ਹੁਣ ਨਾਭਾ ਜੇਲ੍ਹ 'ਚ ਕੈਦੀ ਨੇ ਲੈ ਲਿਆ ਫਾਹਾ!!

Last Updated: Oct 21 2019 14:16
Reading time: 0 mins, 59 secs

ਕਿਸੇ ਨਾਂ ਕਿਸੇ ਕਾਰਨ, ਨਾਭਾ ਦੀਆਂ ਜੇਲ੍ਹਾਂ ਪਿਛਲੇ ਲੰਬੇ ਸਮੇਂ ਤੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਰਹਿੰਦੀਆਂ ਹਨ। ਜੇਲ੍ਹ ਬ੍ਰੇਕ ਕਾਂਡ ਤੋਂ ਬਾਅਦ ਨਾਭਾ ਦੀਆਂ ਜੇਲ੍ਹਾਂ ਵਿੱਚ ਅਜਿਹੀਆਂ ਦਰਜਨਾਂ ਹੀ ਘਟਨਾਵਾਂ ਵਾਪਰ ਚੁਕਿਆ ਹਨ, ਜਿਹੜੀਆਂ ਕਿ, ਜੇਲ੍ਹ ਪ੍ਰਸ਼ਾਸਨ ਦੀਆਂ ਕਾਰਗੁਜ਼ਾਰੀਆਂ ਤੇ ਪ੍ਰਸ਼ਨ ਚਿੰਨਾ ਲਗਾਉਣ ਲਈ ਕਾਫ਼ੀ ਹੈ।

ਲੰਘੀ ਸ਼ਾਮ ਇੱਕ ਬਜ਼ੁਰਗ ਕੈਦੀ ਵੱਲੋਂ ਫਾਹਾ ਲੈ ਲੈਣ ਦੇ ਬਾਅਦ ਨਾਭਾ ਦੀ ਨਵੀਂ ਜੇਲ੍ਹ ਫਿਰ ਸੁਰਖ਼ੀਆਂ ਵਿੱਚ ਆ ਗਈ ਹੈ। ਫਾਹਾ ਲੈਣ ਵਾਲੇ ਕੈਦੀ ਦੀ ਪਹਿਚਾਣ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਭੱਲਮਾਜਰਾ ਨਿਵਾਸੀ 66 ਸਾਲਾ ਕਰਨੈਲ ਸਿੰਘ ਦੇ ਤੌਰ ਤੇ ਹੋਈ ਹੈ। ਕਰਨੈਲ ਸਿੰਘ ਦੀ ਲਾਸ਼ ਜੇਲ੍ਹ ਦੇ ਅੰਦਰ ਹੀ ਲੱਗੇ ਇੱਕ ਦਰਖ਼ਤ ਨਾਲ ਲਟਕਦੀ ਹੋਈ ਪਾਈ ਗਈ।

ਪੁਲਿਸ ਫਾਈਲ ਅਨੁਸਾਰ 66 ਸਾਲਾ ਕਰਨੈਲ ਸਿੰਘ ਨੂੰ ਜ਼ਿਲ੍ਹਾ ਫ਼ਤਿਹਗੜ੍ਹ ਪੁਲਿਸ ਨੇ ਬਲਾਤਕਾਰ ਅਤੇ ਪੋਕਸੋ ਐਕਟ ਦੇ ਤਹਿਤ ਨਾਮਜਦ ਕੀਤਾ ਸੀ। 20 ਸਤੰਬਰ, 2019 ਨੂੰ ਦਰਜ ਹੋਏ ਮੁਕੱਦਮੇ ਵਿੱਚ ਕਰਨੈਲ ਸਿੰਘ ਤੇ 14 ਸਾਲਾਂ ਦੀ ਇੱਕ ਮੰਦਬੁੱਧੀ ਕੁੜੀ ਨਾਲ ਜਬਰ ਜ਼ਨਾਹ ਕਰਨ ਦਾ ਇਲਜ਼ਾਮ ਲੱਗਾ ਸੀ।

ਕਰਨੈਲ ਸਿੰਘ ਦੇ ਲੜਕੇ ਦਾ ਇਲਜ਼ਾਮ ਹੈ ਕਿ, ਪੁਲਿਸ ਨੇ ਉਸ ਦੇ ਪਿਤਾ ਨੂੰ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਇਆ ਹੈ, ਜਿਸ ਦੀ ਬਦਨਾਮੀ ਨਾ ਸਹਾਰਦੇ ਹੋਏ ਹੀ ਉਸ ਨੇ ਆਤਮ ਹੱਤਿਆ ਕੀਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੀ ਉੱਚ ਪੱਧਰੀ ਜਾਂਚ ਕੀਤੇ ਜਾਣ ਦੀ ਮੰਗ ਕੀਤੀ ਹੈ।