ਪਰਾਲੀ ਨੂੰ ਅੱਗ: ਵਾਅਦੇ ਕਦੋਂ ਹੋਣਗੇ ਵਫ਼ਾ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 21 2019 11:41
Reading time: 2 mins, 3 secs

ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਭਾਵੇਂ ਹੀ ਇੱਕ ਪਾਸੇ ਵਾਤਾਵਰਨ ਪ੍ਰਦੂਸ਼ਿਤ ਹੋਣ ਦੀਆਂ ਗੱਲਾਂ ਹੋ ਰਹੀਆਂ ਹਨ। ਪਰ ਦੂਜੇ ਪਾਸੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀਆਂ ਕੋਈ ਵੀ ਸਮੱਸਿਆਵਾਂ ਨਹੀਂ ਸੁਣ ਰਿਹਾ। ਕਿਸਾਨਾਂ ਨੂੰ ਵਾਤਾਵਰਨ ਦਾ ਫ਼ਿਕਰ ਹੈ, ਪਰ ਫਿਰ ਵੀ ਸਰਕਾਰ ਦੇ ਵੱਲੋਂ ਇਕੱਲੇ ਕਿਸਾਨ ਨੂੰ ਹੀ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਜਿਸ ਦੇ ਕਾਰਨ ਕਿਸਾਨ ਵੱਡੀ ਗਿਣਤੀ 'ਚ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਹਨ।

ਸਰਕਾਰ ਦੇ ਵੱਲੋਂ ਇੱਕ ਪਾਸੇ ਤਾਂ ਕਿਸਾਨਾਂ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਸਬਸਿਡੀ 'ਤੇ ਸੰਦ ਮੁਹੱਈਆ ਕਰਵਾਏ ਜਾਣਗੇ, ਪਰ ਦੂਜੇ ਪਾਸੇ ਕਿਸਾਨਾਂ ਨੂੰ ਘਟੀਆ ਕਿਸਮ ਦੇ ਸੰਦ ਮਿਲ ਰਹੇ ਹਨ, ਜਿਸ ਦੇ ਕਾਰਨ ਕਿਸਾਨਾਂ ਦਾ ਖ਼ਰਚਾ ਵੱਧ ਰਿਹਾ ਹੈ ਅਤੇ ਨੁਕਸਾਨ ਵੀ ਜ਼ਿਆਦਾ ਹੋ ਰਿਹਾ ਹੈ। ਕੁਲ ਮਿਲਾ ਕੇ ਕਹਿ ਸਕਦੇ ਹਾਂ ਕਿ ਸਰਕਾਰ ਦੇ ਵੱਲੋਂ ਜੋ ਵੀ ਵਾਅਦਾ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ, ਉਹ ਵਾਅਦਾ ਬਿਲਕੁਲ ਝੂਠਾ ਅਤੇ ਫੋਕਾ ਹੀ ਸਾਬਤ ਹੋ ਰਿਹਾ ਹੈ, ਜਿਸ ਕਾਰਨ ਕਿਸਾਨਾਂ ਵਿੱਚ ਰੋਸ ਹੈ।

ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਰਹੀ ਹੈ, ਪਰ ਇਹ ਨਹੀਂ ਦੱਸ ਰਹੀ ਕਿ ਪਰਾਲੀ ਨੂੰ ਨਸ਼ਟ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਨਸ਼ਟ ਕਰਨ ਵਾਸਤੇ ਕਿਸਾਨਾਂ ਨੂੰ ਦੱਸਿਆ ਜਾਵੇ। ਕਿਸਾਨ ਆਗੂ ਨੇ ਦੋਸ਼ ਲਗਾਉਂਦਿਆਂ ਹੋਇਆ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਸੰਦ ਸਬਸਿਡੀ 'ਤੇ ਦੇ ਰਹੀ ਹੈ, ਉਹ ਸਭ ਬੇਕਾਰ ਹਨ, ਘੱਟ ਤੋਂ ਘੱਟ ਕਿਸਾਨ ਨੂੰ 5 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਖਰਚਾ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਖਰਚਾ ਨਹੀਂ ਦੇ ਸਕਦੀ ਤਾਂ ਕਿਸਾਨ ਪਰਾਲੀ ਸਾੜੇਗਾ, ਜੋ ਕਿ ਇਸ ਦਾ ਕੋਈ ਹੋਰ ਹੱਲ ਨਹੀਂ ਹੈ। ਦੋਸਤੋ, ਵੇਖਿਆ ਜਾਵੇ ਤਾਂ ਪੰਜਾਬ ਦੇ ਅਨੇਕਾਂ ਜ਼ਿਲ੍ਹਿਆਂ ਵਿੱਚ ਫ਼ੈਕਟਰੀਆਂ, ਭੱਠੇ ਜਾਂ ਕਾਰ, ਮੋਟਰਾਂ ਗੱਡੀਆਂ ਚੱਲਦੀਆਂ ਹਨ, ਉਹ ਵੀ ਪ੍ਰਦੂਸ਼ਣ ਫੈਲਾ ਰਹੇ ਹਨ, ਪਰ ਉਨ੍ਹਾਂ ਦੇ ਵਿਰੁੱਧ ਕਾਰਵਾਈ ਨਹੀਂ ਹੋ ਰਹੀ, ਕਿਉਂਕਿ ਉਨ੍ਹਾਂ ਦੇ ਕੋਲ ਪ੍ਰਦੂਸ਼ਣ ਫੈਲਾਉਣ ਦਾ ਸਰਟੀਫਿਕੇਟ ਹੈ। ਵੇਖਿਆ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਜੋ ਪਰਾਲੀ ਨੂੰ ਸਾੜਿਆਂ ਜਾਂਦਾ ਹੈ, ਉਸ ਤੋਂ ਕਿਤੇ ਵੱਧ ਖ਼ਤਰਨਾਕ ਹੈ ਫ਼ੈਕਟਰੀਆਂ ਦਾ ਧੂੰਆਂ।

ਕਿਸਾਨ ਆਗੂ ਨੇ ਪੰਜਾਬ ਦੀ ਕੈਪਟਨ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤਾ ਜਾਵੇ ਤਾਂ ਜੋ ਕਿਸਾਨ ਉਕਤ ਮਿਲੇ ਬੋਨਸ ਦੇ ਨਾਲ ਆਪਣੀ ਫ਼ਸਲ ਨੂੰ ਚੰਗੀ ਤਰ੍ਹਾਂ ਵਾਹ ਸਕਣ ਅਤੇ ਪਰਾਲੀ ਲਗਾਉਣ ਤੋਂ ਰੋਕ ਸਕਣ। ਦੇਖਣਾ ਹੁਣ ਇਹ ਹੋਵੇਗਾ ਕਿ ਕੀ ਪੰਜਾਬ ਦੀ ਕੈਪਟਨ ਸਰਕਾਰ ਕਿਸਾਨਾਂ ਦੀ ਮੰਗ ਨੂੰ ਮੰਨਦੀ ਹੈ ਜਾਂ ਨਹੀਂ? ਕੀ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਪ੍ਰਦੂਸ਼ਣ ਮੁਕਤ ਹੋਵੇ? ਜੇਕਰ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਪ੍ਰਦੂਸ਼ਣ ਮੁਕਤ ਹੋਵੇ ਤਾਂ, ਕਿਸਾਨਾਂ ਨੂੰ ਝੋਨੇ ਦੇ ਨਾਲ ਮੁਆਵਜ਼ਾ ਦੇਵੇ।