ਕਨੇਡਾ ਨੂੰ ਪਛਾੜ,  ਕਿੰਨਾ ਅੱਗੇ ਲੰਘ ਗਿਆ ਹੈ ਸਾਡਾ ਇੰਡੀਆ!! (ਵਿਅੰਗ)

Last Updated: Oct 21 2019 11:24
Reading time: 1 min, 41 secs

ਅੱਜ ਸੂਬਾ ਪੰਜਾਬ ਦੇ ਚਾਰ ਚੋਣ ਹਲਕਿਆਂ, ਫ਼ਗਵਾੜਾ, ਦਾਖ਼ਾ, ਜਲਾਲਾਬਾਦ ਤੇ ਮੁਕੇਰੀਆਂ ਵਿੱਚ ਵੋਟਾਂ ਪੈ ਰਹੀਆਂ ਹਨ ਤੇ ਵੋਟਾਂ ਕਨੇਡਾ ਵਿੱਚ ਵੀ ਅੱਜ ਹੀ ਪੈਣੀਆਂ ਹਨ। ਖ਼ਬਰਾਂ ਹਨ ਕਿ, ਜਿਮਨੀ ਚੋਣਾਂ ਲਈ ਬਣਾਏ ਗਏ 920 ਪੋਲਿੰਗ ਬੂਥਾਂ 'ਚੋਂ 410 ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ, ਯਾਨੀ ਕਿ, 410 ਬੂਥਾਂ ਤੇ ਵੱਡੇ ਪੱਧਰ ਤੇ ਗੜਬੜੀਆਂ, ਡਾਂਗਾ ਚੱਲਣ, ਬੂਥ ਕੈਪਚਰਿੰਗ ਹੋਣ ਤੱਕ ਵੀ ਹੋ ਸਕਦਾ ਹੈ। ਜਿਮਨੀ ਚੋਣਾਂ ਨੂੰ ਸ਼ਾਤੀ ਪੂਰਵਕ ਨੇ ਪਰੇ ਚਾੜਨ ਲਈ ਆਰਮਡ ਫ਼ੋਰਸ ਦੀਆਂ 17 ਕੰਪਨੀਆਂ ਅਤੇ ਕੇਂਦਰੀ ਸੁਰੱਖ਼ਿਆ ਬਲਾਂ ਦੀਆਂ 7 ਕੰਪਨੀਆਂ ਵੀ ਸ਼ਾਇਦ ਘੱਟ ਪੈ ਜਾਣਗੀਆਂ। ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ, ਇਸ ਮੌਕੇ ਤੇ ਸਿਆਸਤਾਨਾਂ ਦੇ ਟੁੱਕੜਬੋਚ ਅਤੇ ਝੋਲੀ ਚੁੱਕ ਅਫ਼ਸਰ ਵੱਖਰੇ ਤੌਰ ਤੇ ਮੌਜੂਦ ਨਹੀਂ ਹੋਣਗੇ।

ਦੋਸਤੋਂ, ਗੱਲ ਕਰੀਏ ਜੇਕਰ ਕਨੇਡਾ ਵਿੱਚ ਪੈਣ ਵਾਲੀਆਂ ਵੋਟਾਂ ਦੀ ਤਾਂ, ਇੱਕ ਵਾਰ ਤਾਂ ਸ਼ਾਇਦ ਤੁਹਾਨੂੰ ਵੀ ਯਕੀਨ ਨਹੀਂ ਹੋਣਾਂ ਕਿ, ਕਨੇਡਾ ਦੀ 43ਵੀ ਸੰਸਦ ਦੇ ਗਠਨ ਲਈ ਅੱਜ 338 ਹਲਕਿਆਂ 'ਚ ਵੋਟਾਂ ਪੈਣਗੀਆਂ। ਚੋਣ ਨਤੀਜੇ ਵੀ ਅੱਜ ਹੀ ਸ਼ਾਮ ਨੂੰ ਐਲਾਨ ਦਿੱਤੇ ਜਾਣਗੇ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ, ਪੂਰੇ ਕਨੇਡਾ ਵਿੱਚ ਵੋਟਾਂ ਪੈ ਰਹੀਆਂ ਹਨ, ਪਰ ਚੋਣਾ ਦੇ ਦੌਰਾਨ ਕਿਧਰੇ ਵੀ ਸੁਰੱਖ਼ਿਆ ਲਈ ਪੁਲਿਸ ਜਾਂ ਹੋਰ ਸੁਰੱਖ਼ਿਆ ਬਲਾਂ ਦੀ ਕੋਈ ਲੋੜ ਨਹੀਂ ਮਹਿਸੂਸ ਕੀਤੀ ਗਈ। ਦੋਸਤੋਂ, ਸੁਣ ਕੇ ਹੈਰਾਨ ਨਾ ਹੋਇਓ ਕਿ, ਕਨੇਡਾ ਵਿੱਚ ਸਾਡੇ ਵਾਂਗ ਵੋਟਾਂ ਲਈ ਈ.ਵੀ.ਐੱਮ. ਮਸ਼ੀਨਾਂ ਨਹੀਂ ਬਲਕਿ ਬੈਲਟ ਪੇਪਰ ਵਰਤੇ ਜਾ ਰਹੇ ਹਨ, ਬਾਵਜੂਦ ਇਸਦੇ ਨਤੀਜੇ ਅੱਜ ਸ਼ਾਮ ਨੂੰ ਹੀ ਐਲਾਨ ਦਿੱਤੇ ਜਾਣਗੇ। ਦੋਸਤੋਂ, ਸਾਡੇ ਸੁਬਾ ਪੰਜਾਬ ਵਿੱਚ ਕੇਵਲ ਚਾਰ ਹਲਕਿਆਂ ਵਿੱਚ ਵੋਟਾਂ ਪੈਣੀਆਂ ਹਨ ਜਦਕਿ ਕਨੇਡਾ ਵਿੱਚ 338 ਚੋਣ ਹਲਕੇ ਹਨ, ਫ਼ਿਰ ਵੀ ਉਥੇ ਸੁਰੱਖ਼ਿਆ ਦੇ ਇੰਤਜ਼ਾਮਾਂ ਦੀ ਕੋਈ ਲੋੜ ਮਹਿਸੂਸ ਨਹੀਂ ਕੀਤੀ ਗਈ। ਦੋਸਤੋਂ, ਕੱਲ ਦੀਆਂ ਅਖ਼ਬਾਰਾਂ ਚੁੱਕ ਕੇ ਵੇਖ ਲਿਓ ਕਿ, ਚੋਣਾਂ ਦੇ ਦੌਰਾਨ ਕਨੇਡਾ ਵਿੱਚ ਹਾਲਾਤ ਕਿਹੋ ਜਿਹੇ ਰਿਹੇ, ਤੇ ਸਾਡੇ ਇੱਥੇ ਕਿੰਨੀਆਂ ਥਾਵਾਂ ਤੇ ਗੋਲੀਆਂ ਚੱਲੀਆਂ, ਕਿੰਨੇ ਬੂਥ ਲੁੱਟੇ ਗਏ ਅਤੇ ਕਿੰਨੇ ਲੋਕਾਂ ਦੇ ਸਿਰ ਤੇ ਕੱਪੜੇ ਪਾਟੇ। ਦੋਸਤੋਂ, ਹਾਲਾਤ ਆਪ ਸਭ ਦੇ ਸਾਹਮਣੇ ਹਨ, ਲੋਕ ਭਾਵੇਂ ਕਨੇਡਾ ਦੀ ਜਿੰਨੀ ਮਰਜੀ ਸਿਫ਼ਤ ਕਰੀ ਜਾਣ ਪਰ, ਮੈਂ ਤਾਂ ਇਹੀ ਕਹਾਂਗਾ ਕਿ, ''ਵੇਖ਼ੋ, ਕਨੇਡਾ ਨੂੰ ਪਛਾੜ ਕੇ ਕਿੰਨਾ ਅੱਗੇ ਨਿੱਕਲ ਗਿਆ ਹੈ, ਸਾਡਾ ਇੰਡੀਆ।" ਸੁਣਿਐਂ, ਪਾਕਿਸਤਾਨ ਦਾ ਵੀਜ਼ਾ ਬੜੀ ਛੇਤੀ ਮਿਲ ਜਾਂਦਾ ਹੈ ਅੱਜ ਕੱਲ।