ਬੀਤੀ ਰਾਤ ਜੈਤੋ ਵਿਖੇ ਚਲਾਈਆਂ ਗਈਆਂ ਗੋਲੀਆਂ ਕਾਰਨ ਸ਼ਹਿਰ ਬੰਦ

Last Updated: Oct 18 2019 14:04
Reading time: 0 mins, 57 secs

ਬੀਤੀ ਰਾਤ ਜੈਤੋ ਸ਼ਹਿਰ ਵਿਖੇ ਚੌਂਕ ਨੰਬਰ ਇੱਕ ਵਿੱਚ ਸ਼ੀਲੇ ਦੀ ਹੱਟੀ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਾਰਨ ਪੂਰੇ ਸ਼ਹਿਰ ਵਿੱਚ ਦਹਿਸ਼ਤ ਅਤੇ ਗੁੱਸੇ ਦਾ ਮਾਹੌਲ ਹੈ। ਇਸ ਘਟਨਾ ਤੋਂ ਨਰਾਜ਼ ਸ਼ਹਿਰ ਵਾਸੀਆਂ ਨੇ ਸ਼ਹਿਰ ਦੇ ਬਜ਼ਾਰ ਨੂੰ ਮੁਕੰਮਲ ਬੰਦ ਕਰਕੇ ਚੌਂਕ ਨੰਬਰ ਇੱਕ ਵਿੱਚ ਧਰਨਾ ਦਿੱਤਾ। ਇਸ ਧਰਨੇ ਵਿੱਚ ਵਿਧਾਨ ਸਭਾ ਹਲਕਾ ਜੈਤੋ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਵੀ ਸ਼ਾਮਿਲ ਹੋਏ। ਇਸ ਸਮੇਂ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਅਤੇ ਜਦੋਂ ਤੱਕ ਵਾਰਦਾਤ ਕਰਨ ਵਾਲਿਆਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਸ਼ਹਿਰ ਨੂੰ ਬੰਦ ਰੱਖਣ ਦਾ ਐਲਾਨ ਕੀਤਾ।

ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰ ਵਿੱਚ ਕਨੂੰਨ ਵਿਵਸਥਾ ਨਾਂਅ ਦੀ ਕੋਈ ਚੀਜ਼ ਨਹੀਂ ਹੈ ਜੇਕਰ ਸ਼ਹਿਰ ਦੇ ਅੰਦਰ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਸ਼ਹਿਰ ਵਿੱਚ ਸੁਰੱਖਿਆ ਦੇ ਹਾਲਾਤ ਦਾ ਪਤਾ ਲੱਗ ਰਿਹਾ ਹੈ। ਲੋਕਾਂ ਨੂੰ ਸ਼ਾਂਤ ਕਰਵਾਉਣ ਪਹੁੰਚੇ ਪੁਲਿਸ ਪ੍ਰਸ਼ਾਸਨ ਵੱਲੋਂ ਐਸਪੀ ਐਚ ਭੁਪਿੰਦਰ ਸਿੰਘ ਅਤੇ ਡੀਐਸਪੀ ਮਹਿਤਾਬ ਸਿੰਘ ਨੇ ਧਰਨਾਕਾਰੀਆਂ ਨੂੰ ਇਹ ਭਰੋਸਾ ਦਵਾਇਆ ਕਿ ਉਕਤ ਵਾਰਦਾਤ ਕਰਨ ਵਾਲਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਦੇ ਭਰੋਸੇ ਤੇ ਲੋਕਾਂ ਨੇ ਧਰਨਾ ਸਮਾਪਤ ਕਰ ਦਿੱਤਾ।