ਭਾਰਤ ਹਿੰਦੂ ਰਾਸ਼ਟਰ ਨਹੀਂ, ਜੇ ਹੈ ਤਾਂ ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ.!! (ਨਿਊਜ਼ਨੰਬਰ ਖ਼ਾਸ ਖ਼ਬਰ)

Last Updated: Oct 21 2019 11:22
Reading time: 2 mins, 48 secs

ਭਾਰਤ ਧਰਮ ਨਿਰਪੱਖ ਦੇਸ਼ ਹੈ ਅਤੇ ਭਾਰਤ ਦੇ ਵਿੱਚ ਸਭਨਾਂ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪਰ ਪਿਛਲੇ ਕੁਝ ਕੁ ਸਮੇਂ ਤੋਂ ਜਿਸ ਪ੍ਰਕਾਰ ਹਿੰਦੂਤਵ ਜਥੇਬੰਦੀਆਂ ਦੇ ਵੱਲੋਂ ਹਿੰਦੂ ਰਾਸ਼ਟਰ ਬਣਾਉਣ ਦਾ ਬੀੜਾ ਚੁੱਕਿਆ ਜਾ ਰਿਹਾ ਹੈ, ਉਸ ਦਾ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਹਨ। ਦੱਸ ਦੇਈਏ ਕਿ ਆਰਐੱਸਐੱਸ ਵੱਲੋਂ ਜਦੋਂ ਆਪਣੀ ਜਥੇਬੰਦੀ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ, ਉਦੋਂ ਇੱਕੋ ਹੀ ਏਜੰਡਾ ਆਰਐੱਸਐੱਸ ਦੇ ਵੱਲੋਂ ਰੱਖਿਆ ਗਿਆ ਸੀ ਕਿ ਭਾਰਤ ਨੂੰ ਹਿੰਦੂ ਰਾਸ਼ਟਰ ਹੀ ਬਣਾਉਣਾ ਹੈ।

ਭਾਵੇਂ ਹੀ ਅੱਜ ਵੀ ਆਰਐੱਸਐੱਸ ਆਪਣੇ ਮੁੱਖ ਏਜੰਡੇ 'ਤੇ ਅੜੀ ਹੋਈ ਹੈ, ਪਰ ਇਸ ਦਾ ਹੋਰਨਾਂ ਧਰਮਾਂ ਦੇ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ। ਕਿਉਂਕਿ ਆਰਐੱਸਐੱਸ ਸਿਰਫ਼ ਹਿੰਦੂ ਰਾਸ਼ਟਰ ਚਾਹੁੰਦੀ ਹੈ। ਜੇਕਰ ਹਿੰਦੂ ਰਾਸ਼ਟਰ ਭਾਰਤ ਦੇਸ਼ ਬਣ ਜਾਂਦਾ ਹੈ ਤਾਂ ਸਾਡੇ ਦੇਸ਼ ਦੇ ਵਿੱਚ ਲੜਾਈ ਝਗੜੇ, ਖ਼ੂਨੀ ਖੇਡ ਸ਼ੁਰੂ ਹੋ ਜਾਵੇਗੀ। ਜਿਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ। ਭਾਵੇਂ ਹੀ ਹਿੰਦੂਤਵ ਜਥੇਬੰਦੀਆਂ ਦੇ ਵੱਲੋਂ ਕਦੀ ਕਦੀ ਗਾਂ ਨੂੰ ਮਾਂ ਕਹਿ ਕੇ ਸਿਆਸਤ ਭਖਾਈ ਜਾਂਦੀ ਹੈ, ਪਰ ਇਸ ਦਾ ਨਤੀਜਾ ਆਉਣ ਵਾਲੇ ਸਮੇਂ ਵਿੱਚ ਮਾੜਾ ਨਿਕਲੇਗਾ।

ਦੋਸਤੋ, ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਆਰਐੱਸਐੱਸ ਮੁਖੀ ਵੱਲੋਂ ਭਾਰਤ ਦੇਸ਼ 'ਤੇ ਆਪਣਾ ਬਿਆਨ ਦਾਗਦਿਆਂ ਕਿਹਾ ਕਿ ਭਾਰਤ ਦੇਸ਼ ਹਿੰਦੂ ਰਾਸ਼ਟਰ ਦੇਸ਼ ਹੈ। ਆਰਐੱਸਐੱਸ ਮੁਖੀ ਨੇ ਇਹ ਵੀ ਕਿਹਾ ਕਿ ਭਾਰਤ ਦੇ ਵਿੱਚ ਰਹਿੰਦਾ ਹਰ ਇੱਕ ਬੰਦਾ ਹਿੰਦੂ ਹੈ, ਜਿਸ ਦੇ ਕਾਰਨ ਹੁਣ ਹਿੰਦੂ ਰਾਸ਼ਟਰ ਦੇਸ਼ 'ਤੇ ਪੱਕੀ ਮੋਹਰ ਲੱਗ ਚੁੱਕੀ ਹੈ। ਭਾਵੇਂ ਹੀ ਆਰਐੱਸਐੱਸ ਮੁਖੀ ਵੱਲੋਂ ਹਰ ਇੱਕ ਬੰਦੇ ਨੂੰ ਹਿੰਦੂ ਦੱਸਣਾ, ਘੱਟ ਗਿਣਤੀਆਂ ਲਈ ਖ਼ਤਰੇ ਦੀ ਘੰਟੀ ਹੈ, ਪਰ ਇਸ ਵੱਲ ਕੇਂਦਰ ਦੀ ਮੋਦੀ ਸਰਕਾਰ ਧਿਆਨ ਨਹੀਂ ਦੇ ਰਹੀ।
ਕਿਉਂਕਿ ਮੋਦੀ ਖ਼ੁਦ ਆਰਐੱਸਐੱਸ ਦੇ ਬੰਦੇ ਹਨ ਅਤੇ ਉਹ ਚਾਹੁੰਦੇ ਹਨ ਕਿ ਦੇਸ਼ ਹਿੰਦੂ ਰਾਸ਼ਟਰ ਬਣੇ। ਵੈਸੇ ਵੇਖਿਆ ਜਾਵੇ ਤਾਂ ਦੇਸ਼ ਜੇਕਰ ਹਿੰਦੂ ਰਾਸ਼ਟਰ ਬਣ ਜਾਂਦਾ ਹੈ ਤਾਂ ਸਿੱਧਾ ਸਿੱਧਾ ਘੱਟ ਗਿਣਤੀਆਂ 'ਤੇ ਸਭ ਤੋਂ ਵੱਧ ਹਮਲੇ ਹੋਣਗੇ, ਜਿਨ੍ਹਾਂ ਨੂੰ ਰੋਕਣ ਵਾਲਾ ਕੋਈ ਵੀ ਨਹੀਂ ਹੋਵੇਗਾ, ਕਿਉਂਕਿ ਜਿਸ ਸਰਕਾਰ ਨੇ ਰੋਕਣਾ ਹੈ, ਉਹ ਹਿੰਦੂ ਰਾਸ਼ਟਰ ਦੀ ਸਪੋਰਟ ਕਰਦੀ ਹੈ, ਜਿਸ ਨਾਲ ਦੇਸ਼ ਨੂੰ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ। ਦੋਸਤੋ, ਜੇਕਰ ਆਪਣਾ ਬੁੱਧੀਜੀਵੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਹਿੰਦੂ ਰਾਸ਼ਟਰ ਦੇਸ਼ ਨਹੀਂ ਹੈ।

ਭਾਰਤ ਦੇ ਅੰਦਰ ਹਰ ਵਿਅਕਤੀ ਹਿੰਦੂ ਨਹੀਂ ਹੈ, ਕਿਉਂਕਿ ਹਰ ਵਿਅਕਤੀ ਦਾ ਇੱਕ ਆਪਣਾ ਧਰਮ ਹੈ ਅਤੇ ਉਹ ਆਪਣੇ ਧਰਮ ਦੇ ਵਿੱਚ ਪੱਕਾ ਹੈ। ਕਿਸੇ ਵੀ ਵਿਅਕਤੀ 'ਤੇ ਹਿੰਦੂ ਦਾ ਠੱਪਾ ਲਗਾਉਣਾ ਠੀਕ ਨਹੀਂ ਹੈ। ਬੁੱਧੀਜੀਵੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਇੱਕ ਸ਼ਾਖਾ ਵਜੋਂ ਕੰਮ ਕਰ ਰਹੀ ਮੋਦੀ ਸਰਕਾਰ ਦੇਸ਼ ਵਿੱਚ ਨਫ਼ਰਤ ਅਤੇ ਅਹਿੰਸਾ ਫੈਲਾ ਕੇ ਆਰਐੱਸਐੱਸ ਦੇ ਏਜੰਡੇ ਨੂੰ ਲਾਗੂ ਕਰ ਰਹੀ ਹੈ, ਜੋ ਵੱਖ-ਵੱਖ ਭਾਸ਼ਾਵਾਂ, ਧਰਮਾਂ ਤੇ ਕੌਮਾਂ 'ਤੇ ਅਤਿ ਖ਼ਤਰਨਾਕ ਹਮਲਾ ਹੈ।

ਬੁੱਧੀਜੀਵੀ ਵਰਗ ਵੱਲੋਂ ਆਰਐੱਸਐੱਸ ਦੇ ਮੁਖੀ ਦੇ ਇਸ ਦੇਸ਼ ਵਿਰੋਧੀ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ ਅਤੇ ਮੰਗ ਕੀਤੀ ਜਾਂਦੀ ਹੈ ਕਿ ਆਰਐੱਸਐੱਸ ਨੂੰ ਦੇਸ਼ ਵਿਰੋਧੀ ਸੰਗਠਨ ਐਲਾਨ ਕੇ ਪਾਬੰਦੀ ਲਗਾਈ ਜਾਵੇ ਅਤੇ ਆਰਐੱਸਐੱਸ ਦੇ ਮੁਖੀ 'ਤੇ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ। ਦੂਜੇ ਪਾਸੇ ਏਆਈਐੱਮਆਈਐੱਮ ਦੇ ਲੀਡਰ ਅਸਦ-ਉਦ-ਦੀਨ ਓਵੈਸੀ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ ਦੇਸ਼ ਨੂੰ ਹਿੰਦੂ ਰਾਸ਼ਟਰ ਦੱਸ ਕੇ ਮੇਰੇ ਇਤਿਹਾਸ ਨੂੰ ਮਿਟਾ ਨਹੀਂ ਸਕਦੇ।

ਏਆਈਐੱਮਆਈਐੱਮ ਦੇ ਲੀਡਰ ਅਸਦ-ਉਦ-ਦੀਨ ਓਵੈਸੀ ਨੇ ਆਪਣੇ ਟਵੀਟਰ ਅਕਾਊਂਟ ਉੱਪਰ ਲਿਖਿਆ ਕਿ ''ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਭਾਗਵਤ ਸਾਨੂੰ ਵਿਦੇਸ਼ੀ ਮੁਸਲਮਾਨਾਂ ਨਾਲ ਜੋੜਨ ਦੀ ਕਿੰਨੀ ਕੋਸ਼ਿਸ਼ ਕਰਦੇ ਹਨ। ਇਸ ਨਾਲ ਮੇਰੀ ਭਾਰਤੀਅਤਾ ਵਿੱਚ ਕੋਈ ਕਮੀ ਨਹੀਂ ਆਵੇਗੀ। ''ਹਿੰਦੂ ਰਾਸ਼ਟਰ-ਹਿੰਦੂ ਸਰਵਉੱਚਤਾ, ਇਹ ਲੋਕਾਂ ਨੂੰ ਸਵਿਕਾਰਯੋਗ ਨਹੀਂ ਹੈ।'' ਦੋਸਤੋ, ਦੇਖਣਾ ਹੁਣ ਇਹ ਹੋਵੇਗਾ ਕਿ ਕੀ ਕੋਈ ਅਦਾਲਤ ਜਾਂ ਫਿਰ ਸਰਕਾਰ ਆਰਐੱਸਐੱਸ ਪ੍ਰਮੁੱਖ ਮੋਹਨ ਭਾਗਵਤ ਦੇ ਵਿਰੁੱਧ ਕਾਰਵਾਈ ਕਰਦੀ ਹੈ, ਜਾਂ ਨਹੀਂ?