ਕੈਨੇਡਾ ਦੀਆਂ ਵੋਟਾਂ ਦਾ ਪੰਜਾਬ ਬੈਠੇ ਪੰਜਾਬੀਆਂ ਨੂੰ ਜਿਮਨੀ ਚੋਣਾਂ ਨਾਲੋਂ ਵੀ ਵੱਧ ਚਾਅ ਲੱਗਦਾ (ਨਿਊਜਨੰਬਰ ਖਾਸ ਖਬਰ)

Last Updated: Oct 22 2019 13:58
Reading time: 1 min, 53 secs

ਕੈਨੇਡਾ ਦੇ ਵਿੱਚ ਦੂਜਾ ਪੰਜਾਬ ਵੱਸਿਆ ਪਿਆ ਹੈ ਅਤੇ ਇਸਨੂੰ ਹੁਣ ਕੈਨੇਡਾ ਦੀਆਂ ਚੋਣਾਂ ਨੇ ਵੀ ਸਾਬਿਤ ਕਰ ਦਿੱਤਾ ਹੈ l ਕੈਨੇਡੀਅਨ ਆਮ ਚੋਣਾਂ ਦੇ ਵਿੱਚ 50 ਤੋਂ ਵੱਧ ਪੰਜਾਬੀ ਉਮੀਦਵਾਰ ਚੋਣ ਮੁਕਾਬਲੇ ਵਿੱਚ ਸਨ ਤਾਂ ਦੂਜੇ ਪਾਸੇ ਇੱਧਰ ਪੰਜਾਬ ਵਿੱਚ ਬੈਠੇ ਪੰਜਾਬੀ ਜਿਹੜੇ ਕਦੇ ਕੈਨੇਡਾ ਗਏ ਵੀ ਨਹੀਂ ਉਹ ਵੀ ਕੈਨੇਡਾ ਦੀਆਂ ਵੋਟਾਂ ਦੀਆਂ ਗੱਲਾਂ ਇਓ ਕਰਦੇ ਦਿਖੇ ਜਿਵੇਂ ਅਕਾਲੀ -ਕਾਂਗਰਸੀਆਂ ਦਾ ਮੁਕਾਬਲਾ ਉੱਥੇ ਹੀ ਹੋਵੇ l ਪੰਜਾਬੀ ਲੋਕਾਂ ਨੂੰ ਸੂਬੇ ਦੀਆਂ ਚਾਰ ਜਿਮਨੀ ਚੋਣਾਂ ਨਾਲੋਂ ਵੱਧ ਕੈਨੇਡਾ ਦੀਆਂ ਚੋਣਾਂ ਦਾ ਫਿਕਰ ਦਿਖਾਈ ਦੇ ਰਿਹਾ ਸੀl ਅੱਜ ਜਿਵੇਂ ਹੀ ਜਸਟਿਨ ਟਰੂਡੋ ਦੇ ਦੁਬਾਰਾ ਚੋਣ ਜਿੱਤਣ ਦਿਆਈਂ ਖਬਰਾਂ ਸਾਹਮਣੇ ਆਉਣ ਲੱਗੀਆਂ ਤਾਂ ਸੋਸ਼ਲ ਮੀਡੀਆ ਤੇ ਪੰਜਾਬੀ ਲੋਕਾਂ ਨੇ ਟਰੂਡੋ-ਟਰੂਡੋ ਕਰਵਾ ਛੱਡੀ ਹੈ l ਜਿਹੜਾ ਪੰਜਾਬੀ ਕਦੇ ਕੈਨੇਡਾਂ ਜਾਣਾ ਤਾਂ ਦੂਰ ਬਲਕਿ ਆਈਲੈਟਸ ਦੇ 4 ਬੈਂਡ ਵੀ ਨਹੀਂ ਲੈ ਸਕਿਆ ਉਹ ਵੀ ਆਪਣੇ ਸੋਸ਼ਲ ਮੀਡੀਆ ਤੇ ਟਰੂਡੋ ਨੂੰ ਵਧਾਈ ਦੇ ਕੇ ਸਟੇਟਸ ਪਾਉਣ ਲੱਗਿਆ ਹੋਇਆ ਹੈ l ਕਈਆਂ ਨੇ ਤਾਂ ਇਸਤੋਂ ਵੀ ਜਿਆਦਾ ਕਮਾਲ ਕਰੀ ਹੋਈ ਹੈ ਤੇ ਟਰੂਡੋ ਦੀ ਹਰਮਿੰਦਰ ਸਾਹਿਬ ਫੇਰੀ ਦੀਆਂ ਫੋਟੋ ਤੇ ਵੀਡੀਓ ਪਾ ਕੇ ਕਹਿ ਰਹੇ ਹਨ ਕੇ ਟਰੂਡੋ ਵੋਟਾਂ ਵਾਸਤੇ ਅਸ਼ੀਰਵਾਦ ਲੈਣ ਇਥੇ ਆਇਆ ਸੀ ਜਦਕਿ ਇਹ ਫੇਰੀ ਵਾਲੀ ਗੱਲ ਕਰੀਬ ਦੋ ਸਾਲ ਪੁਰਾਣੀ ਹੈ l ਜਿਨ੍ਹਾਂ ਦੇ ਜਵਾਕ ਕੈਨੇਡਾ ਨੇ ਜਾਂ ਆਈਲੈਟਸ ਕਰੀ ਜਾਂਦੇ ਤੇ ਜਾਂ ਫਿਰ ਜਿਹੜੇ ਲੋਕ ਆਪਣੇ ਬੱਚਿਆਂ ਕੋਲ ਕੈਨੇਡਾ ਦਾ ਗੇੜਾ ਲਾ ਕੇ ਆਏ ਹਨ ਉਹ ਤਾਂ ਸੋਸ਼ਲ ਮੀਡੀਆ ਤੇ ਟਰੂਡੋ ਦੇ ਦੁਬਾਰਾ ਪ੍ਰਧਾਨ ਮੰਤਰੀ ਬਣਨ ਦਾ ਇਸ ਤਰਾਂ ਚਾਅ ਕਰੀ ਬੈਠੇ ਨੇ ਵੀ ਜਿਵੇਂ ਟਰੂਡੋ ਨੂੰ ਉਨ੍ਹਾਂ ਦੀ ਵੋਟ ਨਾਲ ਹੀ ਜਿੱਤ ਮਿਲੀ ਹੁੰਦੀ l 

ਦੂਜੇ ਪਾਸੇ ਅੰਮ੍ਰਿਤਧਾਰੀ ਸਿੱਖ ਅਤੇ ਐੱਨ.ਡੀ.ਪੀ. ਆਗੂ ਜਗਮੀਤ ਸਿੰਘ ਨੇ ਵੀ ਆਪਣੀ ਸੀਟ ਜਿੱਤੀ ਹੈ ਅਤੇ ਉਨ੍ਹਾਂ ਡੀ ਪਾਰਟੀ ਚੌਥੇ ਨੰਬਰ ਤੇ ਚੱਲ ਰਹੀ ਹੈ l ਜਾਣਕਾਰੀ ਅਨੁਸਾਰ ਜਗਮੀਤ ਸਿੰਘ ਵੱਲੋਂ ਟਰੂਡੋ ਦੀ ਪਾਰਟੀ ਨੂੰ ਸਮਰਥਨ ਦੇਣ ਦੀਆਂ ਸੰਭਾਵਨਾਵਾਂ ਚੱਲ ਰਹੀਆਂ ਹਨ ਅਤੇ ਅਜਿਹੇ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਟਰੂਡੋ ਅਤੇ ਜਗਮੀਤ ਸਿੰਘ ਪ੍ਰਤੀ ਬਹੁਤ ਜਿਆਦਾ ਪਿਆਰ ਦਿਖਾਇਆ ਜਾ ਰਿਹਾ ਹੈ l ਪੰਜਾਬ ਵਿੱਚ ਵੱਸਣ ਵਾਲੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕੇ ਪੰਜਾਬੀ ਆਪਣੇ ਘਰ ਦੀਆਂ ਚਾਰ ਜਿਮਨੀ ਸੀਟਾਂ ਬਾਰੇ ਭਾਵੇ ਘੱਟ ਜਾਣਕਾਰੀ ਰੱਖਦੇ ਹੋਣ ਪਰ ਕੈਨੇਡਾ ਦੀ ਜਾਣਕਾਰੀ ਪੂਰੀ ਹੈ l ਜਿਆਦਤਰ ਪੰਜਾਬੀਆਂ ਦੇ ਸੋਸ਼ਲ ਮੀਡੀਆ ਖਾਤੇ ਅੱਜ ਕੈਨੇਡਾ ਚੋਣਾਂ ਨਾਲ ਸੰਬੰਧਿਤ ਪੋਸਟਾਂ ਨਾਲ ਹੀ ਭਰੇ ਹੋਏ ਦਿੱਖ ਰਹੇ ਅਤੇ ਇਸਦੇ ਨਾਲ ਪੰਜਾਬੀਆਂ ਦੀ ਕੈਨੇਡਾ ਜਾਣ ਦੀ ਖਿੱਚ ਇੱਕ ਵਾਰ ਫਿਰ ਤੋਂ ਸਾਫ ਸਾਫ ਜਾਹਿਰ ਹੋ ਰਹੀ ਹੈ l