'ਨਿਊਜ਼ਨੰਬਰ' ਦੀ ਖ਼ਬਰ ਨੇ ਸਰਕਾਰ ਨੂੰ ਪਾਈਆਂ ਭਾਜੜਾਂ !!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Nov 07 2019 16:45
Reading time: 3 mins, 31 secs

ਕਰੀਬ ਦੋ ਦਿਨ ਪਹਿਲੋਂ ਹੀ 'ਨਿਊਜ਼ਨੰਬਰ' ਦੇ ਵੱਲੋਂ ਇੱਕ ਅਜਿਹੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਨੇ ਸਰਕਾਰ ਅਤੇ ਸਰਕਾਰੀ ਸਿਸਟਮ ਦੀ ਪੋਲ ਖ਼ੋਲ ਕੇ ਰੱਖ ਦਿੱਤੀ ਸੀ। ਸਰਕਾਰ ਦੇ ਵੱਲੋਂ ਜੋ ਦਾਅਵੇ ਅਤੇ ਵਾਅਦੇ ਕਿਸਾਨਾਂ ਦੇ ਨਾਲ ਕਣਕ ਦਾ ਬੀਜ ਖਰੀਦਣ ਸਮੇਂ ਸਬਸਿਡੀ ਦੇਣ ਦੇ ਕੀਤੇ ਗਏ ਸਨ, ਉਨ੍ਹਾਂ ਨੂੰ ਜੱਗ ਜ਼ਾਹਿਰ ਕੀਤਾ ਸੀ। ਭਾਵੇਂ ਹੀ ਖ਼ਬਰ ਲੱਗਣ ਤੋਂ ਤੁਰੰਤ ਬਾਅਦ ਹੀ ਉਕਤ ਖ਼ਬਰ ਦਾ ਅਸਰ ਵੇਖਣ ਨੂੰ ਮਿਲ ਗਿਆ, ਪਰ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵੱਲੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਸਪਸ਼ਟੀਕਰਨ ਵੀ ਦੇ ਦਿੱਤਾ ਗਿਆ ਕਿ ਹੁਣ ਕਿਸਾਨਾਂ ਦੇ ਕੋਲ ਬਹੁਤ ਹੀ ਜਲਦ ਸਬਸਿਡੀ ਪਹੁੰਚ ਜਾਇਆ ਕਰੇਗੀ।

ਦਰਅਸਲ, ਨਿਊਜ਼ਨੰਬਰ ਨੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਕਣਕ ਦੇ ਬੀਜ ਸਬੰਧੀ ਇੱਕ ਖ਼ਬਰ 5 ਨਵੰਬਰ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸਦੇ ਵਿੱਚ ਸਾਫ਼ ਤੌਰ 'ਤੇ ਦੱਸਿਆ ਗਿਆ ਸੀ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਨੂੰ ਸਰਕਾਰ ਵੱਲੋਂ ਅਪੀਲਾਂ ਤਾਂ ਕੀਤੀਆਂ ਜਾ ਰਹੀਆਂ ਹਨ ਕਿ ਉਹ ਸਰਕਾਰੀ ਬਣੀਆਂ ਖੇਤੀਬਾੜੀ ਦੀਆਂ ਦੁਕਾਨਾਂ ਜਾਂ ਫਿਰ ਸੋਸਾਇਟੀਆਂ ਤੋਂ ਬੀਜ ਖ਼ਰੀਦਣ, ਤਾਂ ਜੋ ਸਬਸਿਡੀ ਉਨ੍ਹਾਂ ਦੇ ਖਤਿਆਂ ਵਿੱਚ ਪਾਈ ਜਾ ਸਕੇ। ਪਰ ਕਿਸਾਨਾਂ ਦੇ ਖਾਤਿਆਂ ਵਿੱਚ ਕਈ-ਕਈ ਸਾਲ ਬੀਤਣ ਦੇ ਬਾਅਦ ਵੀ ਇੱਕ ਧੇਲਾ ਵੀ ਸਬਸਿਡੀ ਨਹੀਂ ਆਉਂਦੀ।

ਖ਼ਬਰ ਦੇ ਵਿੱਚ ਨਿਊਜ਼ਨੰਬਰ ਪ੍ਰਤੀਨਿਧੀ ਦੇ ਵੱਲੋਂ ਇਹ ਵੀ ਸਾਫ਼ ਤੌਰ 'ਤੇ ਲਿਖਿਆ ਗਿਆ ਸੀ ਕਿ ਸਬਸਿਡੀ ਨਾ ਆਉਣ ਦੇ ਕਾਰਨ ਕਿਸਾਨ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਨ ਅਤੇ ਉਹ ਸਰਕਾਰ 'ਤੇ ਦੋਸ਼ ਲਗਾ ਰਹੇ ਹਨ ਕਿ ਸਰਕਾਰ ਦੀ ਕਰਨੀ ਅਤੇ ਕਥਨੀ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਕਿਉਂਕਿ ਕਿਸਾਨਾਂ ਨੂੰ ਭਾਵੇਂ ਹੀ ਸਰਕਾਰ ਦੇ ਵੱਲੋਂ ਸਹੂਲਤਾਂ ਦੇਣ ਵੇਲੇ ਤਾਂ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ, ਪਰ ਵੇਖਿਆ ਜਾਵੇ ਤਾਂ ਕੁਝ ਕੁ ਧਨਾਢ ਕਿਸਾਨਾਂ ਨੂੰ ਹੀ ਸਰਕਾਰ ਦੇ ਵੱਲੋਂ ਜਾਰੀ ਸਹੂਲਤਾਂ ਦਾ ਫ਼ਾਇਦਾ ਮਿਲਦਾ ਹੈ।

ਜਦਕਿ 'ਗਰੀਬ' ਕਿਸਾਨਾਂ ਕੋਲ ਤਾਂ ਸਰਕਾਰ ਦੇ ਵੱਲੋਂ ਜਾਰੀ ਕੋਈ ਵੀ ਸਹੂਲਤ ਪਹੁੰਚਦੀ ਤੱਕ ਵੀ ਨਹੀਂ। ਭਾਵੇਂ ਹੀ ਸਰਕਾਰ ਆਪਣੇ ਵੱਲੋਂ ਕਿਸਾਨਾਂ ਨੂੰ ਸਹੂਲਤ ਪ੍ਰਦਾਨ ਕਰਨ ਦਾ ਦਾਅਵਾ ਕਰ ਦਿੰਦੀ ਹੈ, ਪਰ ਬਾਅਦ ਵਿੱਚ ਕਿਸਾਨਾਂ ਦੀ ਹਾਲਤ ਦਾ ਪਤਾ ਨਹੀਂ ਲੈਂਦੀ ਕਿ ਕਿਸਾਨ ਜਿਊਂਦਾ ਹੈ ਜਾਂ ਫਿਰ ਮਰ ਗਿਆ। ਦੱਸ ਦਈਏ ਕਿ ਕਣਕ ਦੇ ਬੀਜ ਜੋ ਕਿਸਾਨਾਂ ਦੇ ਵੱਲੋਂ ਪਿਛਲੇ ਸਾਲ ਖੇਤੀਬਾੜੀ ਵਿਭਾਗ ਕੋਲੋਂ ਖ਼ਰੀਦ ਕੀਤੇ ਗਏ ਸਨ, ਉਨ੍ਹਾਂ ਦੀ ਹੁਣ ਤੱਕ ਕਿਸਾਨਾਂ ਨੂੰ ਸਬਸਿਡੀ ਵੀ ਨਹੀਂ ਮਿਲ ਸਕੀ, ਜਿਸਦੇ ਕਾਰਨ ਕਿਸਾਨ ਕਾਫ਼ੀ ਜ਼ਿਆਦਾ ਪ੍ਰੇਸ਼ਾਨ ਹਨ ਅਤੇ ਉਹ ਹੁਣ ਖੇਤੀਬਾੜੀ ਵਿਭਾਗ ਤੋਂ ਬੀਜ ਖਰੀਦਣ ਤੋਂ ਮਨਾ ਕਰ ਰਹੇ ਹਨ।

ਦੋਸਤੋ, ਤੁਹਾਨੂੰ ਦੱਸ ਦਈਏ ਕਿ 'ਨਿਊਜ਼ਨੰਬਰ' ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਦੇ ਵੱਲੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਕਹਿ ਦਿੱਤਾ ਗਿਆ ਕਿ ਕਣਕ ਦੇ ਬੀਜ ਪੰਜਾਬ ਸਰਕਾਰ ਜਾਰੀ ਕੀਤੇ ਗਏ ਹਨ ਅਤੇ ਬੀਜ ਉਪਰ ਬਹੁਤ ਹੀ ਜਲਦ ਸਬਸਿਡੀ ਵੀ ਉਪਲਬਧ ਕਰਵਾ ਦਿੱਤੀ ਜਾਵੇਗੀ। ਭਾਵੇਂ ਹੀ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਕਿ ਪਹਿਲੋਂ ਹੀ ਕਿਸਾਨਾਂ ਨੂੰ ਸਹੀ ਮੁੱਲ 'ਤੇ ਬੀਜ ਦਿੱਤਾ ਜਾਵੇ।

ਪਰ ਸਰਕਾਰ ਕਿਸਾਨਾਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਰਹੀ ਹੈ। ਦੱਸ ਦਈਏ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੇ ਸਹਿਯੋਗੀ ਨਿਰਦੇਸ਼ਕ ਡਾ. ਗੁਰਜੰਟ ਸਿੰਘ ਔਲਖ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਣਕ ਦੀਆਂ ਸੁਧਰੀਆਂ ਕਿਸਮਾਂ ਜਿਵੇਂ ਉੱਨਤ ਪੀ ਬੀ ਡਬਲਯੂ 343, ਉੱਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 725, ਪੀ ਬੀ ਡਬਲਯੂ 677 ਅਤੇ ਪੀ ਬੀ ਡਬਲਯੂ 1 ਜ਼ਿੰਕ ਦਾ ਸਰਟੀਫਾਈਡ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ (ਮੱਲਵਾਲ) 'ਤੇ ਉਪਲਬਧ ਹੈ।

ਇਨ੍ਹਾਂ ਕਿਸਮਾਂ ਦਾ ਔਸਤਨ ਝਾੜ 22.5 ਤੋਂ 23.5 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮਾਂ ਪੀਲੀ ਕੁੰਗੀ ਅਤੇ ਹੋਰ ਰੋਗਾਂ ਦਾ ਟਾਕਰਾ ਕਰਨ ਵਿੱਚ ਦੂਜੀਆਂ ਪ੍ਰਚੱਲਿਤ ਕਿਸਮਾਂ ਨਾਲੋਂ ਜ਼ਿਆਦਾ ਸਮਰੱਥ ਹਨ। ਉੱਨਤ ਪੀ ਬੀ ਡਬਲਯੂ 343, ਪੀ ਬੀ ਡਬਲਯੂ 725, ਪੀ ਬੀ ਡਬਲਯੂ 677 ਅਤੇ ਪੀ ਬੀ ਡਬਲਯੂ 1 ਜ਼ਿੰਕ ਦੇ ਬੀਜ ਦੀ ਕੀਮਤ 1200 ਰੁਪਏ ਪ੍ਰਤੀ 40 ਕਿੱਲੋ ਹੈ, ਜਦਕਿ ਉੱਨਤ ਪੀ ਬੀ ਡਬਲਯੂ 550 ਦੇ ਬੀਜ ਦੀ ਕੀਮਤ 1350 ਰੁਪਏ ਪ੍ਰਤੀ 45 ਕਿੱਲੋ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦੇ ਸਹਿਯੋਗੀ ਨਿਰਦੇਸ਼ਕ ਡਾ. ਗੁਰਜੰਟ ਸਿੰਘ ਔਲਖ ਨੇ ਦਾਅਵਾ ਕਰਦਿਆਂ ਹੋਇਆਂ ਦੱਸਿਆ ਕਿ ਜੋ ਉਕਤ ਸਾਰੇ ਬੀਜ ਹਨ, ਉਨ੍ਹਾਂ ਉਪਰ ਪੰਜਾਬ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ, ਜੋ ਬਹੁਤ ਹੀ ਜਲਦ ਕਿਸਾਨਾਂ ਦੇ ਖਾਤਿਆਂ ਵਿੱਚ ਆ ਜਾਵੇਗੀ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਹਫ਼ਤੇ ਦੇ ਸਾਰੇ ਦਿਨ ਇਸ ਕੇਂਦਰ ਤੋਂ ਬੀਜ ਪ੍ਰਾਪਤ ਕਰ ਸਕਦੇ ਹਨ। ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਸਰਕਾਰ ਕਿਸਾਨਾਂ ਨੂੰ ਕਣਕ ਦੇ ਬੀਜ ਉਪਲਬਧ ਕਰਵਾਉਣ ਤੋਂ ਬਾਅਦ ਸਬਸਿਡੀ ਦੇਣ ਵਾਲਾ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲਾ ਵੇਲਾ ਦੱਸੇਗਾ, ਕਿ ਕੀ ਬਣਦੈ?

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।