ਨੌਜਵਾਨ ਪੰਜਾਬੀ ਕਵੀ ਡਾ. ਜਗਵਿੰਦਰ ਜੋਧਾ ਨੂੰ ਪ੍ਰੋਫੈਸਰ ਮੋਹਨ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ

Last Updated: Oct 09 2019 18:46
Reading time: 1 min, 45 secs

ਉੱਘੇ ਨੌਜਵਾਨ ਪੰਜਾਬੀ ਕਵੀ ਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਪਾਦਕ ਪੰਜਾਬੀ ਡਾ. ਜਗਵਿੰਦਰ ਜੋਧਾ ਨੂੰ ਪ੍ਰੋ. ਮੋਹਨ ਸਿੰਘ ਦੇ ਜਨਮ ਦਿਹਾੜੇ ਤੇ 20 ਅਕਤੂਬਰ ਨੂੰ ਬਾਦ ਦੁਪਹਿਰ ਇੱਕ ਵਜੇ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਵੱਲੋਂ ਕਵਿਤਾ, ਖੋਜ ਤੇ ਅਧਿਆਪਨ ਦੇ ਖੇਤਰ ਚ ਮਿਸਾਲ ਸੇਵਾਵਾਂ ਬਦਲੇ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਪ੍ਰਧਾਨ ਸ. ਪਰਗਟ ਸਿੰਘ ਗਰੇਵਾਲ ਨੇ ਅੱਜ ਇੱਥੇ ਦੱਸਿਆ ਕਿ 45 ਸਾਲ ਤੋਂ ਘੱਟ ਉਮਰ ਦੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਪੁਰਸਕਾਰ ਨਵਾਂ ਸ਼ੁਰੂ ਕੀਤਾ ਗਿਆ ਹੈ। ਫਾਊਂਡੇਸ਼ਨ ਦੇ ਸਰਪ੍ਰਸਤ ਪ੍ਰੋ: ਗੁਰਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਅੱਜ ਲੁਧਿਆਣਾ ਚ ਪੁਰਸਕਾਰ ਚੋਣ ਕਮੇਟੀ ਦੀ ਮੀਟਿੰਗ ਹੋਈ ਜਿਸ 'ਚ ਸ. ਪਰਗਟ ਸਿੰਘ ਗਰੇਵਾਲ, ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸ. ਗੁਰਨਾਮ ਸਿੰਘ ਧਾਲੀਵਾਲ ਤੇ ਪ੍ਰਿੰਸੀਪਲ ਡਾ. ਗੁਰਇਕਬਾਲ ਸਿੰਘ ਸ਼ਾਮਿਲ ਹੋਏ। ਸ. ਪਰਗਟ ਸਿੰਘ ਗਰੇਵਾਲ ਨੇ ਦੱਸਿਆ ਕਿ ਡਾ. ਜਗਵਿੰਦਰ ਜੋਧਾ ਪਿਛਲੇ 15 ਸਾਲ ਤੋਂ ਪੰਜਾਬ ਦੇ ਵੱਖ ਵੱਖ ਕਾਲਜਾਂ , ਯੂਨੀਵਰਸਿਟੀਆਂ 'ਚ ਅਧਿਆਪਨ ਤੇ ਖੋਜ ਕਾਰਜ ਕਰ ਰਿਹਾ ਹੈ ਅਤੇ ਮੌਜੂਦਾ ਸਮੇਂ ਸੰਪਾਦਕ (ਪੰਜਾਬੀ ) ਵਜੋਂ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿੱਚ ਸੇਵਾ ਨਿਭਾ ਰਹੇ ਹਨ।

 ਉਨ੍ਹਾਂ ਦੇ ਮੌਲਿਕ ਗ਼ਜ਼ਲ ਸੰਗ੍ਰਹਿ ਮੀਲ ਪੱਥਰ ਤੇ ਮੁਸਾਫ਼ਰ, ਸਾਰੰਗੀ ਅਤੇ ਬੇਤਰਤੀਬੀਆਂ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹ ਮੇਰੇ ਸੂਰਜਮੁਖੀ ਨਾਮ ਹੇਠ ਅਜਮੇਰ ਗਿੱਲ ਦੀਆਂ ਗ਼ਜ਼ਲਾਂ ਵੀ ਸੰਪਾਦਿਤ ਕਰ ਚੁੱਕੇ ਹਨ। ਅਨੁਵਾਦ ਦੇ ਖੇਤਰ 'ਚ ਕਾਰਨ ਮਾਰਕਸ ਭਾਰਤ ਬਾਰੇ, ਇਸਲਾਮ ਦੀ ਇਤਿਹਾਸਕ ਭੂਮਿਕਾ, ਮੋਟਰਸਾਈਕਲ ਡਾਇਰੀ. ਚੀ ਗਵੇਰਾ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਮਨੋਹਰ ਸਿੰਘ ਗਿੱਲ ਦੀਆਂ ਕਹਾਣੀਆਂ ਦੀ ਪੁਸਤਕ ਲਾਹੌਲ ਸਪਿਤੀ ਦੀਆਂ ਕਹਾਣੀਆਂ ਤੋਂ ਇਲਾਵਾ ਰਾਸ਼ਟਰਵਾਦ ਰਾਬਿੰਦਰ ਨਾਥ ਟੈਗੋਰ ਵੀ ਪ੍ਰਕਾਸ਼ਿਤ ਕਰ ਚੁੱਕੇ ਹਨ। ਆਲੋਚਨਾ ਦੇ ਖੇਤਰ ਚ ਪੁਸਤਕਾਂ ਸੂਫ਼ੀ ਕਾਵਿ ਸਮੀਖਿਆ ਸੰਵਾਦ,ਕੁਲਵਿੰਦਰ ਦੀ ਗ਼ਜ਼ਲ ਚੇਤਨਾ, ਐਗਨਸ ਸਮੈਡਲੀ ਤੇ ਸੁਕਰਾਤ ਬਾਰੇ ਪੁਸਤਕ ਛਪਵਾ ਚੁੱਕੇ ਹਨ। ਦੋ ਲਿਪੀਅੰਤਰ ਪੁਸਤਕਾਂ ਚੋਂ ਜੌਨ ਏਲੀਆ ਤੇ ਸਰਹੱਦ ਕੇ ਉਸ ਪਾਰ ਨਾਮੀ ਪਾਕਿਸਤਾਨ ਦੀ ਉਰਦੂ ਗ਼ਜ਼ਲ ਕਿਤਾਬ ਬਹੁਤ ਹੀ ਹਰਮਨ ਪਿਆਰੀਆਂ ਹਨ। 50 ਤੋਂ ਵਧੇਰੇ ਖੋਜ ਪੱਤਰ, 100 ਦੇ ਆਸ ਪਾਸ ਮਕਬੂਲ ਲੇਖ ਤੇ ਕਈ ਸੈਂਕੜੇ ਰਿਵਿਊ ਲਿਖ ਚੁੱਕੇ ਹਨ। ਡਾ. ਜੋਧਾ ਪੰਜਾਬੀ ਸਾਹਿਤ ਅਕੈਡਮੀ ਦੇ ਸਕੱਤਰ (ਸਰਗਰਮੀਆਂ )ਵਜੋਂ ਵੀ ਇਸ ਵੇਲੇ ਕਾਰਜਸ਼ੀਲ ਹਨ। ਦੋਆਬੇ ਦੇ ਪਿੰਡ ਬੁੰਡਾਲਾ (ਜਲੰਧਰ)ਦੇ ਜੰਮਪਲ ਡਾ. ਜਗਵਿੰਦਰ ਜੋਧਾ ਪੰਜਾਬੀ ਸੂਫ਼ੀ ਕਵਿਤਾ ਕਵਿਤਾ ਦੇ ਉਚੇਰੇ ਪਾਰਖੂ ਮੰਨੇ ਜਾਂਦੇ ਹਨ।