ਇਸ ਵਾਰ ਦੀਵਾਲੀ 'ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਹਿੱਤ ਹੈਲਮਟ ਗਿਫਟ ਕਰਨ ਦੀ ਕਰੋ ਪਹਿਲ !!!

Last Updated: Oct 21 2019 13:49
Reading time: 1 min, 42 secs

ਦੀਵਾਲੀ ਹਰ ਪਾਸੇ ਬੜੇ ਧੂਮਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਹਰ ਇਨਸਾਨ ਇਸ ਦਿਹਾੜੇ 'ਤੇ ਆਪਣੇ ਸਕੇ ਸੰਬੰਧੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਗਿਫਟ ਦੇ ਕੇ ਇਸ ਤਿਉਹਾਰ ਦੀ ਖੁਸ਼ੀ ਨੂੰ ਸਾਂਝਾ ਕਰਦਾ ਹੈ। ਮਯੰਕ ਫਾਊਂਡੇਸ਼ਨ ਫਿਰੋਜ਼ਪੁਰ ਵੱਲੋਂ ਇਸ ਵਾਰ ਦੀਵਾਲੀ ਦੇ ਮੌਕੇ 'ਤੇ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਹਿੱਤ ਆਪਣੇ ਸਕੇ ਸੰਬੰਧੀਆਂ ਨੂੰ ਗਿਫਟ ਦੀ ਜਗ੍ਹਾ ਹੈਲਮਟ ਦੇਣ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਇਹ ਹੀ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਦੀਵਾਲੀ ਦੇ ਸ਼ੁੱਭ ਦਿਹਾੜੇ 'ਤੇ ਤੁਸੀਂ ਸਾਰੇ ਆਪਣੇ ਸਕੇ ਸੰਬੰਧੀਆਂ ਨੂੰ, ਬੋਸ ਨੂੰ, ਭੈਣ ਭਰਾ ਨੂੰ, ਆਪਣੇ ਚਹੇਤਿਆਂ ਨੂੰ ਹੈਲਮਟ ਗਿਫਟ ਕਰੋ ਤਾਂ ਜੋ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਸੜਕੀ ਦੁਰਘਟਨਾਵਾਂ ਵਿੱਚ ਹੈਲਮਟ ਨਾ ਪਹਿਨਣ ਕਾਰਨ ਵਿਛੜਣ ਵਾਲੀਆਂ ਕੀਮਤੀ ਜਾਨਾਂ ਨੂੰ ਰੋਕਿਆ ਜਾ ਸਕੇ।

ਇਸ ਮੌਕੇ ਸੌਰਭ ਨਾਰੰਗ ਅਤੇ ਮਨੋਜ ਗੁਪਤਾ ਨੇ ਦੱਸਿਆ ਕਿ ਸਾਨੂੰ ਇਹ ਅਨਮੋਲ ਜੀਵਨ ਵਾਰ-ਵਾਰ ਨਹੀਂ ਮਿਲਣਾ, ਸਾਡਾ ਬਚਾਉ ਵਿੱਚ ਹੀ ਬਚਾਉ ਹੈ ਅਤੇ ਸਾਨੂੰ ਸਾਰਿਆਂ ਨੂੰ ਹਰ ਰੋਜ਼ ਸੜਕਾਂ 'ਤੇ ਹੋ ਰਹੀਆਂ ਦੁਰਘਟਨਾਵਾਂ ਤੋਂ ਖੁਦ ਜਾਣੂ ਹੁੰਦੇ ਹੋਏ ਆਮ ਪਬਲਿਕ ਨੂੰ ਵੀ ਹੈਲਮਟ ਅਤੇ ਸੀਟ ਬੈਲਟ ਦੀ ਵਰਤੋਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕਰਨਾ ਚਾਹੀਦਾ ਹੈ। ਦੀਵਾਲੀ ਦੇ ਮੌਕੇ ਅਸੀਂ ਹਰ ਸਾਲ ਸੁਣਦੇ ਹਾਂ ਕਿ ਇਸ ਸ਼ਹਿਰ ਵਿੱਚ ਪਟਾਕਿਆਂ ਕਾਰਨ ਅੱਗ ਲੱਗਣ ਨਾਲ ਇੰਨੇ ਵਿਅਕਤੀਆਂ ਦੀ ਮੌਤ ਹੋ ਗਈ, ਪਰ ਅਸੀਂ ਸਮਝਦੇ ਫਿਰ ਵੀ ਨਹੀਂ।

ਸਾਨੂੰ ਸਾਰਿਆਂ ਨੂੰ ਇਸ ਵਾਰ ਦੀਵਾਲੀ ਦੇ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਦੀਵਾਲੀ ਵਾਲੇ ਦਿਨ ਪਟਾਕੇ ਬਿਲਕੁਲ ਨਾ ਚਲਾਏ ਜਾਣ ਅਤੇ ਪ੍ਰਦੂਸ਼ਣ ਰਹਿਤ ਹਰੀ ਦੀਵਾਲੀ ਮਨਾਈ ਜਾਵੇ ਅਤੇ ਦੀਵਾਲੀ ਵਾਲੇ ਦਿਨ ਹਰ ਇੱਕ ਪਰਿਵਾਰ ਦਾ ਮੈਂਬਰ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਗਾਏ। ਮਯੰਕ ਫਾਊਂਡੇਸ਼ਨ ਵੱਲੋਂ ਸ਼ੁਰੂ ਕੀਤੀ ਟ੍ਰੈਫ਼ਿਕ ਜਾਗਰੂਕਤਾ ਮੁਹਿੰਮ ਤਹਿਤ ਇਸ ਦੀਵਾਲੀ 'ਤੇ ਗਿਫਟ ਵਜੋਂ ਪਹਿਲਾ ਹੈਲਮਟ ਬੱਤਰਾ ਪਰਿਵਾਰ ਨੂੰ ਭੇਂਟ ਕੀਤਾ ਗਿਆ। 

ਇਸ ਮੌਕੇ ਦੀਪਕ ਗਰੋਵਰ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਜੋ ਟ੍ਰੈਫ਼ਿਕ ਜਾਗਰੂਕਤਾ ਦਾ ਬੀੜਾ ਚੁੱਕਿਆ ਗਿਆ ਹੈ, ਇਹ ਉਸੇ ਮੁਹਿੰਮ ਦੀ ਇੱਕ ਕੜੀ ਹੈ। ਇਸ ਮੌਕੇ ਪ੍ਰਿੰਸੀਪਲ ਰਾਜੇਸ਼ ਮਹਿਤਾ, ਰਾਕੇਸ਼ ਕੁਮਾਰ, ਡਾ. ਗਜ਼ਲਪਰੀਤ ਸਿੰਘ, ਦੀਪਕ ਨਰੂਲਾ, ਅਸ਼ਵਨੀ ਸ਼ਰਮਾ, ਐਡਵੋਕੇਟ ਰਣਵਿਕ ਮਹਿਤਾ, ਵਿਕਾਸ ਪਾਸੀ, ਸੰਜੀਵ ਟੰਡਨ, ਦਿਨੇਸ਼ ਗੁਪਤਾ, ਅਮਿਤ ਆਨੰਦ, ਸੰਦੀਪ ਸਹਿਗਲ, ਯੋਗੇਸ਼ ਤਲਵਾੜ, ਰਾਕੇਸ਼ ਮਾਹਰ, ਗੁਰਪ੍ਰੀਤ ਭੁੱਲਰ, ਸਵੀਟਨ ਅਰੋੜਾ ਅਤੇ ਅਨਿਲ ਮਛਰਾਲ ਵੀ ਮੌਜੂਦ ਸਨ।