ਮਹਿੰਗਾ ਪੈ ਗਿਆ, ਪੁਲਿਸ ਨਾਕਾ ਤੋੜ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨਾ!

Last Updated: Oct 18 2019 12:17
Reading time: 0 mins, 57 secs

ਸ਼ਰਾਬ ਤਸਕਰਾਂ ਦੀ ਇੱਕ ਗੱਡੀ ਨੂੰ ਪੁਲਿਸ ਨਾਕਾ ਤੋੜ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਨਾ ਉਸ ਵੇਲੇ ਬੜਾ ਮਹਿੰਗਾ ਪੈ ਗਿਆ ਜਦੋਂ, ਉਨ੍ਹਾਂ ਦੀ ਗੱਡੀ ਪੁਲਿਸ ਵੱਲੋਂ ਸੜਕ ਤੇ ਲਗਾਏ ਬੈਰੀਕੇਡ ਨਾਲ ਟਕਰਾ ਕੇ ਖ਼ਤਾਨਾਂ ਵਿੱਚ ਪਲਟ ਗਈ। ਇਸ ਤੋਂ ਪਹਿਲਾਂ ਕਿ ਗੱਡੀ ਦਾ ਚਾਲਕ ਭੱਜ ਜਾਣ ਵਿੱਚ ਕਾਮਯਾਬ ਹੁੰਦਾ ਪੁਲਿਸ ਨੇ ਉਸ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਚਾਲਕ ਦੀ ਪਹਿਚਾਣ ਸਮਰਾਲਾ ਚੌਂਕ ਲੁਧਿਆਣਾ ਵਿਖੇ ਸਥਿਤ ਨਰਿੰਦਰ ਨਗਰ ਨਿਵਾਸੀ ਅਸ਼ੀਸ਼ ਕੁਮਾਰ ਦੇ ਤੌਰ ਤੇ ਹੋਈ ਹੈ। ਪੁਲਿਸ ਅਨੁਸਾਰ ਗੱਡੀ 'ਚੋਂ 600 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ।

ਜੇਕਰ ਥਾਣਾ ਸਦਰ ਰਾਜਪੁਰਾ ਪੁਲਿਸ ਦੀ ਮੰਨੀਏ ਤਾਂ ਪੁਲਿਸ ਪਾਰਟੀ ਨੇ ਇੱਕ ਵਿਸ਼ੇਸ਼ ਮੁਖ਼ਬਿਰ ਦੇ ਅਧਾਰ ਤੇ ਤੜਕਸਾਰ ਸਵੇਰੇ ਲਗਭਗ 4 ਕੁ ਵਜੇ ਪਿੰਡ ਮਿਰਾਜ਼ਪੁਰ ਟੀ-ਪੁਆਇੰਟ ਕੋਲ ਨਾਕਾਬੰਦੀ ਕੀਤੀ ਹੋਈ ਸੀ। ਨਾਕਾਬੰਦੀ ਦੇ ਦੌਰਾਨ ਹੀ ਪੁਲਿਸ ਪਾਰਟੀ ਨੇ ਇੱਕ ਤੇਜ਼ ਰਫ਼ਤਾਰ ਗੱਡੀ ਨੂੰ ਸ਼ੱਕ ਦੇ ਅਧਾਰ ਤੇ ਰੁਕਣ ਦਾ ਇਸ਼ਾਰਾ ਕੀਤਾ। ਚਾਲਕ ਨੇ ਗੱਡੀ ਰੋਕਣ ਦੀ ਥਾਂ ਤੇ ਪੁਲਿਸ ਨਾਕੇ ਨੂੰ ਤੋੜ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਦੇ ਪਲਟ ਜਾਣ ਕਾਰਨ ਨਜਾਇਜ਼ ਸ਼ਰਾਬ ਸਣੇ ਪੁਲਿਸ ਦੇ ਹੱਥ ਚੜ ਗਿਆ। ਪੁਲਿਸ ਅਨੁਸਾਰ, ਗੱਡੀ 'ਚੋਂ ਜਿੰਨੀਆਂ ਵੀ ਬੋਤਲਾਂ ਸ਼ਰਾਬ ਬਰਾਮਦ ਹੋਈ ਹੈ, ਉਹ ਸਾਰੀ ਚੰਡੀਗੜ੍ਹ ਵਿੱਚ ਵਿਕਣ ਯੋਗ ਸੀ।