Loading the player...

ਕਰਤਾਰਪੁਰ ਲਾਂਘੇ ਵਿਖੇ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਸਿਹਤ ਸਹੂਲਤਾਂ ਦੇ ਪ੍ਰਬੰਧਾਂ ਦਾ ਮੌਕੇ ਤੇ ਜਾ ਕੇ ਲਿਆ ਜਾਇਜ਼ਾ! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 08 2019 16:50
Reading time: 1 min, 25 secs

ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਨੌਜਵਾਨ ਚੇਅਰਮੈਨ ਅਮਰਦੀਪ ਸਿੰਘ ਚੀਮਾ ਨੇ ਕਰਤਾਰਪੁਰ ਦਾ ਲਾਂਘਾ ਖੁੱਲਣ ਮੌਕੇ ਆਯੋਜਿਤ ਹੋਣ ਵਾਲੇ ਸਮਾਗਮਾਂ ਵਿੱਚ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਦਾ ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਜਾਇਜ਼ਾ ਲਿਆ। ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰਪੁਰ ਦਾ ਲਾਂਘਾ ਭਲਕੇ 9 ਨਵੰਬਰ ਨੂੰ ਖੋਲ੍ਹਿਆ ਜਾਣਾ ਹੈ ਤੇ ਇਸ ਲਾਂਘੇ ਨੂੰ ਰਸਮੀ ਤੌਰ ਤੇ ਖੋਲ੍ਹਣ ਵਾਸਤੇ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਪਹੁੰਚਣਗੇ। ਚੀਮਾ ਨੇ ਕਿਹਾ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੂਰ ਦੁਰਾਡੇ ਤੋਂ ਪਹੁੰਚਣਾ ਹੈ ਜਿਸ ਲਈ ਅਗਾਊਂ ਹੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰਬੰਧ ਕੀਤੇ ਗਏ ਸਨ। ਜਿੰਨ੍ਹਾਂ ਨੂੰ ਅੰਤਿਮ ਛੌਹਾਂ ਅੱਜ ਦਿੱਤੀਆਂ ਜਾ ਰਹੀਆਂ ਹਨ ਜਿਸ ਦਾ ਮੌਕੇ ਤੇ ਜਾ ਕੇ ਨਿਰੀਖਣ ਕੀਤਾ ਗਿਆ ਹੈ।

ਇਸ ਮੌਕੇ ਚੇਅਰਮੈਨ ਚੀਮਾ ਨਾਲ ਸਟੇਟ ਕੋਆਰਡੀਨੇਟਰ ਕੇ.ਸ਼ਿਵਾ ਪ੍ਰਸਾਦ ਆਈ.ਏ.ਐਸ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਓਜਵਲ, ਸਿਵਲ ਸਰਜਨ ਗੁਰਦਾਸਪੁਰ ਕਿਸ਼ਨ ਚੰਦ, ਨੋਡਲ ਅਫਸਰ ਡੇਰਾ ਬਾਬਾ ਨਾਨਕ ਡਾ. ਲਖਵਿੰਦਰ ਸਿੰਘ ਅਠਵਾਲ ਆਦਿ ਵੀ ਹਾਜ਼ਰ ਸਨ। ਚੀਮਾ ਨੇ ਦੱਸਿਆ ਕਿ ਬੀਤੇ ਦਿਨੀਂ ਭਾਰੀ ਬਾਰਿਸ਼ ਅਤੇ ਹਨੇਰੀ ਚੱਲਣ ਨਾਲ ਪੰਡਾਲ ਵਿੱਚ ਜੋ ਮੁਸ਼ਕਿਲਾਂ ਆਈਆਂ ਸਨ ਉਸ ਨਾਲ ਕਿਸੇ ਵੀ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋਣ ਇਸ ਲਈ ਅੱਜ ਮੌਕੇ ਤੇ ਜਾ ਕੇ ਸਾਰੇ ਪ੍ਰਬੰਧ ਮੁਕੰਮਲ ਕਰਵਾਏ ਗਏ ਹਨ। ਚੀਮਾ ਨੇ ਦੱਸਿਆ ਕਿ ਕਰਤਾਰਪੁਰ ਲਾਂਘਾ ਖੁੱਲਣ ਮੌਕੇ ਪਹੁੰਚਣ ਵਾਲੀ ਸੰਗਤਾਂ ਨੂੰ ਲੋੜ ਪੈਣ ਤੇ ਹਰ ਤਰ੍ਹਾਂ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਲਈ 108 ਐਂਬੂਲੈਂਸ ਤਿਆਰ -ਬਰ-ਤਿਆਰ ਹਨ।  ਚੀਮਾ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤਾਂ ਨਾਲ ਨਿਪਟਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਮਾਨੈਂਟ ਇਨਵਾਇਟੀ ਸਰਦਾਰ ਐਮ ਐਮ ਸਿੰਘ ਚੀਮਾ, ਸਾਬਕਾ ਡੀ ਐਫ ਐਸ ਸੀ, ਸੁਮਿਤ ਵੋਹਰਾ ਤੋਂ ਇਲਾਵਾ ਪਤਵੰਤੇ ਸੱਜਣ ਅਤੇ ਡਾਕਟਰਾਂ ਦੀ ਟੀਮ ਅਤੇ ਸਮਾਜਿਕ ਸਗੰਠਨਾਂ ਦੇ ਮੈਂਬਰ ਮੌਕੇ ਤੇ ਹਾਜ਼ਰ ਸਨ।