ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ ਪ੍ਰਕਾਸ਼ ਪੁਰਬ ਮੌਕੇ ਤਾਇਨਾਤ ਅਧਿਕਾਰੀਆਂ ਨੂੰ ਸਿਖਲਾਈ

Last Updated: Oct 22 2019 19:37
Reading time: 1 min, 38 secs

ਪੰਜਾਬ ਸਰਕਾਰ ਵੱਲੋਂ 550 ਸਾਲਾਂ ਸ਼ਤਾਬਦੀ ਮੌਕੇ ਸੁਲਤਾਨਪੁਰ ਲੋਧੀ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦੌਰਾਨ ਕਿਸੇ ਵੀ ਆਫ਼ਤ ਦੇ ਟਾਕਰੇ ਅਤੇ ਰਾਹਤ ਪ੍ਰਬੰਧਾਂ ਬਾਰੇ ਡਿਊਟੀ ਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਵੱਲੋਂ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਬ੍ਰਿਗੇਡੀਅਰ ਕੁਲਦੀਪ ਸਿੰਘ ਜੋ ਕਿ ਕੌਮੀ ਆਫ਼ਤ ਪ੍ਰਬੰਧਨ ਅਥਾਰਿਟੀ ਦੇ ਕੋਆਰਡੀਨੇਟਰ ਹਨ, ਅੱਜ ਪੰਜਾਬ ਤਕਨੀਕੀ ਯੂਨੀਵਰਸਿਟੀ ਦੇ ਆਡੀਟੋਰੀਅਮ ਵਿਖੇ ਅਧਿਕਾਰੀਆਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਲੱਖਾਂ ਦੀ ਗਿਣਤੀ ਵਿੱਚ ਆ ਰਹੀ ਸੰਗਤ ਵਿੱਚ ਹਰ ਪੱਖੋਂ ਸੁਰੱਖਿਆ ਦੀ ਭਾਵਨਾ ਪੈਦਾ ਕਰਨਾ ਸਭ ਤੋਂ ਅਹਿਮ ਹੈ। ਉਨ੍ਹਾਂ ਕਿਹਾ ਕਿ ਪੁਲਿਸ, ਸਿਹਤ, ਟ੍ਰਾਂਸਪੋਰਟ, ਐਨ.ਡੀ.ਆਰ.ਐਫ ਅਤੇ ਫਾਇਰ ਕੰਟਰੋਲ ਵਿਭਾਗਾਂ ਦੀ ਜ਼ਿੰਮੇਵਾਰੀ ਬਹੁਤ ਅਹਿਮ ਹੈ ਕਿਉਂਕਿ ਕਿਸੇ ਵੀ ਅਣਸੁਖਾਵੇਂ ਹਾਲਾਤ ਵਿੱਚ ਇਨ੍ਹਾਂ ਵਿਭਾਗਾਂ ਵੱਲੋਂ ਤੁਰੰਤ ਕਾਰਵਾਈ ਕੀਤੇ ਜਾਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਆਪੋ ਆਪਣੇ ਕੰਮ ਨਾਲ ਸਬੰਧਿਤ ਮੌਕ ਡਰਿਲ ਜ਼ਰੂਰ ਕਰਨ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬਿਹਤਰ ਸੰਚਾਰ ਅਤੇ ਤਾਲ ਮੇਲ ਲਈ ਅੰਤਰ ਵਿਭਾਗੀ ਸੂਚਨਾ ਵਿਵਸਥਾ ਕਾਇਮ ਕੀਤੀ ਜਾਵੇ ਤਾਂ ਜੋ ਕਿਸੇ ਵੀ ਔਖੀ ਘੜੀ ਵਿੱਚ ਜਾਣਕਾਰੀ ਤੁਰੰਤ ਸਾਂਝੀ ਕੀਤੀ ਜਾ ਸਕੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੁਲਤਾਨਪੁਰ ਲੋਧੀ ਦੇ ਨੇੜਲੇ ਸ਼ਹਿਰਾਂ ਵਿੱਚ ਮੌਜੂਦ ਹਸਪਤਾਲਾਂ, ਉਨ੍ਹਾਂ ਦੇ ਰੂਟ ਅਤੇ ਹਸਪਤਾਲਾਂ ਵਿੱਚ ਮੌਜੂਦ ਐਮਰਜੈਂਸੀ ਸੇਵਾਵਾਂ ਬਾਰੇ ਵਿਸਥਾਰ ਜਾਣਕਾਰੀ ਇਕੱਤਰ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ, ਜਿਨ੍ਹਾਂ 44 ਹਸਪਤਾਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ, ਉਨ੍ਹਾਂ ਹਸਪਤਾਲਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪੋ ਆਪਣੀ ਤਾਇਨਾਤੀ ਵਾਲੇ ਸਥਾਨਾਂ ਤੇ ਤੁਰੰਤ ਰਿਪੋਰਟ ਕਰਨ ਤਾਂ ਜੋ ਉਨ੍ਹਾਂ ਨੂੰ ਉਸ ਸਥਾਨ ਦੀ ਭੂਗੋਲਿਕ ਬਣਤਰ ਬਾਰੇ ਜਾਣਕਾਰੀ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਪੰਡਾਲ, ਟੈਂਟ ਸਿਟੀ, ਪਾਰਕਿੰਗ ਥਾਵਾਂ, ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਲੰਗਰ ਸਥਾਨਾਂ ਉੱਪਰ ਡਿਊਟੀ ਤੇ ਤਾਇਨਾਤ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੱਖ ਸਮਾਗਮਾਂ ਲਈ ਤਿਆਰ ਕੀਤੇ ਨਕਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਤਾਂ ਜੋ ਉਨ੍ਹਾਂ ਨੂੰ ਡਿਊਟੀ ਨਿਭਾਉਣ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਡੀ.ਐਮ ਡਾ. ਚਾਰੂਮਿਤਾ, ਮੇਲਾ ਅਫਸਰ ਨਵਨੀਤ ਕੌਰ ਬੱਲ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।