

ਉਨ੍ਹਾਂ ਕਿਹਾ ਕਿ ਕਿਸਾਨ ਕੋਈ ਸ਼ੌਂਕ ਨਾਲ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ, ਕਿਸਾਨ ਚਾਹੁੰਦਾ ਹੈ ਕਿ ਸਰਕਾਰ ਪਰਾਲੀ ਨੂੰ ਚੱਕ ਕੇ ਲੈ ਜਾਵੇ ਤਾਂ ਕਿਸਾਨ ਅੱਗ ਨਹੀਂ ਲਗਾਵੇਗਾ ਪਰ ਸਰਕਾਰ ਕਿਸਾਨਾਂ ਨੂੰ ਅੱਗ ਲਗਾਉਣ ਲਈ ਮਜ਼ਬੂਰ ਕਰਦੀ ਹੈ। 

ਝੋਨੇ ਦੀ ਫਸਲ ਦੇ ਆਉਂਦਿਆਂ ਹੀ ਸਰਕਾਰ ਅਤੇ ਕਿਸਾਨ ਆਹਮੋ ਸਾਹਮਣੇ ਹੋ ਜਾਂਦੇ ਹਨ। ਝੋਨੇ ਦੀ ਫਸਲ ਦੀ ਰਹਿੰਦ-ਖੂੰਹਦ ਜਿਸ ਨੂੰ ਪਰਾਲੀ ਕਿਹਾ ਜਾਂਦਾ ਹੈ ਉਸ ਦਾ ਕਿਸਾਨਾਂ ਕੋਲ ਕੋਈ ਹੱਲ ਨਹੀਂ ਹੈ ਜਿਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਗਾ ਦਿੰਦੇ ਹਨ। ਜਿਸ ਕਾਰਨ ਸਰਕਾਰ ਉਨ੍ਹਾਂ ਤੇ ਪਰਚੇ ਦਰਜ ਕਰਦੀ ਹੈ।

ਅੱਜ ਵੱਖ-ਵੱਖ ਪੰਜਾਬ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਵੱਲੋਂ  ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਕਿਸਾਨਾਂ ਦਾ ਧਰਨਾ ਪਰਚਿਆਂ ਨੂੰ ਰੱਦ ਕਰਵਾਉਣ ਤੱਕ ਜਾਰੀ ਰਹੇਗਾ।