ਕਰਤਾਰਪੁਰ ਲਾਂਘੇ ਵਿੱਚ ਅਹਿਮ ਰੋਲ ਅਦਾ ਕਰਨ ਵਾਲਾ 'ਸਿੱਧੂ' ਕਰੈਡਿਟ ਵਾਰ 'ਚ ਹੋਇਆ ਗੁੰਮ!

Last Updated: Oct 18 2019 12:25
Reading time: 2 mins, 53 secs

ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਲਈ ਦੋਵਾਂ ਮੁਲਕਾਂ ਵੱਲੋਂ ਕੋਰੀਡੋਰ ਤਿਆਰ ਕਰਕੇ ਲਾਂਘਾ ਖੋਲ੍ਹਿਆ ਜਾ ਰਿਹਾ ਹੈ ਤੇ ਆਸ ਜਤਾਈ ਜਾ ਰਹੀ ਹੈ ਅਗਲੇ ਮਹੀਨੇ ਇਹ ਲਾਂਘਾ ਹਰ ਹਾਲਤ ਵਿੱਚ ਖੋਲ੍ਹ ਦਿੱਤਾ ਜਾਵੇਗਾ। ਜਿਸ ਲਈ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿੱਚ ਇਸ ਲਾਂਘੇ ਨੂੰ ਖੋਲ੍ਹਣ ਲਈ ਕਰੈਡਿਟ ਵਾਰ ਲੱਗੀ ਦਿਖਾਈ ਦੇ ਰਹੀ ਹੈ ਪਰ ਇਸ ਲਾਂਘੇ ਲਈ ਅਹਿਮ ਰੋਲ ਅਦਾ ਕਰਨ ਵਾਲਾ ਸਾਬਕਾ ਵਜ਼ੀਰ ਸਿੱਧੂ ਕਿਧਰੇ ਵੀ ਦਿਖਾਈ ਨਹੀਂ ਦੇ ਰਿਹਾ ਹੈ।

ਸਿੱਧੂ ਨੇ ਕੀਤਾ ਸੀ ਯਤਨ: ਜਦੋਂ ਪਾਕਿਸਤਾਨ ਵਿੱਚ ਸੱਤਾ ਪਰਿਵਰਤਨ ਹੋਇਆ ਸੀ ਤੇ ਇਮਰਾਨ ਖਾਨ ਨੇ ਬਤੌਰ ਵਜੀਰ-ਏ-ਆਜ਼ਮ ਪਾਕਿਸਤਾਨ ਵਿਖੇ ਸਹੁੰ ਚੁੱਕਣੀ ਸੀ ਤਾਂ ਆਯੋਜਿਤ ਸਮਾਗਮ ਵਿੱਚ ਇਮਰਾਨ ਖਾਨ ਨੇ ਆਪਣੇ ਖਿਡਾਰੀ ਮਿੱਤਰ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਭੇਜਿਆ ਸੀ ਜਿਸ ਤੇ ਸਿੱਧੂ ਨੇ ਉਸ ਵੇਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਵੀ ਪਾਕਿਸਤਾਨ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਇਸ ਫੇਰੀ ਦੌਰਾਨ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਲਈ ਵੀ ਯਤਨ ਕੀਤਾ ਗਿਆ ਸੀ।

ਸਿੱਧੂ ਤੇ ਬਾਜਵਾ ਦੀ ਜੱਫੀ ਨੇ ਪਾਇਆ ਸੀ ਪੁਆੜਾ: ਜਦੋਂ ਸਿੱਧੂ ਪਾਕਿਸਤਾਨ ਗਏ ਸਨ ਤਾਂ ਉੱਥੇ ਪਾਕਿਸਤਾਨੀ ਸੈਨਾ ਦੇ ਮੁੱਖੀ ਕਵਰ ਜਾਵੇਦ ਬਾਜਵਾ ਨਾਲ ਮਿਲਣ ਮੌਕੇ ਦੋਵਾਂ ਨੇ ਇੱਕ ਦੂਸਰੇ ਨੂੰ ਜੱਫੀ ਪਾ ਲਈ ਸੀ ਜਿਸ ਕਰਕੇ ਸਿੱਧੂ ਨੂੰ ਭਾਰਤ ਵਿੱਚ ਕਈ ਤਰ੍ਹਾਂ ਦੀ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਸਿੱਧੂ ਨੂੰ ਕੇਵਲ ਵਿਰੋਧੀਆਂ ਦਾ ਹੀ ਨਹੀਂ ਸਗੋਂ ਆਪਣਿਆਂ ਦਾ ਵਿਰੋਧ ਵੀ ਝੱਲਣਾ ਪਿਆ ਸੀ। ਪਰ ਸਿੱਧੂ ਨੇ ਸਪਸ਼ਟ ਕੀਤਾ ਸੀ ਕਿ ਉਸ ਨੇ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੌਰ ਖੋਲ੍ਹਣ ਲਈ ਬੇਨਤੀ ਕੀਤੀ ਸੀ ਜਿਸ ਨੂੰ ਪਾਕਿਸਤਾਨ ਸਰਕਾਰ ਨੇ ਸਵੀਕਾਰ ਕਰ ਲਿਆ ਸੀ ਤੇ ਇਸੇ ਖ਼ੁਸ਼ੀ ਵਿੱਚ ਹੀ ਜੱਫੀ ਪਾਈ ਗਈ ਸੀ।

ਮੁੱਖ ਮੰਤਰੀ ਨਾਲ ਪਿਆ ਸੀ ਪੰਗਾ: ਪਾਕਿਸਤਾਨ ਤੋਂ ਸਿੱਧੂ ਮੁੱਖ ਮੰਤਰੀ ਲਈ ਕਾਲਾ ਤਿੱਤਰ ਵੀ ਲਿਆਏ ਸਨ ਪਰ ਮੁੱਖ ਮੰਤਰੀ ਨੇ ਸਿੱਧੂ ਦੀ ਇਹ ਭੇਟ ਸਵੀਕਾਰ ਨਹੀਂ ਸੀ ਕੀਤੀ। ਜਿਸ ਤੋਂ ਬਾਅਦ ਸਿੱਧੂ ਅਤੇ ਕੈਪਟਨ ਵਿੱਚ ਦੂਰੀਆਂ ਵੱਧਦੀਆਂ ਹੀ ਗਈਆਂ ਸਨ ਤੇ ਨੌਬਤ ਇੱਥੋਂ ਤੱਕ ਆ ਗਈ ਸੀ ਕਿ ਸਿੱਧੂ ਨੂੰ ਪੰਜਾਬ ਦੀ ਕੈਬਨਿਟ ਦੀ ਵਜ਼ੀਰੀ ਤੋਂ ਅਸਤੀਫਾ ਤੱਕ ਦੇਣਾ ਪੈ ਗਿਆ ਸੀ।

ਅਸਤੀਫਾ ਦੇਣ ਤੋਂ ਬਾਅਦ ਬਿਲਕੁਲ ਸ਼ਾਂਤ ਹਨ ਸਿੱਧੂ: ਕੈਬਨਿਟ ਮੰਤਰੀ ਵਜੋਂ ਆਪਣੇ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਸਿੱਧੂ ਅੱਜ ਤੱਕ ਬਿਲਕੁਲ ਹੀ ਸ਼ਾਂਤ ਦਿਖਾਈ ਦੇ ਰਹੇ ਹਨ। ਨਾ ਤਾਂ ਸਿੱਧੂ ਕੋਈ ਬਿਆਨਬਾਜੀ ਕਰਦੇ ਹਨ ਤੇ ਨਾ ਹੀ ਕੋਈ ਜ਼ਿਆਦਾ ਰਾਜਨੀਤਕ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ।

ਅਕਾਲੀ-ਕਾਂਗਰਸ ਵਿੱਚ ਲੱਗੀ ਹੈ ਕਰੈਡਿਟ ਵਾਰ: ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਭਾਵੇਂ ਕਿ ਪਹਿਲਾਂ ਵੀ ਕਈਆਂ ਵੱਲੋਂ ਯਤਨ ਕੀਤੇ ਜਾਂਦੇ ਰਹੇ ਹਨ ਪਰ ਇਸ ਵਾਰ ਸਿੱਧੂ ਵੱਲੋਂ ਕੀਤੇ ਗਏ ਯਤਨਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਪਰ ਕੈਪਟਨ ਨਾਲ ਪੰਗਾ ਪੈਣ ਤੋਂ ਬਾਅਦ ਸਿੱਧੂ ਲਗਭਗ ਹਰ ਕੰਮ ਤੋਂ ਹੀ ਕਿਨਾਰਾ ਕਰੀ ਬੈਠੇ ਹਨ। ਜਿਸ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਦੇ ਕਾਂਗਰਸੀ ਧੜੇ ਵੱਲੋਂ ਲਾਂਘੇ ਦਾ ਕਰੈਡਿਟ ਲੈਣ ਲਈ ਦੌੜ ਲੱਗੀ ਦਿਖਾਈ ਦੇ ਰਹੀ ਹੈ।

ਭਾਵੇਂ ਕਿ ਸਿੱਧੂ ਪਹਿਲਾਂ ਵੀ ਇਹ ਕਹਿੰਦੇ ਰਹੇ ਹਨ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ ਹੈ ਇਹ ਕੰਮ ਤਾਂ ਗੁਰੂ ਸਾਹਿਬ ਨੇ ਆਪ ਹੀ ਕਰਵਾਇਆ ਹੈ ਤੇ ਕਦੇ ਵੀ ਕਰੈਡਿਟ ਲੈਣ ਦੀ ਗੱਲ ਨਹੀਂ ਸੀ ਸਵੀਕਾਰੀ ਪਰ ਫੇਰ ਵੀ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸੀਆਂ ਖਾਸ ਕਰਕੇ ਕੈਪਟਨ ਧੜੇ ਵੱਲੋਂ ਇਸ ਲਾਂਘੇ ਦਾ ਸਾਰਾ ਸਿਹਰਾ ਆਪਣੇ ਸਿਰ ਬੰਨਣ ਦਾ ਯਤਨ ਕੀਤਾ ਜਾ ਰਿਹਾ ਹੈ ਉਸ ਦੌੜ ਵਿੱਚ ਸਿੱਧੂ ਪਤਾ ਨਹੀਂ ਕਿੱਧਰੇ ਗੁੰਮ ਹੋ ਗਏ ਦਿਖਾਈ ਦੇ ਰਹੇ ਹਨ। ਹੁਣ ਸੁਣਨ ਵਿੱਚ ਮਿਲ ਰਿਹਾ ਹੈ ਕਿ ਲਾਂਘਾ ਖੁੱਲਣ ਮੌਕੇ ਪਹਿਲੇ ਜੱਥੇ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਕੈਪਟਨ ਦੀ ਅਗਵਾਈ ਵਿੱਚ ਪਾਕਿਸਤਾਨ ਜਾਣਗੇ ਪਰ ਅਜਿਹੇ ਵਿੱਚ ਕੀ ਸਿੱਧੂ ਪਾਕਿਸਤਾਨ ਜਾਂਦੇ ਹਨ ਜਾਂ ਨਹੀਂ ਇਸ ਬਾਰੇ ਵੀ ਅਜੇ ਭੰਬਲਭੂਸਾ ਹੀ ਬਣਿਆ ਹੋਇਆ ਹੈ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।