ਸੁਖਬੀਰ ਵੇਖ ਰਿਹੈ 2022 ਦੇ ਸੁਪਨੇ, ਕਿਹਾ- ਪਹਿਲਾਂ ਤਾਂ ਡਿਪਟੀ ਸੀ ਹੁਣ ਫੁੱਲ ਪਾਵਰ ਹੋਣੀ !!!

Last Updated: Oct 13 2019 13:11
Reading time: 2 mins, 59 secs

ਇਹ ਪਹਿਲੀ ਵਾਰ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਈ ਅਜਿਹਾ ਬਿਆਨ ਦਿੱਤਾ ਹੋਵੇ, ਚੋਣਾਂ ਦੌਰਾਨ ਉਨ੍ਹਾਂ ਦੇ ਅਜਿਹੇ ਬਿਆਨ ਆਮ ਹੀ ਚਰਚਾ ਦਾ ਵਿਸ਼ਾ ਬਣਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਜਿਸ ਦੀ ਕਿ 2017 ਦੀਆਂ ਚੋਣਾਂ ਵਿੱਚ ਅਜਿਹਾ ਦੁਰਦਸ਼ਾ ਹੋਈ ਸੀ ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸੀ ਹੋਈ ਪਰ ਫੇਰ ਵੀ ਇਸ ਦੇ ਪ੍ਰਧਾਨ ਜੂਨੀਅਰ ਬਾਦਲ ਅਜੇ ਵੀ ਪੂਰੇ ਆਤਮ ਵਿਸ਼ਵਾਸ ਵਿੱਚ ਹਨ ਕਿ ਅਗਲੀਆਂ ਚੋਣਾਂ ਵਿੱਚ ਅਕਾਲੀ ਦਲ ਇੱਕ ਵਾਰ ਫੇਰ ਪੂਰਨ ਬਹੁਮਤ ਨਾਲ ਪੰਜਾਬ ਦੀ ਸੱਤਾ ਹਾਸਲ ਕਰੇਗਾ।

ਸੁਖਬੀਰ ਨਹੀਂ ਕਰਦੈ ਪ੍ਰਵਾਹ: ਵਿਧਾਨ ਸਭਾ ਚੋਣਾਂ ਹਾਰਣ ਤੋਂ ਬਾਅਦ ਵੀ ਸੁਖਬੀਰ ਬਾਦਲ ਵੱਲੋਂ ਆਪਣੇ ਸਿਆਸੀ ਦੁਸ਼ਮਣਾਂ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ ਗਈ ਹੈ ਤੇ ਹਮੇਸ਼ਾ ਹੀ ਸੱਤਾਧਾਰੀ ਕਾਂਗਰਸ ਹੋਵੇ ਜਾਂ ਕੋਈ ਹੋਰ ਹਰੇਕ ਨੂੰ ਲੰਬੇ ਹੱਥੀਂ ਲਿਆ ਜਾਂਦਾ ਰਿਹਾ ਹੈ।

ਪਬਲਿਸਿਟੀ ਦਾ ਹਨ ਸਾਧਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਐਮਬੀਏ ਕੀਤੀ ਹੋਈ ਹੈ ਤੇ ਉਹ ਰਾਜਨੀਤੀ ਨੂੰ ਵੀ ਇੱਕ ਬਿਜ਼ਨੈਸ ਦੀ ਤਰ੍ਹਾਂ ਹੀ ਲੈਂਦੇ ਹਨ। ਇਸ ਲਈ ਉਨ੍ਹਾਂ ਨੇ ਇਸ ਗੱਲ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ ਕਿ ਰਾਜਨੀਤੀ ਚਮਕਾਉਣ ਲਈ ਕਿੰਨੇ ਸਾਧਨਾਂ ਦੀ ਜ਼ਰੂਰਤ ਹੈ। ਸੁਖਬੀਰ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿਆਸਤ ਨੂੰ ਚਮਕਾਉਣ ਲਈ ਪਬਲਿਸਿਟੀ ਦੇ ਸਾਧਨਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ ਸ਼ਾਇਦ ਇਸੇ ਕਰਕੇ ਹੀ ਉਨ੍ਹਾਂ ਨੇ ਆਪਣੀ ਸਰਕਾਰ ਵੇਲੇ ਟੀਵੀ ਚੈਨਲਾਂ ਤੋਂ ਇਲਾਵਾ ਕੇਬਲ ਟੀਵੀ ਸਾਧਨਾਂ ਨੂੰ ਵੀ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ।

ਮੁੱਖ ਵਿਰੋਧੀ ਧਿਰ ਨਹੀਂ ਪਰ ਪ੍ਰਸਿੱਧੀ ਜ਼ਿਆਦਾ: ਜੇਕਰ ਗੱਲ ਕਰੀਏ ਤਾਂ ਪੰਜਾਬ ਵਿੱਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਮੁੱਖ ਵਿਰੋਧੀ ਧਿਰ ਵਜੋਂ ਵੀ ਆਪਣੀ ਸ਼ਾਖ਼ ਨਹੀਂ ਬਣਾ ਸਕਿਆ ਸੀ। ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਧਿਰ ਦਾ ਅਹੁਦਾ ਆਮ ਆਦਮੀ ਪਾਰਟੀ ਕੋਲ ਹੈ ਪਰ ਪੰਜਾਬ ਦੇ ਮੁੱਦਿਆਂ ਤੇ ਜਿਸ ਤਰ੍ਹਾਂ ਸਿਆਸਤ ਸ਼੍ਰੋਮਣੀ ਅਕਾਲੀ ਦਲ ਕਰਦਾ ਹੈ ਅਤੇ ਆਪਣੀ ਮੈਨੇਜਮੈਂਟ ਦੇ ਜਰੀਏ ਜਿਸ ਤਰ੍ਹਾਂ ਪ੍ਰਸਿੱਧੀ ਹਾਸਲ ਕਰਨ ਵਿੱਚ ਕਾਮਯਾਬ ਹੁੰਦਾ ਹੈ ਉਸ ਤੋਂ ਕਈ ਵਾਰ ਲੋਕਾਂ ਨੂੰ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੀ ਹੋਰ ਵਿਕਲਪ ਹੈ ਪੰਜਾਬ ਵਿੱਚ ਰਾਜਨੀਤੀ ਦਾ।

ਸੁਖਬੀਰ ਦਾ ਹਮਲਾਵਰ ਸੁਭਾਅ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਹਮਲਾਵਰ ਸੁਭਾਅ ਕਰਕੇ ਵੀ ਜਾਣੇ ਜਾਂਦੇ ਹਨ। 2007 ਅਤੇ 2012 ਦੀਆਂ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਵਿਰੋਧੀਆਂ ਤੇ ਹਮਲਾਵਰ ਰੁੱਖ ਹੀ ਅਖ਼ਤਿਆਰ ਕਰੀ ਰੱਖਿਆ ਸੀ ਜਿਸ ਕਰਕੇ ਪਹਿਲੀ ਵਾਰ ਹੋਇਆ ਸੀ ਕਿ ਪੰਜਾਬ ਵਿੱਚ ਲਗਾਤਾਰ ਦੋ ਵਾਰ ਕਿਸੇ ਇੱਕ ਪਾਰਟੀ ਦੀ ਸਰਕਾਰ ਬਣੀ ਸੀ।

ਡਿਪਟੀ ਮੁੱਖ ਵੀ ਰਹੇ: ਭਾਵੇਂ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਨ ਅਤੇ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸਨ ਪਰ ਜ਼ਿਆਦਾਤਰ ਸ਼ਕਤੀਆਂ ਸੁਖਬੀਰ ਦੇ ਹੱਥਾਂ ਵਿੱਚ ਹੀ ਸਨ ਪਰ ਫੇਰ ਸੰਵਿਧਾਨਿਕ ਤੌਰ ਤੇ ਮੁੱਖ ਮੰਤਰੀ ਦੀ ਕੁਰਸੀ ਹੱਥੋਂ ਦੂਰ ਹੋਣ ਕਰਕੇ ਕਿਤੇ ਨਾ ਕਿਤੇ ਸੁਖਬੀਰ ਚਾਹੁੰਦੇ ਸਨ ਕਿ ਫੁੱਲ ਫਲੈੱਜ ਸ਼ਕਤੀਆਂ ਸਰਕਾਰ ਦੀਆਂ ਉਨ੍ਹਾਂ ਕੋਲ ਹੋਣ।

2022 ਲਈ ਮੁੱਖ ਮੰਤਰੀ ਹੋਣ ਦਾ ਕੀਤਾ ਦਾਅਵਾ: ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਜੋ ਸੁਖਬੀਰ ਦੇ ਮਨ ਵਿੱਚ ਸੀ ਹੁਣ ਜ਼ੁਬਾਨ ਤੇ ਆ ਗਿਆ ਹੈ। ਅੱਜ ਸੁਖਬੀਰ ਨੇ ਹਰਿਆਣਾ ਵਿੱਚ ਚੋਣ ਪ੍ਰਚਾਰ ਦੌਰਾਨ ਕਹਿ ਦਿੱਤਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਹਨ। ਸੁਖਬੀਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪਹਿਲਾਂ ਤਾਂ ਉਹ ਡਿਪਟੀ ਸਨ ਹੁਣ ਫੁੱਲ ਪਾਵਰ ਹੋਵੇਗੀ ਤੇ ਫੱਟੇ ਚੱਕ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਵੱਲੋਂ ਦਿੱਤੇ ਗਏ ਅਜਿਹੇ ਬਿਆਨਾਂ ਦੀ ਜਿੱਥੇ ਵਿਰੋਧੀਆਂ ਵੱਲੋਂ ਨਿੰਦਾ ਕੀਤੀ ਜਾ ਰਹੀ ਹੈ ਉੱਥੇ ਪਾਰਟੀ ਦੇ ਵਰਕਰਾਂ ਵਿੱਚ ਅਜਿਹੇ ਬਿਆਨ ਹੋਰ ਜ਼ਿਆਦਾ ਜੋਸ਼ ਭਰਨ ਦਾ ਕੰਮ ਵੀ ਕਰਦੇ ਹਨ। ਬਾਕੀ ਇਹ ਤਾਂ ਸਮਾਂ ਹੀ ਦੱਸੇਗਾ ਕਿ ਸੁਖਬੀਰ ਬਾਦਲ ਦਾ 2022 ਵਿੱਚ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਹੁੰਦਾ ਹੈ ਜਾਂ ਨਹੀਂ। ਹਾਂ ਇੱਕ ਗੱਲ ਜ਼ਰੂਰ ਹੈ ਕਿ ਉਹ ਪਾਰਟੀ ਦੇ ਕਾਰਕੁਨਾਂ ਵਿੱਚ ਜੋਸ਼ ਭਰਨ ਦਾ ਕੋਈ ਮੌਕਾ ਹੱਥੋਂ ਨਹੀਂ ਖੁੱਸਣ ਦਿੰਦੇ।

ਨੋਟ:- ਉਕਤ ਵਿਚਾਰ ਲੇਖਕ ਦੇ ਆਪਣੇ ਨਿਜੀ ਵਿਚਾਰ ਹਨ, NewsNumber ਇਨ੍ਹਾਂ ਵਿਚਾਰਾਂ ਲਈ ਜ਼ਿੰਮੇਵਾਰ ਨਹੀਂ ਹੈ।