ਕੀ ਕਰਤਾਰਪੁਰ ਦੇ ਦਰਸ਼ਨਾਂ ਲਈ 20 ਡਾਲਰ ਫ਼ੀਸ ਦੇ ਕੇ ਕੇਜ਼ਰੀਵਾਲ ਪੰਜਾਬੀਆਂ ਵਿੱਚ ਸ਼ਾਖ ਬਹਾਲੀ ਕਰ ਸਕੇਗਾ ?

Last Updated: Oct 21 2019 12:05
Reading time: 3 mins, 3 secs

ਭਾਵੇਂ ਜੋ ਮਰਜ਼ੀ ਕਹਿ ਲਓ ਕੇਜ਼ਰੀਵਾਲ ਨੇ ਪੰਜਾਬ ਵਿੱਚ ਹੋਇਆ ਆਮ ਆਦਮੀ ਪਾਰਟੀ ਦਾ ਡੈਮੇਜ ਕੰਟਰੋਲ ਕਰਨ ਦਾ ਬਹੁਤ ਹੀ ਵਧੀਆ ਤੇ ਸਮੇਂ ਸਿਰ ਢੁਕਵਾਂ ਫ਼ੈਸਲਾ ਲਿਆ ਹੈ।  ਜੇਕਰ ਵੇਖਿਆ ਜਾਵੇ ਤਾਂ 2017 ਵਿੱਚ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਮਿਲਦੀਆਂ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਮਤ ਨਾਲ ਸੱਤਾ ਵਿੱਚ ਆਵੇਗੀ ਪਰ ਪਾਰਟੀ ਸੁਪਰੀਮੋ ਕੇਜ਼ਰੀਵਾਲ ਅਤੇ ਉਸ ਦੀ ਦਿੱਲੀ ਵਿਚਲੀ ਟੀਮ ਦੀਆਂ ਆਪ ਹੁਦਰੀਆਂ ਕਾਰਨ ਪੰਜਾਬ ਦੀ ਸੱਤਾ ਉਨ੍ਹਾਂ ਦੇ ਹੱਥੋਂ ਨਿਕਲ ਗਈ ਸੀ ਜਿਸ ਤੋ ਬਾਅਦ ਹੁਣ ਤੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਟਿਕੇ ਹਨ ਪਰ ਜਿਸ ਤਰ੍ਹਾਂ ਦਾ ਪੈਂਤੜਾ ਹੁਣ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਖੇਡਿਆ ਹੈ ਸਿਆਸੀ ਨਜ਼ਰੀਏ ਨਾਲ ਇਸ ਨੂੰ ਪੰਜਾਬ ਵਿੱਚ ਹੋਏ ਡੈਮੇਜ ਨੂੰ ਕੰਟਰੋਲ ਕਰਨ ਦਾ ਸਾਧਨ ਮਾਤਰ ਹੀ ਸਮਝਿਆ ਜਾ ਰਿਹਾ ਹੈ।

2017 ਵਿੱਚ ਨਹੀਂ ਪਹਿਚਾਣ ਸਕੇ ਸਨ ਪੰਜਾਬੀਆਂ ਦੀ ਨਬਜ਼: ਅਰਵਿੰਦ ਕੇਜਰੀਵਾਲ ਜੋ ਇੱਕ ਸੁਲਝੇ ਹੋਏ ਆਈ.ਆਰ. ਐਸ ਅਫ਼ਸਰ ਮੰਨੇ ਜਾਂਦੇ ਹਨ ਤੇ ਇਨਕਮ ਟੈਕਸ ਕਮਿਸ਼ਨਰ ਦੀ ਵੱਡੀ ਤੇ ਵੱਕਾਰੀ ਪੋਸਟ ਛੱਡ ਕੇ ਰਾਜਨੀਤੀ ਵਿੱਚ ਆਏ ਸਨ ਨੂੰ ਲੋਕਾਂ ਨੇ ਸਿਰ ਅੱਖਾਂ ਤੇ ਬਿਠਾ ਲਿਆ ਸੀ ਪਰ ਉਸ ਵੇਲੇ ਸ਼ਾਇਦ ਕੇਜ਼ਰੀਵਾਲ ਪੰਜਾਬੀਆਂ ਦੀ ਨਬਜ਼ ਚੰਗੀ ਤਰਾਂ ਨਹੀਂ ਸਨ ਪਹਿਚਾਣ ਸਕੇ ਸ਼ਾਇਦ ਇਸੇ ਕਰਕੇ  ਹੀ ਬਣੀ ਬਣਾਈ ਖੇਡ ਵਿਗਾਰ ਹੋ ਗਈ ਸੀ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਸੱਤਾ ਨਸੀਬ ਨਹੀਂ ਸੀ ਹੋਈ।

ਪੰਜਾਬ ਦੇ ਲੀਡਰਾਂ ਨੂੰ ਕੀਤਾ ਸੀ ਅੱਖੋਂ ਪਰੋਖੇ: ਆਮ ਆਦਮੀ ਪਾਰਟੀ ਦੀਆਂ ਜੜਾ ਪੰਜਾਬ ਵਿੱਚ ਲਗਾਉਣ ਵਾਲੇ ਲੀਡਰਾਂ ਤੋਂ ਲੈ ਕੇ ਸਖ਼ਤ ਮਿਹਨਤ ਕਰਕੇ ਪਾਰਟੀ ਨੂੰ ਖੜੀ ਕਰਨ ਵਾਲਿਆਂ ਨੂੰ ਕੇਜਰੀਵਾਲ ਦੀ ਟੀਮ ਨੇ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾ ਤੋਂ ਐਨ ਪਹਿਲਾਂ ਅੱਖੋਂ ਪਰੋਖੇ ਕਰਨਾ ਸ਼ੁਰੂ ਕਰ ਦਿੱਤਾ ਸੀ। ਇੱਥੇ ਹੀ ਬੱਸ ਨਹੀਂ ਕਈਆਂ 'ਤੇ ਤਾਂ ਮਹਿਜ਼ ਥੋੜ੍ਹੇ ਜਿਹੇ ਪੈਸਿਆਂ ਦੇ ਭ੍ਰਿਸ਼ਟਾਚਾਰ ਦੇ ਹੀ ਇਲਜ਼ਾਮ ਲਗਾ ਕੇ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ ਸੀ ਜਿਸ ਨੂੰ ਪੰਜਾਬੀ ਬਰਦਾਸ਼ਤ ਨਹੀਂ ਕਰ ਸਕੇ ਸਨ।

ਦਿੱਲੀ ਵਾਲਿਆਂ ਨੇ ਵਗਾੜੀ ਸੀ ਖੇਡ: ਕੇਜਰੀਵਾਲ ਦੀ ਦਿੱਲੀ ਵਾਲੀ ਟੀਮ ਨੇ ਹੀ ਸਾਰੀ ਖੇਡ ਵਿਗਾੜੀ ਦੱਸੀ ਗਈ ਸੀ। ਉਸ ਵੇਲੇ ਸੁਣਨ ਵਿੱਚ ਮਿਲਦਾ ਰਿਹਾ ਹੈ ਕਿ ਕੇਜਰੀਵਾਲ ਦੀ ਦਿੱਲੀ ਵਾਲੀ ਟੀਮ ਪੰਜਾਬੀਆਂ ਦੀ ਭੋਰਾ ਵੀ ਪ੍ਰਵਾਹ ਨਹੀਂ ਸੀ ਕਰਦੀ ਤੇ ਆਪਣੀ ਮਨਮਰਜ਼ੀ ਹੀ ਚਲਾਉਂਦੀ ਸੀ ਜਿਸ ਦਾ ਨਤੀਜਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਬਣਾਈ ਸਾਰੀ ਖੇਡ ਵਿਗੜ ਗਈ ਸੀ।

ਕੇਜਰੀਵਾਲ ਵੱਲੋਂ ਮਜੀਠੀਆ ਤੇ ਹੋਰਨਾਂ ਖ਼ਿਲਾਫ਼ ਬਿਆਨਬਾਜ਼ੀ: ਚੋਣਾ ਦੌਰਾਨ ਕੇਜਰੀਵਾਲ ਨੇ ਸ੍ਰੋਅਦ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਹੋਰਨਾ ਖ਼ਿਲਾਫ਼ ਬਿਆਨਬਾਜ਼ੀ ਕੀਤੀ ਸੀ ਪਰ ਅਦਾਲਤ ਵਿੱਚ ਜਾ ਕੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਗਈ ਜਿਸ ਕਰਕੇ ਵੀ ਵੱਡਾ ਪੰਜਾਬੀ ਤਬਕਾ ਕੇਜਰੀਵਾਲ ਤੋਂ ਦੂਰ ਹੋ ਗਿਆ ਹੈ।

ਸੰਗਠਨ ਦੀ ਵਾਗਡੋਰ ਢਿੱਲੀ: ਜੇਕਰ ਵੇਖਿਆ ਜਾਵੇ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵਾਗਡੋਰ ਕਿਸੇ ਇੱਕ ਦੇ ਹੱਥ ਚੰਗੀ ਤਰ੍ਹਾਂ ਨਾ ਹੋਣ ਕਰਕੇ ਕੋਈ ਵੀ ਲੀਡਰ ਕਿਸੇ ਵੀ ਹੋਰ ਲੀਡਰ ਦੀ ਕੋਈ ਜ਼ਿਆਦਾ ਪ੍ਰਵਾਹ ਨਹੀਂ ਸੀ ਕਰਦਾ। ਜਿਸ ਕਰਕੇ ਅੱਜ ਇਹ ਪਾਰਟੀ ਕਈ ਗੁੱਟਾਂ ਵਿੱਚ ਵੰਡੀ ਗਈ ਹੈ ਜਿਸ ਕਰਕੇ ਵਰਕਰ ਵੀ ਭੰਬਲਭੂਸੇ ਵਿੱਚ ਹੀ ਹਨ।

ਡੈਮੇਜ ਕੰਟਰੋਲ ਕਰਨ ਦੇ ਯਤਨ: ਹੁਣ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸ਼ਾਇਦ ਪੰਜਾਬ ਵਿੱਚ ਹੋਈ ਪਾਰਟੀ ਦੇ ਡੈਮੇਜ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਿਸ ਤਹਿਤ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਲੱਗਣ ਵਾਲੀ 20 ਡਾਲਰ ਦੀ ਫ਼ੀਸ ਭਰਨ ਦਾ ਐਲਾਨ ਕੇਜ਼ਰੀਵਾਲ ਕੀਤਾ ਗਿਆ ਹੈ। ਭਾਵੇਂ ਕਿ ਇਹ ਐਲਾਨ ਉਸ ਨੇ ਦਿੱਲੀ ਦੀਆਂ ਸੰਗਤਾਂ ਵਾਸਤੇ ਹੀ ਕੀਤਾ ਹੈ ਪਰ ਇਸ ਦਾ ਇਸ਼ਾਰਾ ਪੰਜਾਬ ਵੱਲ ਵੀ ਹੈ ਤੇ ਦਰਸਾਉਣ ਦਾ ਯਤਨ ਕੀਤਾ ਗਿਆ ਹੈ ਕਿ ਜੇਕਰ ਅਗਲੀਆਂ ਚੋਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੇ ਤਾਂ ਅਜਿਹੀਆਂ ਸਹੂਲਤਾਂ ਪੰਜਾਬ ਵਿਚਲੇ ਲੋਕਾਂ ਨੂੰ ਵੀ ਮਿਲ ਸਕਦੀਆਂ ਹਨ। ਦੂਸਰਾ ਇਹ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾ ਜਲਦੀ ਹੀ ਆਉਣ ਵਾਲੀਆਂ ਹਨ ਜਿਸ ਕਰਕੇ ਉੱਥੋਂ ਦੀਆਂ ਵੋਟਾਂ ਲੈਣ ਲਈ ਵੀ ਕੇਜਰੀਵਾਲ ਨੇ ਅਜਿਹਾ ਕੀਤਾ ਹੈ। ਬਾਕੀ ਇਹ ਤਾਂ ਹੁਣ ਸਮਾ ਹੀ ਦੱਸੇਗਾ ਕਿ ਦਿੱਲੀ ਦੀ ਜਨਤਾ ਅਤੇ ਪੰਜਾਬ ਦੇ ਲੋਕ ਹੁਣ ਮੁੜ ਕੇਜਰੀਵਾਲ ਨੂੰ ਮੂੰਹ ਲਾਉਂਦੇ ਹਨ ਜਾਂ ਨਹੀਂ।