ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਲਈ ਕੰਪਿਊਟਰ ਦੇ ਸ਼ਾਰਟ ਟਰਮ ਕੋਰਸ 20 ਅਕਤੂਬਰ ਤੋਂ ਸ਼ੁਰੂ- ਲੈਫ: ਕਰਨਲ ਬੋਪਾਰਾਏ

Last Updated: Oct 09 2019 18:44
Reading time: 1 min, 22 secs

ਜ਼ਿਲ੍ਹਾ ਫਤਹਿਗੜ ਸਾਹਿਬ ਅਤੇ ਆਸਪਾਸ ਦੇ ਜ਼ਿਲ੍ਹਿਆਂ ਨਾਲ ਸਬੰਧਿਤ ਸਾਬਕਾ ਸੈਨਿਕਾਂ ਦੇ ਬੱਚਿਆਂ ਤੇ ਆਸ਼ਰਿਤਾਂ ਤੋਂ ਇਲਾਵਾ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਵਿਦਿਆਰਥੀਆਂ ਨੂੰ ਕੰਪਿਊਟਰ ਸਬੰਧੀ ਉੱਚ ਸਿੱਖਿਆ ਦੇਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਜ਼ਿਲ੍ਹਾ ਫਤਹਿਗੜ ਸਾਹਿਬ ਸਥਿਤ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਕੰਪਿਊਟਰ ਦੇ ਸ਼ਾਰਟ ਟਰਮ ਕੋਰਸ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ। ਕੰਪਿਊਟਰ ਕੋਰਸ ਦੀਆਂ ਕਲਾਸਾਂ ਆਉਂਦੇ 20 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਕੰਪਿਊਟਰ ਕੋਰਸਾਂ ਲਈ ਸਿੱਖਿਆਰਥੀ ਨਾ ਮਾਤਰ ਫੀਸ ਦੇ ਕੇ ਟਰੇਨਿੰਗ ਹਾਸਲ ਕਰ ਸਕਦੇ ਹਨ।

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ (ਰਿਟਾ.) ਕਰਨਲ ਜਸਬੀਰ ਸਿੰਘ ਬੋਪਾਰਾਏ ਨੇ ਜਾਣਕਾਰੀ ਦਿੰਦੇ ਕਿਹਾ ਕਿ ਅੱਜ ਦਾ ਯੁੱਗ ਕੰਪਿਊਟਰ ਦਾ ਯੁੱਗ ਹੋਣ ਕਾਰਨ ਰੋਜ਼ਗਾਰ ਲਈ ਕੰਪਿਊਟਰ ਸਿੱਖਿਆ ਬਹੁਤ ਜ਼ਰੂਰੀ ਹੋ ਗਈ ਹੈ। ਜਿਸਨੂੰ ਦੇਖਦੇ ਹੋਏ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਫ਼ਤਹਿਗੜ ਸਾਹਿਬ ਅਤੇ ਨੇੜਲੇ ਜ਼ਿਲ੍ਹਿਆਂ ਦੇ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਅਤੇ ਹੋਰ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਸਿੱਖਿਆਰਥੀਆਂ ਨੂੰ ਕੰਪਿਊਟਰ ਸਬੰਧੀ ਉਚੇਰੀ ਸਿੱਖਿਆ ਦੇਣ ਲਈ ਸੈਨਿਕ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਕੰਪਿਊਟਰ ਬੇਸਿਕ, ਪ੍ਰੋਗਰਾਮਿੰਗ ਇੰਨ ਸੀ, ਸੀ++, ਪ੍ਰੋਗਰਾਮਿੰਗ ਇੰਨ ਜਾਵਾ ਅਤੇ ਐਚ.ਟੀ.ਐਮ.ਐਲ ਦੇ ਕੋਰਸਾਂ ਦੀਆਂ ਕਲਾਸਾਂ 20 ਅਕਤੂਬਰ ਤੋਂ ਸ਼ੁਰੂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਲਈ ਸਿੱਖਿਆਰਥੀਆਂ ਤੋਂ ਨਾ ਮਾਤਰ ਪ੍ਰਬੰਧਕੀ ਖਰਚੇ ਹੀ ਲਏ ਜਾਣਗੇ ਅਤੇ ਇਨ੍ਹਾਂ ਕੋਰਸਾਂ ਵਿੱਚ ਹਰੇਕ ਵਰਗ ਦੇ ਬੱਚੇ ਦਾਖਲਾ ਲੈ ਸਕਦੇ ਹਨ।

ਲੈਫ: ਕਰਨਲ ਜਸਬੀਰ ਸਿੰਘ ਬੋਪਾਰਾਏ ਨੇ ਕੰਪਿਊਟਰ ਦੀ ਉਚੇਰੀ ਸਿੱਖਿਆ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਬੱਚਤ ਭਵਨ ਦੇ ਨੇੜੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਫ਼ਤਹਿਗੜ ਸਾਹਿਬ ਵਿਖੇ ਜਲਦੀ ਤੋਂ ਜਲਦੀ ਸਮਾਂ ਰਹਿੰਦੇ ਆਪਣੀ ਰਜਿਸਟਰੇਸ਼ਨ ਕਰਵਾਉਣ। ਇਸ ਤੋਂ ਇਲਾਵਾ ਇਨ੍ਹਾਂ ਕੰਪਿਊਟਰ ਕੋਰਸਾਂ ਸਬੰਧੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਦਫ਼ਤਰ ਦੇ ਫੋਨ ਨੰ. 01763-232287 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।